Nabaz-e-punjab.com

ਕਰੋਨਾਵਾਇਰਸ: ਪਿੰਡ ਜਗਤਪੁਰਾ ਵਿੱਚ ਪੰਜ ਹੋਰ ਸ਼ੱਕੀ ਮਰੀਜ਼ ਮਿਲੇ

ਜਗਤਪੁਰਾ ਦੇ ਸਰਪੰਚ ਸਮੇਤ ਕਈ ਘਰ ਸੀਲ, 50 ਜਣਿਆਂ ਨੂੰ ਕੀਤਾ ਹਾਊਸ ਆਈਸੋਲੇਟ,

ਇਕੱਲੇ ਸਰਪੰਚ ਰਣਜੀਤ ਸਿੰਘ ਦੇ ਘਰ ਦੇ ਮੈਂਬਰਾਂ ਤੇ ਨੌਕਰਾਂ ਸਣੇ 17 ਜਣਿਆਂ ਦੇ ਲਏ ਸੈਂਪਲ

ਵੱਖ ਵੱਖ ਟੀਮਾਂ ਵੱਲੋਂ ਮੁਹਾਲੀ, ਜਗਤਪੁਰਾ, ਨਵਾਂ ਗਉਂ ਵਿੱਚ ਸਰਵੇ ਜਾਰੀ, 6700 ਦੀ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਸਿਹਤ ਵਿਭਾਗ ਨੂੰ ਅੱਜ ਦੂਜੇ ਦਿਨ ਪਿੰਡ ਜਗਤਪੁਰਾ ਵਿੱਚ ਪੰਜ ਹੋਰ ਸ਼ੱਕੀ ਮਰੀਜ਼ ਮਿਲੇ ਹਨ। ਜਿਨ੍ਹਾਂ ਦੇ ਖੂਨ ਦੇ ਸੈਂਪਲ ਲਏ ਜਾ ਰਹੇ ਹਨ। ਸਾਵਧਾਨੀ ਦੇ ਤੌਰ ’ਤੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਗਿੱਲ ਸਮੇਤ ਕਈ ਹੋਰਨਾਂ ਘਰਾਂ ਨੂੰ ਸੀਲ ਕੀਤਾ ਗਿਆ ਹੈ। ਸਰਪੰਚ ਦੇ ਟੱਬਰ ਅਤੇ ਨੌਕਰਾਂ ਸਣੇ 17 ਵਿਅਕਤੀਆਂ ਅਤੇ ਦੂਜੇ ਘਰਾਂ ਵਿੱਚ ਰਹਿਣ ਵਾਲੇ 33 ਹੋਰ ਲੋਕਾਂ ਨੂੰ ਅਗਲੇ ਹੁਕਮਾਂ ਤੱਕ ਹਾਊਸ ਆਈਸੋਲੇਸ਼ਨ ਤਹਿਤ ਆਪੋ ਆਪਣੇ ਘਰਾਂ ਵਿੱਚ ਨਜ਼ਰਬੰਦ ਰਹਿਣ ਲਈ ਕਿਹਾ ਗਿਆ ਹੈ।
ਉਧਰ, ਮੁੱਢਲਾ ਸਿਹਤ ਕੇਂਦਰ ਘੜੂੰਆਂ ਦੀ ਐਸਐਮਓ ਡਾ. ਕੁਲਜੀਤ ਕੌਰ ਦੀ ਨਿਗਰਾਨੀ ਹੇਠ ਜਗਤਪੁਰਾ ਦੇ ਇੰਚਾਰਜ ਡਾ. ਸਿਮਰਨਜੀਤ ਕੌਰ ਦੀ ਅਗਵਾਈ ਹੇਠ ਡਾ. ਕਿਰਨਜੀਤ ਕੌਰ ਅਤੇ ਰਣਜੀਤ ਕੌਰ ਸਮੇਤ ਬਾਕਰਪੁਰ, ਕੁਰੜੀ ਅਤੇ ਕੰਡਾਲਾ ਦੇ ਸਿਹਤ ਕੇਂਦਰਾਂ ਦੇ ਮੁਲਾਜ਼ਮਾਂ ਦੀਆਂ ਕੁਲ 5 ਟੀਮਾਂ ਨੇ ਜਗਤਪੁਰਾ ਵਿੱਚ 300 ਘਰਾਂ ਵਿੱਚ ਜਾ ਕੇ ਕਰੀਬ 2 ਹਜ਼ਾਰ ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ। ਜਿਨ੍ਹਾਂ ’ਚੋਂ ਪੰਜ ਸ਼ੱਕੀ ਵਿਅਕਤੀ ਮਿਲੇ ਹਨ। ਇਨ੍ਹਾਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਸਿਹਤ ਵਿਭਾਗ ਦੀ ਜਾਣਕਾਰੀ ਅਨੁਸਾਰ ਸਰਪੰਚ ਨੇ ਸਰਵੇ ਟੀਮ ਨੂੰ ਦੱਸਿਆ ਹੈ ਕਿ ਕਰੋਨਾ ਪਾਜ਼ੇਟਿਵ ਮਰੀਜ਼ ਕਪਿਲ ਸ਼ਰਮਾ ਅਕਸਰ ਜਨਤਕ ਕੰਮਾਂ ਲਈ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਰਿਹਾ ਹੈ। ਉਹ ਮਹਿਲਾ ਪੰਚ ਦਾ ਘਰ ਵਾਲਾ ਹੈ। ਪਿਛਲੇ ਦਿਨੀਂ ਉਸ ਨੇ ਸਰਪੰਚ ਦੇ ਘਰੋਂ ਰਾਸ਼ਨ ਲੈ ਕੇ ਜਗਤਪੁਰਾ ਸਮੇਤ ਬੰਤ ਕਲੋਨੀ ਵਿੱਚ ਵੰਡਿਆ ਹੈ। ਜਿਸ ਤੋਂ ਇਹ ਜਾਪਦਾ ਹੈ ਕਿ ਹੁਣ ਤੱਕ ਉਹ ਕਾਫੀ ਲੋਕਾਂ ਦੇ ਸੰਪਰਕ ਵਿੱਚ ਆ ਚੁੱਕਾ ਹੈ।
