
ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਕਰੋਨਾ ਯੋਧਿਆਂ ਦਾ ਵਿਸ਼ੇਸ਼ ਸਨਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੁਲਾਈ:
ਕੋਵਿਡ-19 ਸੰਕਟ ਦੌਰਾਨ ਆਪਣੀ ਜਾਨ ਤਲੀ ਉੱਤੇ ਧਰ ਕੇ ਲੋਕਾਂ ਦੀ ਸੇਵਾ ਵਿੱਚ ਜੁੱਟ ਜਾਣ ਵਾਲੇ ਮੋਹਰੀ ਵਿਭਾਗਾਂ ਜਿਵੇਂ ਕਿ ਸਿਹਤ ਅਤੇ ਪੁਲੀਸ ਤੇ ਨਿੱਜੀ ਵਿਅਕਤੀਆਂ ਦਾ ਸਨਮਾਨ ਕੀਤਾ ਜਾਣਾ ਬਣਦਾ ਹੈ ਤਾਂ ਜੋ ਅਜਿਹੇ ਵਿਅਕਤੀਆਂ ਤੋਂ ਹੋਰਨਾਂ ਨੂੰ ਲੋਕਾਂ ਨੂੰ ਸਮਾਜ ਭਲਾਈ ਦੇ ਕੰਮਾਂ ਲਈ ਪ੍ਰੇਰਿਆ ਜਾ ਸਕੇ। ਇਹ ਵਿਚਾਰ ਅੱਜ ਇੱਥੇ ਕਰੋਨਾ ਯੋਧਿਆਂ ਦਾ ਸਨਮਾਨ ਕਰਨ ਮੌਕੇ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਪ੍ਰਗਟ ਕੀਤੇ ਗਏ। ਇਸ ਮੌਕੇ ਸੰਯੁਕਤ ਕਮਿਸ਼ਨਰ ਡਾ. ਕਨੂ ਥਿੰਦ, ਸਕੱਤਰ ਰੰਜੀਵ ਕੁਮਾਰ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਸ੍ਰੀ ਗਰਗ ਨੇ ਕਿਹਾ ਕਿ ਕੋਵਿਡ-19 ਖ਼ਿਲਾਫ਼ ਜੰਗ ਨੂੰ ਉਸ ਦੇ ਅੰਜਾਮ ਤੱਕ ਲੈ ਜਾਣ ਲਈ ਸਮੂਹ ਵਿਭਾਗਾਂ ਦਾ ਆਪਸੀ ਤਾਲਮੇਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਪ੍ਰੋਟੋਕਾਲ ਤਹਿਤ ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਪਾਉਣਾ, ਸਾਬਣ ਜਾਂ ਸੈਨੇਟਾਈਜ਼ਰ ਨਾਲ 20 ਸੈਕਿੰਡ ਤੱਕ ਜਿੰਨੀ ਵਾਰ ਹੋ ਸਕੇ ਹੱਥ ਧੋਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਗੱਲਾਂ ਦਾ ਇੰਨ-ਬਿੰਨ ਪਾਲਣ ਕਰਨਾ ਚਾਹੀਦਾ ਹੈ ਤਾਂ ਜੋ ਕਰੋਨਾਵਾਇਰਸ ਖ਼ਿਲਾਫ਼ ਜੰਗ ਜਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਿਸ਼ਨ ਫਤਿਹ ਮੁਹਿੰਮ ਦਾ ਮਕਸਦ ਵੀ ਸਿਹਤ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਪ੍ਰਤੀ ਜ਼ਮੀਨੀ ਪੱਧਰ ਉੱਤੇ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਉਨ੍ਹਾਂ ਕਿਹਾ ਕਿ ਕੋਵਿਡ ਸੰਕਟ ਦੌਰਾਨ ਨਗਰ ਨਿਗਮ ਦੀਆਂ 6 ਟੀਮਾਂ ਨੇ ਸ਼ਹਿਰ ਨੂੰ ਸੈਨੇਟਾਈਜ ਲਈ ਸ਼ਲਾਘਾਯੋਗ ਕੀਤਾ ਹੈ। ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਹੁਣ ਤੱਕ 26 ਹਜ਼ਾਰ ਰਾਸ਼ਨ ਦੇ ਪੈਕਟ ਵੰਡੇ ਗਏ ਹਨ। ਇੰਜ ਹੀ 648 ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਲਈ ਪ੍ਰੇਰਿਆ ਗਿਆ ਅਤੇ 180 ਲੋਕਾਂ ਨੂੰ ਮਿਸ਼ਨ ਫਤਿਹ ਦੇ ਯੋਧਿਆਂ ਵਜੋਂ ਸ਼ਾਮਲ ਕੀਤਾ ਗਿਆ। ਇਸ ਤੋਂ ਪਹਿਲਾਂ ਕਮਿਸ਼ਨਰ ਨੇ ਕਰੋਨਾ ਯੋਧਿਆਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ ਅਤੇ ਸ਼ਲਾਘਾਯੋਗ ਸੇਵਾਵਾਂ ਵਾਲੇ ਮੁਲਾਜ਼ਮਾਂ ਨੂੰ ਬੈਜ ਵੀ ਲਗਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।