Nabaz-e-punjab.com

ਕਰੋਨਾ ਵਾਇਰਸ: ਸਿਹਤ ਵਿਭਾਗ ਦੀ ਟੀਮ ਨੇ ਮੁਹਾਲੀ ਏਅਰਪੋਰਟ ’ਤੇ 189 ਯਾਤਰੀਆਂ ਦੀ ਕੀਤੀ ਜਾਂਚ

ਮੁਹਾਲੀ ਦੇ ਸ਼ੱਕੀ ਮਰੀਜ਼ ਨੂੰ ਪੀਜੀਆਈ ਕੀਤਾ ਰੈਫਰ, ਜ਼ਰੂਰੀ ਸੈਂਪਲ ਲੈ ਕੇ ਪੁਣੇ ਲੈਬਾਰਟਰੀ ’ਚ ਜਾਂਚ ਲਈ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਮੁਹਾਲੀ ਵਿੱਚ ਕਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਨੂੰ ਭਾਜੜਾਂ ਪੈ ਗਈਆਂ ਹਨ। ਮਰੀਜ਼ ਨੂੰ ਪੀਜੀਆਈ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਹੈ। ਉਹ ਹਫ਼ਤਾ ਪਹਿਲਾਂ ਹੀ ਚੀਨ ਤੋਂ ਵਾਪਸ ਪਰਤਿਆ ਸੀ। ਮਰੀਜ਼ ਨੂੰ ਸਿਰ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਪ੍ਰੇਸ਼ਾਨੀ ਹੋ ਰਹੀ ਸੀ। ਪੀਜੀਆਈ ਵਿੱਚ ਉਸ ਨੂੰ ਸਪੈਸ਼ਲ ਵਾਰਡ ਵਿੱਚ ਦਾਖ਼ਲ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉਂਜ ਮਰੀਜ਼ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਗੱਲ ਦੀ ਪੁਸ਼ਟੀ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਪੀਜੀਆਈ ਨੇ ਮਰੀਜ਼ ਨੂੰ ਕਰੋਨਾ ਵਾਇਰਸ ਦੀ ਪੁਸ਼ਟੀ ਨਹੀਂ ਕੀਤੀ ਹੈ। ਉਸ ਦਾ ਜ਼ਰੂਰੀ ਸੈਂਪਲ ਲੈ ਕੇ ਪੁਣੇ ਦੀ ਲੈਬ ਵਿੱਚ ਭੇਜਿਆ ਗਿਆ ਹੈ ਅਤੇ ਦੋ-ਤਿੰਨ ਦਿਨਾਂ ਵਿੱਚ ਰਿਪੋਰਟ ਆ ਜਾਵੇਗੀ। ਇਸ ਮਗਰੋਂ ਪਤਾ ਲੱਗ ਸਕੇਗਾ ਕਿ ਉਹ ਕਰੋਨਾ ਵਾਇਰਸ ਤੋਂ ਪੀੜਤ ਹੈ ਜਾਂ ਨਹੀਂ।
ਉਧਰ, ਅੱਜ ਸਿਵਲ ਸਰਜਨ ਡਾ. ਮਨਜੀਤ ਸਿੰਘ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਨੇ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਸ਼ਾਰਜਾਹ ਤੋਂ ਆਈ ਫਲਾਈਟ ਵਿੱਚ ਸਵਾਰ ਕਰੀਬ 189 ਯਾਤਰੀਆਂ ਦੀ ਜਾਂਚ ਕੀਤੀ ਗਈ, ਪ੍ਰੰਤੂ ਕੋਈ ਵੀ ਯਾਤਰੀ ਖਾਂਸੀ, ਜੁਕਾਮ, ਸਿਰਦਰਦ ਜਾਂ ਬੁਖ਼ਾਰ ਤੋਂ ਪੀੜਤ ਨਹੀਂ ਸੀ। ਸਿਵਲ ਸਰਜਨ ਨੇ ਏਅਰਪੋਰਟ ਅਥਾਰਟੀ, ਪੁਲੀਸ ਮੁਲਾਜ਼ਮਾਂ ਅਤੇ ਸਮੂਹ ਜਹਾਜ਼ ਕੰਪਨੀਆਂ ਨੂੰ ਕਰੋਨਾ ਵਾਇਰਸ ਦੇ ਖ਼ਤਰੇ ਨਾਲ ਨਜਿੱਠਣ ਲਈ ਸਾਵਧਾਨੀ ਵਰਤਨ ਦੀ ਸਲਾਹ ਦਿੱਤੀ ਹੈ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ-ਕਮ-ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ, ਡਾ. ਨਵਦੀਪ ਸਿੰਘ ਤੇ ਡਾ. ਪੁਨੀਤ ਅਤੇ ਮੀਡੀਆ ਕੋਆਰਡੀਨੇਟਰ ਬਲਜਿੰਦਰ ਸੈਣੀ, ਸਟਾਫ਼ ਨਰਸ ਹਰਸਿਮਰਨ ਕੌਰ, ਸਿਹਤ ਵਰਕਰ ਬਲਜੀਤ ਸਿੰਘ ਵੀ ਹਾਜ਼ਰ ਸਨ।
