
ਕਰੋਨਾਵਾਇਰਸ: ਮੁਹਾਲੀ ਵਿੱਚ 3 ਹੋਰ ਅੌਰਤਾਂ ਦੀ ਮੌਤ, ਐਤਵਾਰ ਨੂੰ 68 ਹੋਰ ਨਵੇਂ ਕੇਸ ਸਾਹਮਣੇ ਆਏ
ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1809 ’ਤੇ ਪੁੱਜੀ, 824 ਐਕਟਿਵ ਕੇਸ, ਹੁਣ ਤੱਕ 36 ਮੌਤਾਂ
4 ਦਿਨਾਂ ਤੋਂ ਹਸਪਤਾਲ ਵਿੱਚ ਸੜ ਰਹੀ ਕਰੋਨਾ ਪੀੜਤ ਦੀ ਲਾਸ਼ ਦਾ ਮੁਹਾਲੀ ’ਚ ਬਿਜਲਈ ਸਸਕਾਰ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਗਸਤ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਕਹਿਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਰਹੀ ਹੈ। ਮੁਹਾਲੀ ਜ਼ਿਲ੍ਹੇ ਵਿੱਚ ਐਤਵਾਰ ਨੂੰ 68 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1809 ’ਤੇ ਪਹੁੰਚ ਗਈ ਹੈ। ਅੱਜ ਤਿੰਨ ਹੋਰ ਕਰੋਨਾ ਪੀੜਤ ਅੌਰਤਾਂ ਨੇ ਦਮ ਤੋੜ ਦਿੱਤਾ ਹੈ। ਹੁਣ ਤੱਕ 36 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 34 ਦਿਨਾਂ ਵਿੱਚ 1414 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ 48 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ ਅੱਜ ਤਿੰਨ ਹੋਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਜਿਨ੍ਹਾਂ ਵਿੱਚ ਇੱਥੋਂ ਦੇ ਸੈਕਟਰ-91 ਦੀ 53 ਸਾਲ ਦੀ ਅੌਰਤ ਸ਼ਾਮਲ ਹੈ, ਜੋ ਪੀਐਮਸੀਐਚ ਪਟਿਆਲਾ ਵਿੱਚ ਜੇਰੇ ਇਲਾਜ ਸੀ। ਉਹ ਤਣਾਅ ਅਤੇ ਲੀਵਰ ਦੀਆਂ ਬਿਮਾਰੀਆਂ ਤੋਂ ਪੀੜਤ ਸਨ। ਇੰਜ ਹੀ ਡੇਰਾਬੱਸੀ ਦੀ 25 ਸਾਲਾ ਲੜਕੀ ਜੋ ਪੀਜੀਆਈ ਵਿੱਚ ਦਾਖ਼ਲ ਸੀ ਅਤੇ ਤੀਜੀ 35 ਸਾਲਾ ਅੌਰਤ ਲਾਲੜੂ ਦੀ ਹੈ, ਜੋ ਸਿਵਲ ਹਸਪਤਾਲ ਅੰਬਾਲਾ ਵਿੱਚ ਜੇਰੇ ਇਲਾਜ ਸੀ। ਉਹ ਸ਼ੂਗਰ ਤੋਂ ਪੀੜਤ ਸੀ।
