Nabaz-e-punjab.com

ਕਰੋਨਾਵਾਇਰਸ: ਡੀਸੀ ਨੇ ਸਿਵਲ ਪ੍ਰਸ਼ਾਸਨ, ਸਿਹਤ ਤੇ ਪੁਲੀਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਸ਼ਹਿਰ ਵਾਸੀਆਂ ਨੂੰ ਦਹਿਸ਼ਤ ਵਿੱਚ ਨਾ ਆਉਣ ਦੀ ਕੀਤੀ ਅਪੀਲ, ਘਰਾਂ ’ਚ ਰਹਿਣ ਅਤੇ ਸਾਵਧਾਨੀ ਵਰਤਣ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਮੁਹਾਲੀ ਵਿੱਚ ਕਰੋਨਾਵਾਇਰਸ ਦੀ ਮਰੀਜ਼ ਮਿਲਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਐਨਆਰਆਈ ਗੁਰਦੇਵ ਕੌਰ ਨੂੰ ਇਸ ਵਾਇਰਸ ਦੀ ਪੁਸ਼ਟੀ ਹੋਣ ਤੋਂ ਤੁਰੰਤ ਬਾਅਦ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲ੍ਹਾ ਪ੍ਰਸ਼ਾਸਨਿਕ, ਸਿਹਤ ਵਿਭਾਗ ਅਤੇ ਪੁਲੀਸ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ ਅਤੇ ਵਿਦੇਸ਼ੀ ਤੋਂ ਪਰਤ ਕੇ ਕਾਫੀ ਦਿਨ ਹਾਊਸ ਆਈਸੋਲੇਸ਼ਨ ਵਿੱਚ ਰਹਿਣ ਤੋਂ ਬਾਅਦ ਅੱਜ ਮੀਡੀਆ ਨਾਲ ਵੀ ਰੂਬਰੂ ਹੋਏ। ਹਾਲਾਂਕਿ ਗੁਰਦੇਵ ਕੌਰ ਮੁਹਾਲੀ ਦੀ ਪਹਿਲੀ ਕਰੋਨਾਵਾਇਰਸ ਪੀੜਤ ਅੌਰਤ ਹੈ ਪ੍ਰੰਤੂ ਇਸ ਤੋਂ ਪਹਿਲਾਂ ਪਿਛਲੇ ਦਿਨੀਂ ਇੰਗਲੈਂਡ ਤੋਂ ਪਰਤੀ ਪੀੜਤ ਲੜਕੀ ਦੇ ਪਿਤਾ ਦੀ ਮੁਹਾਲੀ ਵਿੱਚ ਨਾਮੀ ਜੀਪ ਕੰਪਨੀ ਹੋਣ ਕਾਰਨ ਉਹ ਵਿਦੇਸ਼ ਤੋਂ ਸਿੱਧਾ ਮੁਹਾਲੀ ਪਹੁੰਚੀ ਸੀ ਅਤੇ ਦਫ਼ਤਰ ਸਟਾਫ਼ ਦੇ ਸੰਪਰਕ ਵਿੱਚ ਰਹੀ ਹੈ। ਇੰਝ ਹੀ ਬੀਤੇ ਕੱਲ੍ਹ ਪੀਜੀਆਈ ਤੋਂ ਫਰਾਰ ਹੋਈ ਮਰੀਜ਼ ਨੇ ਦਿਨ ਅਤੇ ਰਾਤ ਮੁਹਾਲੀ ਵਿੱਚ ਪਨਾਹ ਲਈ ਹੈ। ਜਿਸ ਕਾਰਨ ਸ਼ਹਿਰ ਵਿੱਚ ਇਹ ਖ਼ਤਰਨਾਕ ਵਾਇਰਸ ਹਵਾ ਰਾਹੀਂ ਅੱਗੇ ਫੈਲਣ ਦਾ ਖ਼ਦਸ਼ਾ ਹੈ।
ਡੀਸੀ ਗਿਰੀਸ਼ ਦਿਆਲਨ ਨੇ ਮੁਹਾਲੀ ਵਾਸੀਆਂ ਨੂੰ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਲੋਕਾਂ ਨੂੰ ਦਹਿਸ਼ਤ ਵਿੱਚ ਆਉਣ ਦੀ ਬਜਾਏ ਸਾਵਧਾਨੀ ਵਰਤਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਆਪਣੀ ਮੰਡੀਆਂ ਅਤੇ ਹਫ਼ਤਾਵਾਰੀ ਮੰਡੀਆਂ ਲੋਕ-ਹਿੱਤ ਵਿੱਚ ਬੰਦ ਕੀਤੀਆਂ ਗਈਆਂ ਹਨ ਕਿਉਂਕਿ ਇਨ੍ਹਾਂ ਮੰਡੀਆਂ ਵਿੱਚ ਰੋਜ਼ਾਨਾ 500 ਤੋਂ ਹਜ਼ਾਰ ਲੋਕ ਸਬਜ਼ੀਆਂ ਅਤੇ ਫਲ ਲੈਣ ਲਈ ਆਉਂਦੇ ਹਨ। ਇਸ ਤਰ੍ਹਾਂ ਜ਼ਿਆਦਾ ਭੀੜ ਇਕੱਠੀ ਹੋਣ ਕਾਰਨ ਇਹ ਵਾਇਰਸ ਲੋਕਾਂ ਵਿੱਚ ਫੈਲਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਘੁੰਮ ਫਿਰ ਕੇ ਸਬਜ਼ੀਆਂ ਅਤੇ ਫਲ ਵੇਚਣ ’ਤੇ ਕੋਈ ਪਾਬੰਦੀ ਨਹੀਂ ਹੈ। ਉਂਜ ਵੀ ਬਹੁਤੀਆਂ ਥਾਵਾਂ ’ਤੇ ਲੋਕ ਫੁੱਟਪਾਥਾਂ ’ਤੇ ਸਬਜ਼ੀ\ਫਰੂਟ ਆਦਿ ਵੇਚ ਰਹੇ ਹਨ। ਡੀਸੀ ਨੇ ਮੁਹਾਲੀ ਜ਼ਿਲ੍ਹੇ ਦੀ ਹੱਦ ਅੰਦਰ ਪੈਂਦੇ ਸਮੂਹ ਬੈਂਕ ਅਧਿਕਾਰੀਆਂ ਨੂੰ ਆਪਣੇ ਬੈਂਕ ਅਤੇ ਏਟੀਐਮ ਸੈਨੇਟਾਈਜ਼ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ 200 ਤੋਂ ਵੱਧ ਵਿਅਕਤੀਆਂ ਨੂੰ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਰੱਖਿਆ ਜਾ ਰਿਹਾ ਹੈ। ਜਿਨ੍ਹਾਂ ਵਿੱਚ ਕਰੋਨਾਵਾਇਰਸ ਦੇ ਲੱਛਣ ਮਿਲੇ ਸਨ ਜਾਂ ਉਹ ਕਿਸੇ ਕਰੋਨਾ ਪੀੜਤ ਮਰੀਜ਼ ਦੇ ਸੰਪਰਕ ਵਿੱਚ ਰਹੇ ਹਨ।
ਉਧਰ, ਕਰੋਨਾਵਾਇਰਸ ਤੋਂ ਪੀੜਤ ਅੌਰਤ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕਰਨ ਲਈ ਉਨ੍ਹਾਂ ਦੇ ਘਰ ਪੁੱਜੀ ਸਿਹਤ ਵਿਭਾਗ ਦੀ ਟੀਮ ਨੂੰ ਕਾਫ਼ੀ ਜੱਦੋਜਹਿਦ ਕਰਨੀ ਪਈ। ਪਹਿਲਾਂ ਤਾਂ ਪੀੜਤ ਅੌਰਤ ਸਰਕਾਰੀ ਹਸਪਤਾਲ ਵਿੱਚ ਜਾਣ ਨੂੰ ਤਿਆਰ ਨਹੀਂ ਸੀ ਲੇਕਿਨ ਬਾਅਦ ਵਿੱਚ ਉਹ ਐਂਬੂਲੈਂਸ ਦੇ ਅੱਗੇ ਡਰਾਈਵਰ ਦੇ ਨਾਲ ਵੀ ਸੀਟ ’ਤੇ ਜਾ ਕੇ ਬੈਠ ਗਈ ਤਾਂ ਚਾਲਕ ਤੁਰੰਤ ਐਂਬੂਲੈਂਸ ’ਚੋਂ ਛਾਲ ਮਾਰ ਕੇ ਥੱਲੇ ਆ ਗਿਆ। ਫਿਰ ਅੌਰਤ ਵੀ ਹੇਠਾਂ ਉਤਰ ਗਈ। ਇਸ ਮਗਰੋਂ ਸਿਹਤ ਵਿਭਾਗ ਦੀ ਟੀਮ ਨੇ ਪੁਲੀਸ ਨੂੰ ਇਤਲਾਹ ਦਿੱਤੀ ਅਤੇ ਸੂਚਨਾ ਮਿਲਦੇ ਹੀ ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਤੇ ਹੋਰ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਗੱਲੀਬਾਤੀਂ ਪੀੜਤ ਅੌਰਤ ਤੇ ਉਸ ਦੀ ਭੈਣ ਅਤੇ ਬੇਟੇ ਨੂੰ ਹਸਪਤਾਲ ਜਾ ਕੇ ਦਾਖ਼ਲ ਹੋਣ ਦੀ ਅਪੀਲ ਕੀਤੀ। ਲੇਕਿਨ ਉਹ ਆਪਣਾ ਇਲਾਜ ਕਰਵਾਉਣ ਨੂੰ ਤਿਆਰ ਨਹੀਂ ਹੋਏ ਅਤੇ ਅਜਿਹੀ ਕਹਿੰਦੇ ਰਹੇ ਕਿ ਉਨ੍ਹਾਂ ਦੀ ਰਿਪੋਰਟ ਝੂਠੀ ਹੈ। ਉਹ ਬਿਲਕੁਲ ਠੀਕ ਹਨ। ਅਖੀਰ ਪੁਲੀਸ ਨੇ ਉਨ੍ਹਾਂ ਨੂੰ ਪੀਜੀਆਈ ਲਿਜਾਉਣ ਦੇ ਝਾਂਸੇ ਵਿੱਚ ਲੈ ਕੇ ਐਂਬੂਲੈਂਸ ਵਿੱਚ ਬਿਠਾਇਆ ਅਤੇ ਸਰਕਾਰੀ ਹਸਪਤਾਲ ਲਿਜਾ ਕੇ ਦਾਖ਼ਲ ਕਰ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…