ਉਨ੍ਹਾਂ ਦੱਸਿਆ ਕਿ ਕੋਈ ਵੀ ਮੁਸਾਫ਼ਰ ਅਜਿਹਾ ਨਹੀਂ ਮਿਲਿਆ ਜਿਹੜਾ ਪਿਛਲੇ ਕੁਝ ਦਿਨਾਂ ਦੌਰਾਨ ਚੀਨ ਗਿਆ ਹੋਵੇ ਜਾਂ ਜਿਸ ਦਾ ਚੀਨ ਤੋਂ ਪਰਤੇ ਕਿਸੇ ਵਿਅਕਤੀ ਨਾਲ ਸੰਪਰਕ ਰਿਹਾ ਹੋਵੇ। ਡਾਕਟਰੀ ਟੀਮ ਨੇ ਇਕ-ਇਕ ਮੁਸਾਫ਼ਰ ਕੋਲੋਂ ਖੰਘ, ਜ਼ੁਕਾਮ, ਬੁਖ਼ਾਰ ਜਾਂ ਸਾਹ ਫੁੱਲਣ ਤਕਲੀਫ਼ ਹੋਣ ਬਾਬਤ ਜਾਣਕਾਰੀ ਹਾਸਲ ਕੀਤੀ।
ਉਧਰ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਖ਼ਤਰੇ ਨਾਲ ਨਜਿੱਠਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ। ਉਂਜ ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ ਕਰੋਨਾ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਮੁਹਾਲੀ ਤੋਂ ਜਿਰਹੜੇ ਮਰੀਜ਼ ਨੂੰ ਪੀਜੀਆਈ ਭੇਜਿਆ ਗਿਆ ਹੈ। ਉਹ ਵੀ ਸ਼ੱਕੀ ਮਰੀਜ਼ ਹੈ ਅਤੇ ਹਾਲੇ ਤੱਕ ਪੀਜੀਆਈ ਨੇ ਕਰੋਨਾ ਵਾਇਰਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਇਕ ਬੱਚੇ ਦੀ ਮੌਤ ਵੀ ਕਰੋਨਾ ਵਾਇਰਸ ਨਾਲ ਨਹੀਂ ਬਲਕਿ ਸਵਾਈਨ ਫਲੂ ਨਾਲ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਸ ਵਾਇਰਸ ਦਾ ਪ੍ਰਭਾਵ ਚੀਨ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਬਾਹਰਲੇ ਮੁਲਕਾਂ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਦੀ ਸਕਰੀਨਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅੰਮ੍ਰਿਤਸਰ ਵਿੱਚ ਰਾਜਾਸਾਂਸੀ ਹਵਾਈ ਅੱਡੇ ’ਤੇ ਥਰਮਲ ਸੈਂਸਰ ਲਗਾਏ ਗਏ ਹਨ ਅਤੇ ਅੱਜ ਮੁਹਾਲੀ ਹਵਾਈ ਅੱਡੇ ’ਤੇ ਸ਼ਾਰਜਾਹ ਤੋਂ ਆਏ ਯਾਤਰੀਆਂ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਏਅਰਪੋਰਟ ਅਥਾਰਟੀਜ਼ ਨੂੰ ਹਦਾਇਤ ਕੀਤੀ ਗਈ ਹੈ ਚੀਨ ਅਤੇ ਹੋਰ ਦੇਸ਼ਾਂ ਜਿੱਥੇ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਉੱਥੋਂ ਆਉਣ ਵਾਲੇ ਯਾਤਰੀਆਂ ਬਾਰੇ ਤੁਰੰਤ ਸਬੰਧਤ ਜ਼ਿਲ੍ਹਾ ਪੱਧਰੀ ਹਸਪਤਾਲ ਅਤੇ ਸਿਵਲ ਸਰਜਨ ਨੂੰ ਰਿਪੋਰਟ ਦਿੱਤੀ ਜਾਵੇ ਤਾਂ ਜੋ ਪੰਜਾਬ ਵਾਸੀਆਂ ਨੂੰ ਇਸ ਪ੍ਰਕੋਪ ਤੋਂ ਬਚਾਇਆ ਜਾ ਸਕੇ।
