Nabaz-e-punjab.com

ਕਰੋਨਾਵਾਇਰਸ: ਗੁਰੂ ਨਾਨਕ ਕਲੋਨੀ ਵਿੱਚ ਸ਼ਰ੍ਹੇਆਮ ਉਡਾਈਆਂ ਜਾ ਰਹੀਆਂ ਨੇ ਕਰਫਿਊ ਦੀਆਂ ਧੱਜੀਆਂ

ਗੁਰੂ ਨਾਨਕ ਕਲੋਨੀ ’ਚੋਂ ਇਕ ਸ਼ੱਕੀ ਮਰੀਜ਼ ਦਾ ਸੈਂਪਲ ਜਾਂਚ ਲਈ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਪਰੈਲ:
ਕਰੋਨਾਵਾਇਰਸ ਦੇ ਚੱਲਦਿਆਂ ਆਮ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਭਾਵੇਂ ਸਖ਼ਤੀ ਨਾਲ ਕਰਫਿਊ ਲਾਗੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਮੁਹਾਲੀ ਵਿੱਚ ਕਾਫੀ ਥਾਵਾਂ ’ਤੇ ਸ਼ਰ੍ਹੇਆਮ ਲੋਕ ਕਰਫਿਊ ਨਿਯਮਾਂ ਦੀਆਂ ਧੱਜੀਆਂ ਉੱਡਾ ਰਹੇ ਹਨ। ਇੱਥੋਂ ਦੀ ਗੁਰੂ ਨਾਨਕ ਕਲੋਨੀ ਵਿੱਚ ਅੱਜ ਜਿਵੇਂ ਹੀ ਸਿਹਤ ਵਿਭਾਗ ਦੀ ਟੀਮ ਸਰਵੇ ਕਰਨ ਪੁੱਜੀ ਤਾਂ ਦੇਖਿਆ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਗਲੀ ਵਿੱਚ ਇਕੱਠੇ ਬੈਠੇ ਹੋਏ ਸਨ, ਬੱਚੇ ਖੇਡਣ ਵਿੱਚ ਮਸਤ ਸੀ। ਕੁਝ ਲੋਕ ਇਕੱਠੇ ਬੈਠ ਕੇ ਤਾਸ਼ ਖੇਡ ਰਹੇ ਸੀ ਅਤੇ ਇਕ ਮੁਹੱਲੇ ਵਿੱਚ ਅੌਰਤਾਂ ਇਕੱਠੀਆਂ ਹੋ ਕੇ ਨਲਕੇ ’ਤੇ ਕੱਪੜੇ ਧੋ ਰਹੀਆਂ ਸਨ। ਇੰਜ ਹੀ ਕੁਝ ਨੌਜਵਾਨ ਥ੍ਰੀ ਵੀਲ੍ਹਰ ਵਿੱਚ ਇਕ ਦੂਜੇ ਨਾਲ ਜੁੜ ਕੇ ਬੈਠੇ ਸੀ।
ਇਸ ਸਬੰਧੀ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਸੋਹਾਣਾ ਪੁਲੀਸ ਨਾਲ ਤਾਲਮੇਲ ਕੀਤਾ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਇਲਾਕਾ ਥਾਣਾ ਫੇਜ਼-11 ਦੀ ਹੱਦ ਵਿੱਚ ਪੈਂਦਾ ਹੈ। ਬਾਅਦ ਵਿੱਚ ਪੀਸੀਆਰ ਦੇ ਜਵਾਨ ਅਤੇ ਕੁਝ ਹੋਰ ਪੁਲੀਸ ਕਰਮਚਾਰੀ ਕਲੋਨੀ ਵਿੱਚ ਪਹੁੰਚ ਗਏ ਅਤੇ ਕਰਫਿਊ ਦੇ ਬਾਵਜੂਦ ਘਰਾਂ ’ਚੋਂ ਬਾਹਰ ਆ ਕੇ ਇਕੱਠੇ ਬੈਠੇ ਲੋਕਾਂ ਦੀ ਛਿੱਤਰ ਪਰੇਡ ਕੀਤੀ ਗਈ। ਹਾਲਾਂਕਿ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਕਰਫਿਊ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਪੁਲੀਸ ਕਾਰਵਾਈ ਕੀਤੀ ਜਾਵੇਗੀ। ਲੇਕਿਨ ਇਸ ਮਾਮਲੇ ਵਿੱਚ ਪੁਲੀਸ ਨੇ ਕਿਸੇ ਖ਼ਿਲਾਫ਼ ਕੋਈ ਬਣਦੀ ਕਾਰਵਾਈ ਨਹੀਂ ਕੀਤੀ। ਪੁਲੀਸ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਸਖ਼ਤ ਤਾੜਨਾ ਕਰਕੇ ਛੱਡ ਦਿੱਤਾ। ਇੰਜ ਹੀ ਬੀਤੇ ਦਿਨੀਂ ਬਲੌਂਗੀ ਵਿੱਚ ਰਾਸ਼ਨ ਵੰਡਣ ਮੌਕੇ ਲੋਕਾਂ ਦੀ ਵੱਡੀ ਭੀੜ ਜਮ੍ਹਾ ਹੋ ਗਈ। ਇਸ ਤੋਂ ਪਹਿਲਾਂ ਵੀ ਅਜਿਹੀਆਂ ਗੱਲਾਂ ਸੁਣਨ ਨੂੰ ਮਿਲੀਆਂ ਹਨ। ਮੁਹਾਲੀ ਵਿੱਚ ਜਿਸ ਤਰੀਕੇ ਨਾਲ ਕਰੋਨਾ ਪੀੜਤ ਮਾਮਲਿਆਂ ਦੀ ਗਿਣਤੀ ਵਧ ਰਹੀ ਹੈ। ਜੇਕਰ ਪ੍ਰਸ਼ਾਸਨ ਨੇ ਸਖ਼ਤੀ ਨਾ ਵਰਤੀ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।
ਮੁੱਢਲਾ ਸਿਹਤ ਕੇਂਦਰ ਘੜੂੰਆਂ ਦੀ ਇੰਚਾਰਜ ਐਸਐਮਓ ਡਾ. ਕੁਲਜੀਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਅੱਜ ਗੁਰੂ ਨਾਨਕ ਕਲੋਨੀ ਵਿੱਚ 150 ਤੋਂ ਵੱਧ ਘਰਾਂ ਦਾ ਸਰਵੇ ਕਰਕੇ ਲੋਕਾਂ ਨੂੰ ਕਰੋਨਾਵਾਇਰਸ ਤੋਂ ਬਚਨ ਲਈ ਜ਼ਰੂਰੀ ਸਾਵਧਾਨੀਆਂ ਬਾਰੇ ਦੱਸਿਆ ਅਤੇ ਕਰੀਬ 350 ਲੋਕਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਸਰਵੇ ਟੀਮ ਨੂੰ ਕਰੋਨਾ ਦਾ ਇਕ ਸ਼ੱਕੀ ਮਰੀਜ਼ ਮਿਲਿਆ। ਉਸ ਦੇ ਖੂਨ ਦਾ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਗਿਆ ਅਤੇ ਸ਼ੱਕੀ ਮਰੀਜ਼ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਦੋਂਕਿ ਬਾਕੀ ਕਲੋਨੀ ਵਾਸੀਆਂ ਵਿੱਚ ਕਰੋਨਾ ਲੱਛਣ ਨਜ਼ਰ ਨਹੀਂ ਆਏ ਹਨ।
(ਬਾਕਸ ਆਈਟਮ)
ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਪਿੰਡ ਕੁੰਭੜਾ, ਮੌਲੀ ਬੈਦਵਾਨ, ਨਵਾਂ ਗਉਂ ਅਤੇ ਜਗਤਪੁਰਾ ਵਿੱਚ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਅੱਜ 138 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਪਿੰਡ ਜਵਾਹਰਪੁਰ ’ਚੋਂ 118 ਸ਼ੱਕੀ ਵਿਅਕਤੀਆਂ ਦੇ ਖੂਨ ਦੇ ਸੈਂਪਲ ਲਏ ਹਨ। ਇਨ੍ਹਾਂ ਵਿੱਚ ਚਾਰ ਸੈਂਪਲ ਡੇਰਾਬੱਸੀ ਦੇ ਸ਼ਕਤੀਨਗਰ ਤੋਂ ਲਏ ਹਨ। ਇਹ ਚਾਰ ਵਿਅਕਤੀ ਸਰਪੰਚ ਗੁਰਵਿੰਦਰ ਸਿੰਘ ਦੇ ਨਜ਼ਦੀਕੀਆਂ ਦੇ ਹਨ। ਇੰਜ ਹੀ ਸਰਕਾਰੀ ਹਸਪਤਾਲ ਫੇਜ਼-6 ਵਿੱਚ 15 ਅਤੇ ਖਰੜ ਵਿੱਚ 5 ਸ਼ੱਕੀ ਮਰੀਜ਼ਾਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਜਿਨ੍ਹਾਂ ਦੀ ਰਿਪੋਰਟ ਭਲਕੇ ਬੁੱਧਵਾਰ ਨੂੰ ਮਿਲੇਗੀ।

Load More Related Articles

Check Also

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ ਸੀਐਮ ਦੀ ਯੋਗਸ਼ਾਲਾ ਦਾ ਲੋ…