ਕਰੋਨਾਵਾਇਰਸ: ਜ਼ਿਲ੍ਹਾ ਪ੍ਰਸ਼ਾਸਨ ਨੇ ਮੁਬਾਰਕਪੁਰ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ

ਮੇਨ ਬਾਜ਼ਾਰ ਸੀਲ ਕਰਕੇ ਕਮਾਂਡੋ ਕੀਤੇ ਤਾਇਨਾਤ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 19 ਜੂਨ:
ਜ਼ਿਲ੍ਹਾ ਮੁਹਾਲੀ ਨੇ ਮੁਬਾਰਕਪੁਰ ਖੇਤਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਧ ਰਹੇ ਕਰੋਨਾ ਦੇ ਮਰੀਜ਼ਾਂ ਨੂੰ ਦੇਖਦਿਆਂ ਇਸ ਸਮੁੱਚੇ ਖੇਤਰ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ। ਇਸ ਮੌਕੇ ਸਿਵਲ ਹਸਪਤਾਲ ਦੀ ਐਸਐਮਓ ਡਾ. ਸੰਗੀਤਾ ਜੈਨ, ਤਹਿਸੀਲਦਾਰ ਨਵਪ੍ਰੀਤ ਸਿੰਘ ਅਤੇ ਥਾਣਾ ਮੁਖੀ ਡੇਰਾਬੱਸੀ ਸਤਿੰਦਰ ਸਿੰਘ ਨੇ ਮੌਕੇ ਦਾ ਦੌਰਾ ਕਰ ਸਬੰਧਿਤ ਖੇਤਰ ਨੂੰ ਪੂਰਾ ਸੀਲ ਕਰ ਦਿੱਤਾ ਗਿਆ। ਇਹ ਜਾਣਕਾਰੀ ਦਿੰਦਿਆਂ ਐਸਐਮਓ ਡਾ. ਸੰਗੀਤਾ ਜੈਨ ਨੇ ਕਿਹਾ ਕਿ ਕਸਬਾ ਮੁਬਾਰਕਪੁਰ, ਪੰਡਤਾਂ ਵਾਲੀ ਗਲੀ, ਪੰਡਵਾਲਾ ਰੋਡ, ਮੁਬਾਰਕਪੁਰ ਏਸੀਸੀ ਸੀਮੇਂਟ ਫੈਕਟਰੀ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ ਹੈ।
ਸ੍ਰੀਮਤੀ ਜੈਨ ਨੇ ਕਿਹਾ ਕਿ ਇਹ ਫੈਸਲਾ ਇਸ ਖੇਤਰ ਵਿੱਚ ਵਧ ਰਹੇ ਕਰੋਨਾ ਦੇ ਮਰੀਜ਼ਾਂ ਨੂੰ ਦੇਖਦਿਆਂ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁਬਾਰਿਕਪੁਰ ਪਿੰਡ ਦਾ ਪੂਰਾ ਮੇਨ ਬਾਜ਼ਾਰ ਵੀ ਕੰਟੇਨਮੈਂਟ ਜ਼ੋਨ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਦੀ ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਤੋਂ ਲੈ ਕੇ ਮੇਨ ਰੋਡ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਹੈ ਕਿਉਂਕਿ ਇਸ ਥਾਂ ‘ਤੇ ਜ਼ਿਆਦਾਤਰ ਲੋਕ ਵੱਖ ਵੱਖ ਫੈਕਟਰੀਆਂ ਵਿੱਚ ਕੰਮ ਕਰਦੇ ਹਨ। ਇਥੇ ਕਰੋਨਾ ਫੈਲਣ ਦਾ ਜ਼ਿਆਦਾ ਖ਼ਦਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਪੰਡਿਤਾਂ ਵਾਲੀ ਗਲੀ ਵਿੱਚ ਇਕ ਪਰਿਵਾਰ ਦੇ ਹੀ ਪੰਜ ਮੈਂਬਰਾਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਗਲੀ ਵਿੱਚ 20 ਦੇ ਕਰੀਬ ਘਰ ਹਨ, ਜਿੱਥੇ ਖ਼ਤਰੇ ਨੂੰ ਦੇਖਦਿਆਂ ਇਹ ਫੈਸਲਾ ਲਿਆ ਹੈ।
ਪੁਲੀਸ ਵੱਲੋਂ ਕਮਾਂਡੋ ਦੀ ਮਦਦ ਨਾਲ ਸਬੰਧਿਤ ਖੇਤਰ ਨੂੰ ਸੀਲ ਕਰ ਦਿੱਤਾ ਹੈ। ਕੰਟੇਨਮੈਂਟ ਜ਼ੋਨ ਦਾ ਐਲਾਨ ਕਰਨ ਮਗਰੋਂ ਹੁਣ ਉੱਕਤ ਸਬੰਧਿਤ ਖੇਤਰਾਂ ਦੇ ਲੋਕਾਂ ਦੇ ਘਰਾਂ ਤੋਂ ਨਿਕਲਣ ਤੇ ਪਾਬੰਦੀ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਡੇਰਾਬੱਸੀ ਦਾ ਪਿੰਡ ਜਵਾਹਰਪੁਰ ਵਿੱਚ ਕਰੋਨਾ ਦਾ ਹੌਟਸਪੌਟ ਰਹਿ ਚੁੱਕਿਆ ਹੈ ਜਿਸ ਨੂੰ ਪ੍ਰਸ਼ਾਸ਼ਨ ਵੱਲੋਂ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਸੀ। ਪਿੰਡ ਵਿੱਚ ਕਰੋਨਾ ਦੇ ਮਰੀਜ਼ ਠੀਕ ਹੋਣ ਮਗਰੋਂ ਇਸ ਨੂੰ ਕੰਟੇਨਮੈਂਟ ਜ਼ੋਨ ਤੋਂ ਖੋਲ੍ਹ ਦਿੱਤਾ ਗਿਆ ਸੀ।

Load More Related Articles

Check Also

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ ਨਬਜ਼-ਏ-ਪੰਜਾਬ, ਮੁਹਾਲੀ, 26…