ਜਾਣਕਾਰੀ ਅਨੁਸਾਰ ਪੀੜਤ ਮਰੀਜ਼ ਦੀ ਪਤਨੀ ਅਤੇ ਬੇਟਾ ਤੇ ਬੇਟੀ ਨੂੰ ਹਸਪਤਾਲ ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਜਦੋਂਕਿ ਉਨ੍ਹਾਂ ਦੇ ਬਿਲਕੁਲ ਨਾਲ ਲਗਦੇ ਘਰ ਵਿੱਚ ਉਸ ਦਾ ਬੇਟਾ ਤੇ ਨੂੰਹ ਰਹਿੰਦੀ ਹੈ ਅਤੇ ਦੋ ਤਿੰਨ ਗਲੀਆਂ ਛੱਡ ਕੇ ਪੀੜਤ ਕਪਿਲ ਦੀ ਧੀ ਅਤੇ ਜਵਾਈ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਨਾਲ ਵਾਲੀ ਗਲੀ ਵਿੱਚ ਕਪਿਲ ਦਾ ਇਕ ਹੋਰ ਬੇਟਾ ਅਤੇ ਨੂੰਹ ਰਹਿੰਦੇ ਹਨ। ਇਨ੍ਹਾਂ ਸਾਰਿਆਂ ਦੇ ਵੀ ਸੈਂਪਲ ਲਏ ਗਏ ਹਨ।
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਜਗਤਪੁਰਾ ਅਤੇ ਮੁਹਾਲੀ ਵਿੱਚ ਤਿੰਨ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਜਗਤਪੁਰਾ, ਫੇਜ਼-9 ਦੇ ਐਚਐਲ ਬਲਾਕ ਦੇ ਕੁਝ ਸਮੇਤ ਨਵਾਂ ਗਉਂ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਰਕਰਾਂ ਦੀਆਂ ਟੀਮਾਂ ਨੇ ਜਗਤਪੁਰਾ ਵਿੱਚ 300 ਘਰਾਂ ਵਿੱਚ ਜਾ ਕੇ 2 ਹਜ਼ਾਰ ਲੋਕਾਂ ਦੀ ਜਾਂਚ ਕੀਤੀ ਜਦਕਿ ਨਵਾਂ ਗਾਉਂ ਵਿੱਚ 931 ਘਰਾਂ ਵਿੱਚ ਜਾ ਕੇ 4696 ਲੋਕਾਂ ਦੀ ਜਾਂਚ ਕੀਤੀ। ਜਾਂਚ ਦੌਰਾਨ ਪੰਜ ਵਿਅਕਤੀ ਮਿਲੇ ਜਿਨ੍ਹਾਂ ਨੂੰ ਆਮ ਖੰਘ, ਜ਼ੁਕਾਮ ਸੀ। ਸਿਹਤ ਟੀਮਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਸਮਾਜਿਕ ਦੂਰੀ ਰੱਖਣ, ਵਾਰ-ਵਾਰ ਹੱਥ ਧੋਣ, ਚੰਗੀ ਖ਼ੁਰਾਕ ਖਾਣ ਅਤੇ ਬਾਹਰ ਨਾ ਨਿਕਲਣ ਲਈ ਪ੍ਰੇਰਿਤ ਕੀਤਾ ਹੈ। ਬੀਤੇ ਦਿਨੀਂ ਜਿਨ੍ਹਾਂ ਤਿੰਨ ਵਿਅਕਤੀਆਂ ਇੱਥੋਂ ਦੇ ਫੇਜ਼-9 ਦੀ ਵਸਨੀਕ ਜਗਦੀਸ਼ ਕੌਰ (76), ਉਸ ਦੀ ਦੋਹਤੀ ਏਕਮਵੀਰ ਕੌਰ (11) ਅਤੇ ਪਿੰਡ ਜਗਤਪੁਰਾ ਦੀ ਮਹਿਲਾ ਪੰਚ ਦੇ ਪਤੀ ਕਪਿਲ ਸ਼ਰਮਾ (55) ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਇਹ ਤਿੰਨੇ ਗਿਆਨ ਸਾਗਰ ਹਸਪਤਾਲ ਬਨੂੜ ਵਿੱਚ ਜੇਰੇ ਇਲਾਜ ਹਨ। ਇਸ ਹਸਪਤਾਲ ਨੂੰ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਨੋਡਲ ਆਈਸੋਲੇਸ਼ਨ ਕੇਂਦਰ ਬਣਾਇਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…