ਸ੍ਰੀ ਸਿੱਧੂ ਨੇ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਰੋਜ਼ਾਨਾ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਢੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਹੈਲਪਲਾਈਨ ਨੰਬਰ 104 ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਨਾਗਰਿਕ ਕਰੋਨਾ ਵਾਇਰਸ ਬਿਮਾਰੀ ਨਾਲ ਸਬੰਧਤ ਕੋਈ ਜਾਣਕਾਰੀ ਪ੍ਰਾਪਤ ਕਰਨ ਲਈ 24 ਘੰਟੇ ਇਸ ਨੰਬਰ ’ਤੇ ਤਾਲਮੇਲ ਕਰ ਸਕਦਾ ਹੈ।
(ਬਾਕਸ ਆਈਟਮ) ਕੀ ਹੈ ਕਰੋਨਾ ਵਾਇਰਸ?
ਇਹ ਨਵੀਂ ਕਿਸਮ ਦਾ ਮਾਰੂ ਵਾਇਰਸ ਹੈ, ਜੋ ਇਸ ਵੇਲੇ ਚੀਨ ਦੇ ਕੁਝ ਇਲਾਕਿਆਂ ਵਿੱਚ ਜ਼ਬਰਦਸਤ ਤਰੀਕੇ ਨਾਲ ਫੈਲਿਆ ਹੋਇਆ ਹੈ। ਇਹ ਖੰਘਣ/ਛਿੱਕਣ ਰਾਹੀਂ ਇਕ ਮਨੁੱਖ ਤੋਂ ਦੂਜੇ ਮਨੁੱਖ ਤੱਕ ਫੈਲਦਾ ਹੈ। ਜੇ ਮਰੀਜ਼ ਨੂੰ ਬੁਖ਼ਾਰ, ਖੰਘ ਅਤੇ ਜ਼ੁਕਾਮ ਹੈ ਅਤੇ ਦਵਾਈ ਨਾਲ ਠੀਕ ਨਹੀਂ ਹੋ ਰਿਹਾ ਤਾਂ ਤੁਰੰਤ ਡਾਕਟਰ ਦੀ ਸਲਾਹ ਲਈ ਜਾਵੇ।
(ਬਾਕਸ ਆਈਟਮ) ਜ਼ਰੂਰੀ ਸਾਵਧਾਨੀਆਂ:
ਭੀੜ ਵਾਲੀ ਥਾਂ ’ਤੇ ਨਾ ਜਾਊ, ਵਿਸ਼ੇਸ਼ ਤੌਰ ’ਤੇ ਚੀਨ ਤੋਂ ਸਫ਼ਰ ਕਰ ਕੇ ਆਏ ਵਿਅਕਤੀ ਤੋਂ ਦੂਰ ਰਹੋ।
ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਅਕਸਰ ਧੋਵੋ
ਛਿੱਕਣ ਸਮੇਂ ਨੱਕ ਅਤੇ ਮੂੰਹ ਰੁਮਾਲ ਨਾਲ ਢੱਕ ਕੇ ਰੱਖੋ
ਖੰਘ, ਵਗਦੀ ਨੱਕ, ਛਿੱਕਾਂ ਅਤੇ ਬੁਖ਼ਾਰ ਨਾਲ ਪੀੜਤ ਵਿਅਕਤੀ ਤੋਂ ਦੂਰੀ ਬਣਾ ਕੇ ਰੱਖੋ
ਸਬਜ਼ੀਆਂ ਅਤੇ ਫਲਾਂ ਨੂੰ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਵੋ
ਅਣਧੋਤੇ ਹੱਥਾਂ ਨਾਲ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ
ਕਿਸੇ ਨੂੰ ਮਿਲਦੇ ਸਮੇਂ ਜੱਫੀ ਪਾਉਣ, ਹੱਥ ਮਿਲਾਉਣ ਤੋਂ ਗੁਰੇਜ਼ ਕਰੋ
ਰੇਲਿੰਗ, ਦਰਵਾਜ਼ੇ, ਟੇਬਲ ਜਿਹੀਆਂ ਪਬਲਿਕ ਵੱਲੋਂ ਆਮ ਵਰਤੀਆਂ ਜਾਂਦੀਆਂ ਥਾਵਾਂ ਨੂੰ ਛੂਹਣ ਤੋਂ ਬਚੋ

Load More Related Articles
Load More By Nabaz-e-Punjab
Load More In General News

Check Also

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ

ਟੀਡੀਆਈ ਸਿਟੀ ਵਿੱਚ ਸ਼ੋਅਰੂਮ ਦਾ ਲੈਂਟਰ ਡਿੱਗਣ ਕਾਰਨ ਮਜ਼ਦੂਰ ਦੀ ਮੌਤ, ਤਿੰਨ ਜ਼ਖ਼ਮੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀ…