nabaz-e-punjab.com

ਕਰੋਨਾਵਾਇਰਸ: ਆਈਲੈਟਸ, ਕੋਚਿੰਗ ਸੈਂਟਰਾਂ ’ਤੇ ਵੀ ਲਾਗੂ ਹੋਣਗੇ ਸਰਕਾਰ ਦੇ ਤਾਜ਼ਾ ਹੁਕਮ: ਏਡੀਸੀ ਜੈਨ

ਏਡੀਸੀ ਸ੍ਰੀਮਤੀ ਜੈਨ ਵੱਲੋਂ ਆਈਲੈਟਸ ਤੇ ਕੋਚਿੰਗ ਸੈਂਟਰ 31 ਮਾਰਚ ਤੱਕ ਬੰਦ ਰੱਖਣ ਦੇ ਆਦੇਸ਼

ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਬੀਡੀਪੀਓ ਸਰਕਾਰ ਦੇ ਤਾਜ਼ਾ ਹੁਕਮ ਇੰਨ-ਬਿੰਨ ਲਾਗੂ ਕਰਵਾਉਣਾ ਯਕੀਨੀ ਬਣਾਉਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਕਰੋਨਾਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ, ਆਂਗਨਵਾੜੀ ਸੈਂਟਰ ਵਿੱਚ 31 ਮਾਰਚ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸੂਬੇ ਵਿੱਚ ਸਿਨੇਮਾ ਘਰ ਅਤੇ ਜਿੰਮ ਵੀ ਬੰਦ ਕਰਵਾਏ ਗਏ ਹਨ। ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਸਰਕਾਰ ਦੇ ਇਹ ਤਾਜ਼ਾ ਹੁਕਮ ਆਈਲੈਟਸ ਸਮੇਤ ਹੋਰਨਾਂ ਕੋਚਿੰਗ ਸੈਂਟਰਾਂ ’ਤੇ ਵੀ ਲਾਗੂ ਹੋਣਗੇ। ਉਕਤ ਅਦਾਰੇ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣ ਦੀ ਸੂਚਨਾ ਮਿਲਣ ’ਤੇ ਉਨ੍ਹਾਂ ਨੇ ਤੁਰੰਤ ਜ਼ਿਲ੍ਹੇ ਦੇ ਸਮੂਹ ਐਡੀਐਮਜ਼, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ, ਡੀਡੀਪੀਓ ਅਤੇ ਬੀਡੀਪੀਓ ਨੂੰ ਜ਼ੋਰ ਦੇ ਕੇ ਆਖਿਆ ਕਿ ਆਈਲੈਟਸ ਸਮੇਤ ਸਾਰੇ ਕੋਚਿੰਗ ਸੈਂਟਰ 31 ਮਾਰਚ ਤੱਕ ਬੰਦ ਰੱਖਣ ਲਈ ਕਿਹਾ ਜਾਵੇ। ਉਨ੍ਹਾਂ ਵੱਖ ਵੱਖ ਅਧਿਕਾਰੀਆਂ ਨੂੰ ਸਖ਼ਤੀ ਨਾਲ ਆਖਿਆ ਕਿ ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਦੀ ਇੰਨਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਕੰਮ ਵਿੱਚ ਰੱਤੀ ਭਰ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਡੀ ਮਾਤਰਾ ਵਿੱਚ ਆਈਲੈਟਸ ਸੈਂਟਰਾਂ ਸਮੇਤ ਅੰਗਰੇਜ਼ੀ ਬੋਲਣ ਸਿਖਾਉਣ ਅਤੇ ਸਰਕਾਰੀ ਨੌਕਰੀਆਂ ਲਈ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਾਲੇ ਵਿਸ਼ੇਸ਼ ਟਰੇਨਿੰਗ ਸੈਂਟਰ ਚੱਲ ਰਹੇ ਹਨ। ਜਿਨ੍ਹਾਂ ਵਿੱਚ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਲੜਕੇ ਲੜਕੀਆਂ ਆਉਂਦੇ ਹਨ ਅਤੇ ਉਨ੍ਹਾਂ ਨੂੰ ਕੋਚਿੰਗ ਦੇਣ ਵਾਲੇ ਸਟਾਫ਼ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ। ਇੰਜ ਹੀ ਖਰੜ, ਜ਼ੀਰਕਪੁਰ ਅਤੇ ਡੇਰਾਬੱਸੀ ਇਲਾਕਿਆਂ ਵਿੱਚ ਵੀ ਅਜਿਹੇ ਕੋਚਿੰਗ ਸੈਂਟਰ ਚੱਲ ਰਹੇ ਹਨ।
ਏਡੀਸੀ ਸ੍ਰੀਮਤੀ ਜੈਨ ਨੇ ਕਿਹਾ ਕਿ ਉਕਤ ਸਾਰੇ ਅਦਾਰੇ ਵੀ ਸਕੂਲਾਂ ਅਤੇ ਕਾਲਜਾਂ ਦੀ ਕੈਟਾਗਿਰੀ ਵਿੱਚ ਆਉਂਦੇ ਹਨ। ਲਿਹਾਜ਼ਾ ਕਰੋਨਾਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਇਨ੍ਹਾਂ ਭੀੜ ਭੜੱਕੇ ਵਾਲੇ ਸੈਂਟਰਾਂ ਵਿੱਚ ਵੀ 31 ਮਾਰਚ ਤੱਕ ਛੁੱਟੀਆਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਇਸ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇਹ ਵੀ ਆਖਿਆ ਕਿ ਜਿਹੜੇ ਸਕੂਲਾਂ ਵਿੱਚ ਮੌਜੂਦਾ ਸਮੇਂ ਵਿੱਚ ਸਾਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਹਨ। ਉਨ੍ਹਾਂ ਸਾਰੇ ਸਕੂਲਾਂ ਵਿਚਲੇ ਪ੍ਰੀਖਿਆ ਕੇਂਦਰਾਂ ਨੂੰ ਸੈਨੇਟਾਈਜਰ ਕੀਤਾ ਜਾਵੇ ਅਤੇ ਵਿਦਿਆਰਥੀਆਂ ਅਤੇ ਪ੍ਰੀਖਿਆ ਅਮਲੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਡੀਡੀਪੀਓ ਅਤੇ ਬੀਡੀਪੀਓ ਨੂੰ ਸਖ਼ਤੀ ਨਾਲ ਆਖਿਆ ਕਿ ਪੇਂਡੂ ਖੇਤਰ ਵਿੱਚ ਵੀ ਸਾਵਧਾਨੀ ਵਰਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…