ਉਨ੍ਹਾਂ ਦੱਸਿਆ ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 824 ਨਵੇਂ ਕੇਸ ਐਕਟਿਵ ਹਨ। ਜਦੋਂਕਿ 949 ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਸ ਤਰ੍ਹਾਂ ਰੋਜ਼ਾਨਾ ਲਗਾਤਾਰ ਕਰੋਨਾ ਮਹਾਮਾਰੀ ਦੇ ਕੇਸ ਵਧ ਰਹੇ ਹਨ। ਉਸ ਨੂੰ ਦੇਖਦੇ ਹੋਏ ਬਹੁਤ ਜ਼ਰੂਰੀ ਕੰਮ ਹੋਵੇ ਤੱਦ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣ ਅਤੇ ਘਰ ਤੋਂ ਬਾਹਰ ਜਾਂ ਕੰਮ ’ਤੇ ਜਾਣ ਸਮੇਂ ਆਪਣੇ ਮੂੰਹ ’ਤੇ ਮਾਸਕ ਅਤੇ ਇਕ ਦੂਜੇ ਤੋਂ ਜ਼ਰੂਰੀ ਫਾਸਲਾ ਬਣਾ ਕੇ ਰੱਖਣਾ ਯਕੀਨੀ ਬਣਾਉਣ।
ਉਧਰ, ਸ਼ਕਤੀ ਨਗਰ ਡੇਰਾਬੱਸੀ ਦੀ 55 ਸਾਲਾ ਅੌਰਤ ਦਾ ਅੱਜ ਸ਼ਾਮ ਮੁਹਾਲੀ ਵਿੱਚ ਐਨਜੀਓ ਦੇ ਸਹਿਯੋਗ ਨਾਲ ਬਿਜਲਈ ਸਸਕਾਰ ਕੀਤਾ ਗਿਆ। ਇਸ ਅੌਰਤ ਦੀ ਲਾਸ਼ ਪਿਛਲੇ ਚਾਰ ਦਿਨਾਂ ਤੋਂ ਸੈਕਟਰ-32 ਹਸਪਤਾਲ ਵਿੱਚ ਸੜ ਰਹੀ ਸੀ। ਮ੍ਰਿਤਕ ਅੌਰਤ ਦੇ ਪਤੀ ਗੁਰਮੀਤ ਸਿੰਘ ਨੇ ਉਸ ਦੀ ਪਤਨੀ ਨੂੰ ਸਾਹ ਲੈਣ ਵਿੱਚ ਤਕਲੀਫ਼ ਸੀ। ਬਾਅਦ ਵਿੱਚ ਉਹ ਕਰੋਨਾ ਦੇ ਲਪੇਟੇ ਵਿੱਚ ਆ ਗਈ ਸੀ। ਬੀਤੀ 12 ਅਗਸਤ ਉਸ ਦੀ ਨੂੰ ਮੌਤ ਹੋ ਗਈ ਸੀ ਪ੍ਰੰਤੂ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਚਾਰ ਦਿਨਾਂ ਤੋਂ ਲਾਸ਼ ਲੈਣ ਲਈ ਖੱਜਲ-ਖੁਆਰ ਹੋ ਰਹੇ ਹਨ। ਡਾਕਟਰ ਉਸ ਨੂੰ ਰੋਜ਼ਾਨਾ ਸਵੇਰੇ 10 ਵਜੇ ਹਸਪਤਾਲ ਬੁਲਾ ਲੈਂਦੇ ਸੀ ਪ੍ਰੰਤੂ ਡੇਰਾਬੱਸੀ ਤੋਂ ਕੋਈ ਸਰਕਾਰੀ ਐਂਬੂਲੈਂਸ ਨਹੀਂ ਮਿਲੀ। ਇਸ ਸਬੰਧੀ ਨੋਡਲ ਅਫ਼ਸਰ ਨੂੰ ਘੱਟੋ-ਘੱਟ 10 ਫੋਨ ਕੀਤੇ ਹੋਣਗੇ ਪਰ ਉਨ੍ਹਾਂ ਕੋਈ ਆਈ ਗਈ ਨਹੀਂ ਦਿੱਤੀ। ਅੱਜ ਵੀ ਉਨ੍ਹਾਂ ਨੂੰ ਸਵੇਰੇ 10 ਵਜੇ ਬੁਲਾ ਲਿਆ ਗਿਆ ਸੀ ਪ੍ਰੰਤੂ ਡੇਰਾਬੱਸੀ ਹਸਪਤਾਲ ’ਚੋਂ ਬਾਅਦ ਦੁਪਹਿਰ ਐਂਬੂਲੈਂਸ ਪਹੁੰਚੀ। ਇਸ ਮਗਰੋਂ ਉਹ ਲਾਸ਼ ਨੂੰ ਲੈ ਕੇ ਮੁਹਾਲੀ ਪਹੁੰਚੇ ਅਤੇ ਬਿਜਲਈ ਸਸਕਾਰ ਕੀਤਾ ਗਿਆ।