
ਪੰਜਾਬ ਸਰਕਾਰ ਵਲੋਂ ਸਾਰੇ ਜ਼ਿਲਿਆਂ ਵਿੱਚ 8 ਜਨਵਰੀ 2021 ਨੂੰ ਕਰੋਨਾ ਟੀਕਾਕਰਣ ਸਬੰਧੀ ਅਭਿਆਸ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 7 ਜਨਵਰੀ:
ਪੰਜਾਬ ਸਰਕਾਰ ਰਾਜ ਦੇ ਸਾਰੇ ਜ਼ਿਲਿਆਂ ਵਿੱਚ ਕੋਰੋਨਾ ਟੀਕਾਕਰਣ ਸਬੰਧੀ ਅਭਿਆਸ ਕਰਵਾਉਣ ਜਾ ਰਹੀ ਹੈ। ਇਹ ਪ੍ਰਗਟਾਵਾ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ।
ਸਿਹਤ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਵਿਡ-19 ਟੀਕਾਕਰਣ ਅਭਿਆਸ 8 ਜਨਵਰੀ 2021 ਨੂੰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪਹਿਲੇ ਪੜਾਅ ਤਹਿਤ ਸਿਹਤ ਸੰਭਾਲ ਕਰਮਚਾਰੀਆਂ ਦਾ ਜ਼ਿਲਾ ਹਸਪਤਾਲ, ਸਬ- ਡਵੀਜਨਲ, ਕਮਿਊਨਿਟੀ ਸਿਹਤ ਕੇਂਦਰ ਅਤੇ ਜ਼ਿਲੇ ਦੇ ਨਿੱਜੀ ਹਸਪਤਾਲਾਂ ਵਿਖੇ ਟੀਕਾਕਰਣ ਕੀਤਾ ਜਾਵੇਗਾ। ਕੁੱਲ 1,57,020 ਸਿਹਤ ਸੰਭਾਲ ਕਰਮਚਾਰੀਆਂ ਦਾ ਡਾਟਾ ਪੋਰਟਲ ‘ਤੇ ਅਪਲੋਡ ਕੀਤਾ ਜਾ ਚੁੱਕਾ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਮਾਈਕਰੋ ਪਲਾਨ ਅਨੁਸਾਰ ਸਬੰਧਤ 100 ਪ੍ਰਤੀਸ਼ਤ ਸੈਸ਼ਨ ਸਾਈਟਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਸਾਰੀਆਂ ਸਾਈਟਾਂ ਵਿੱਚ ਕੋਵਿਡ ਸਬੰਧੀ ਢੁਕਵੇਂ ਵਿਵਹਾਰ ਆਈ.ਈ.ਸੀ. (ਜਾਣਕਾਰੀ, ਸਿੱਖਿਆ ਅਤੇ ਸੰਚਾਰ) ਪ੍ਰਦਰਸ਼ਤ ਕੀਤੇ ਗਏ ਹਨ ਤਾਂ ਜੋ ਲਾਭਪਾਤਰੀਆਂ ਨੂੰ ਲੋੜੀਂਦੀ ਸੇਧ ਦਿੱਤੀ ਜਾ ਸਕੇ। ਉਨਾਂ ਕਿਹਾ ਕਿ ਕੋਰੋਨਾ ਟੀਕਾਕਰਣ ਦੇ ਅਭਿਆਸ ਲਈ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ ਨੂੰ ਵੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ।
ਟੀਕੇ ਦੀ ਰਹਿੰਦ-ਖੂਹੰਦ ਦੇ ਸੁਚੱਜੇ ਪ੍ਰਬੰਧਨ ਲਈ ਫੰਕਸ਼ਨਲ ਹੱਬ ਕਟਰ ਅਤੇ ਡਿਸਪੋਜ਼ੇਬਲ ਬੈਗਜ਼ ਵੀ ਸਾਰੀਆਂ ਥਾਵਾਂ ‘ਤੇ ਉਪਲਬਧ ਕਰਵਾਏ ਗਏ ਹਨ। ਜ਼ਿਲਾ ਅਤੇ ਬਲਾਕ ਪੱਧਰੀ ਟਾਸਕ ਫੋਰਸ ਦੀਆਂ ਟੀਮਾਂ ਸਟੇਟ ਟਾਸਕ ਫੋਰਸ ਦੀ ਨਿਗਰਾਨੀ ਵਿੱਜ ਟੀਕਾਕਰਣ ਮੁਹਿੰਮ ਦੀ ਨਿਗਰਾਨੀ ਕਰਨਗੀਆਂ।