ਮੁੱਖ ਮੰਤਰੀ ਤੇ ਡੀਜੀਪੀ ਦਫ਼ਤਰੀ ਸਟਾਫ਼ ਦਾ ਕਰੋਨਾ ਟੈਸਟ, 5 ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ

ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਡਿਊਟੀ ਵਿੱਚ ਤਾਇਨਾਤ ਦੋ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ

ਡੀਸੀ ਦਫ਼ਤਰ ਮੁਹਾਲੀ ਦੇ ਉਡੀਕ ਘਰ ਵਿੱਚ ਸਥਾਪਿਤ ਕੀਤਾ ਕਰੋਨਾ ਟੈਸਟਿੰਗ ਸੈਂਟਰ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਗਸਤ:
ਇੱਥੋਂ ਦੇ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅੱਜ ਮੁੱਖ ਮੰਤਰੀ ਅਤੇ ਡੀਜੀਪੀ ਦਫ਼ਤਰ ਦੇ ਮੁਲਾਜ਼ਮਾਂ ਦੀ ਮੈਡੀਕਲ ਜਾਂਚ ਅਤੇ ਕਰੋਨਾ ਟੈਸਟ ਕੀਤੇ ਗਏ। ਇਸ ਸਬੰਧੀ ਮੁਹਾਲੀ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਆਮ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਉਡੀਕ ਘਰ ਵਿੱਚ ਆਰਜ਼ੀ ਤੌਰ ’ਤੇ ਵਿਸ਼ੇਸ਼ ਟੈਸਟਿੰਗ ਸੈਂਟਰ ਸਥਾਪਿਤ ਕੀਤਾ ਗਿਆ। ਜਿੱਥੇ ਸਿਹਤ ਵਿਭਾਗ ਦੇ ਮੈਡੀਕਲ ਮੋਬਾਈਲ ਵਿੰਗ ਦੀ ਟੀਮ ਵੱਲੋਂ ਪੰਜਾਬ ਸਰਕਾਰ, ਜ਼ਿਲ੍ਹਾ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਾਂਚ ਅਤੇ ਕਰੋਨਾ ਸਬੰਧੀ ਨਮੂਨੇ ਲਏ ਗਏ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਅਤੇ ਡੀਜੀਪੀ ਦਫ਼ਤਰ ਦੇ 5 ਕਰਮਚਾਰੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਇੰਜ ਹੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਡਿਊਟੀ ਦੇਣ ਵਾਲੇ ਦੋ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਭਲਕੇ ਬੁੱਧਵਾਰ ਨੂੰ ਵੀ ਨਮੂਨੇ ਲਏ ਜਾਣਗੇ।
ਮਿਲੀ ਜਾਣਕਾਰੀ ਅਨੁਸਾਰ ਅੱਜ ਕਮਿਊਨਿਟੀ ਹੈਲਥ ਅਫ਼ਸਰ ਡਾ. ਪ੍ਰਗਟ ਸਿੰਘ, ਡਾ. ਮਨਿੰਦਰ ਸਿੰਘ ਅਤੇ ਡਾ. ਸਲੀਮ ਮਸੀਹ ਦੀ ਅਗਵਾਈ ਵਾਲੀ ਟੀਮ ਵੱਲੋਂ ਡੀਜੀਪੀ ਦਿਨਕਰ ਗੁਪਤਾ ਦੇ ਦਫ਼ਤਰੀ ਸਟਾਫ਼ ਦੀ ਮੈਡੀਕਲ ਜਾਂਚ ਕੀਤੀ ਅਤੇ ਕਰੋਨਾ ਜਾਂਚ ਸਬੰਧੀ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ। ਇਸ ਦੌਰਾਨ ਮੁੱਖ ਮੰਤਰੀ ਦੇ ਦਫ਼ਤਰੀ ਸਟਾਫ਼ ਦੇ ਵੀ ਨਮੂਨੇ ਲੈਣ ਬਾਰੇ ਪਤਾ ਲੱਗਾ ਹੈ। ਡਾ. ਪ੍ਰਗਟ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਚੱਲ ਰਹੇ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ ਵਿੱਚ ਪਬਲਿਕ ਡੀਲਿੰਗ ਸੀਮਤ ਰੱਖਣ ਦੀ ਸਲਾਹ ਦਿੰਦਿਆਂ ਅਧਿਕਾਰੀਆਂ ਅਤੇ ਦਫ਼ਤਰੀ ਸਟਾਫ਼ ਨੂੰ ਆਮ ਲੋਕਾਂ ਨਾਲ ਘੱਟ ਮਿਲਣ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਬਣਾ ਕੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕਰੋਨਾ ਟੈਸਟ ਕੀਤਾ ਜਾਵੇਗਾ।
ਉਧਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਆਸ਼ਿਕਾ ਜੈਨ ਨੇ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਜ਼ਿਲ੍ਹੇ ਵਿੱਚ ਸਖ਼ਤੀ ਵਰਤੀ ਜਾਵੇਗੀ ਅਤੇ ਕਰੋਨਾ ਜਾਂਚ ਸਬੰਧੀ ਟੈਸਟਿੰਗ ਪ੍ਰਕਿਰਿਆ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡੀਸੀ ਦਫ਼ਤਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕਰੋਨਾ ਟੈਸਟ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਅਤੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਖੰਘ, ਬੁਖ਼ਾਰ ਜਾਂ ਸਾਹ ਲੈਣ ਵਿੱਚ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਆਪਣੀ ਜਾਂਚ ਕਰਵਾਉਣ ਜਾਂ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕਰਨ। ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ ਵੀ ਕੁਝ ਦਿਨ ਪਹਿਲਾਂ ਕਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ। ਇਸ ਸਮੇਂ ਖੇਤਰੀ ਟਰਾਂਸਪੋਰਟ ਦਫ਼ਤਰ (ਆਰਟੀਏ) ਦੇ ਸਕੱਤਰ ਸੁਖਵਿੰਦਰ ਕੁਮਾਰ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਹ ਇਕਾਂਤਵਾਸ ਵਿੱਚ ਹਨ ਅਤੇ ਆਰਟੀਏ ਦਫ਼ਤਰ ਨੂੰ ਦੂਜੀ ਵਾਰ ਸੀਲ ਕੀਤਾ ਗਿਆ ਹੈ। ਇਸਤੋਂ ਪਹਿਲਾਂ ਦਫ਼ਤਰ ਦਾ ਕਲਰਕ ਕਰੋਨਾ ਤੋਂ ਪੀੜਤ ਪਾਇਆ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …