Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ: ਜਨਤਾ ਕਰਫਿਊ ਤਹਿਤ ਪੂਰਨ ਤੌਰ ’ਤੇ ਬੰਦ ਰਿਹਾ ਜ਼ਿਲ੍ਹਾ ਮੁਹਾਲੀ ਅਮਨ ਕਾਨੂੰਨੀ ਦੀ ਸਥਿਤੀ ਬਣਾਈ ਰੱਖਣ ਲਈ ਐਸਐਸਪੀ ਨੇ ਖ਼ੁਦ ਸੰਭਾਲਿਆ ਮੋਰਚਾ ਜ਼ਿਲ੍ਹਾ ਪ੍ਰਸ਼ਾਸਨ ਨੇ ਵੱਖ-ਵੱਖ ਥਾਵਾਂ ’ਤੇ ਗਲੀ ਮੁਹੱਲਿਆਂ ਨੂੰ ਕੀਤਾ ਗਿਆ ਸੈਨੇਟਾਈਜ਼, ਲੋਕ ਬੇਖ਼ਬਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਚੀਨ ਸਮੇਤ ਹੋਰਨਾਂ ਵਿਦੇਸ਼ਾਂ ਮੁਲਕਾਂ ਤੋਂ ਬਾਅਦ ਭਾਰਤ ਵਿੱਚ ਲਗਾਤਾਰ ਵਧ ਰਹੇ ਕਰੋਨਾਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ’ਤੇ ਅੱਜ ਸਮੁੱਚਾ ਮੁਹਾਲੀ ਜ਼ਿਲ੍ਹਾ ਮੁਕੰਮਲ ਤੌਰ ’ਤੇ ਬੰਦ ਰਿਹਾ। ਵਾਪਰੀਆਂ ਅਤੇ ਛੋਟੇ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੇ ਬੀਤੇ ਦਿਨੀਂ ਬਾਅਦ ਦੁਪਹਿਰ ਹੀ ਆਪਣੀਆਂ ਦੁਕਾਨਾਂ ਅਤੇ ਅਦਾਰਿਆਂ ਦੇ ਸ਼ਟਰ ਸੁੱਟ ਦਿੱਤੇ ਸਨ। ਐਤਵਾਰ ਨੂੰ ਦਿਨ ਭਰ ਸਮੁੱਚੇ ਜ਼ਿਲ੍ਹੇ ਅੰਦਰ ਮੁੱਖ ਮਾਰਗਾਂ, ਲਿੰਕ ਸੜਕਾਂ ਅਤੇ ਬਾਜ਼ਾਰਾਂ ਵਿੱਚ ਸਨਾਟਾ ਪਸਰਿਆ ਰਿਹਾ। ਇਹੀ ਨਹੀਂ ਰਿਹਾਇਸ਼ੀ ਇਲਾਕਿਆਂ ਵਿੱਚ ਗਲੀ ਮੁਹੱਲਿਆਂ ਵਿੱਚ ਵੀ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲੇ। ਕਰੋਨਾ ਦੇ ਖ਼ੌਫ਼ ਕਾਰਨ ਅੱਜ ਅਜੀਬ ਕਿਸਮ ਦਾ ਸਨਾਟਾ ਦੇਖਣ ਨੂੰ ਮਿਲਿਆ। ਉਂਜ ਕਈ ਥਾਵਾਂ ’ਤੇ ਟਾਵੇਂ ਟਾਵੇਂ ਲੋਕ ਆਉਂਦੇ ਜਾਂਦੇ ਜ਼ਰੂਰ ਦੇਖੇ ਗਏ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਵੱਖ-ਵੱਖ ਇਲਾਕਿਆਂ ਨੂੰ ਨਗਰ ਨਿਗਮ, ਨਗਰ ਕੌਂਸਲਾਂ ਅਤੇ ਪੰਚਾਇਤਾਂ ਰਾਹੀਂ ਸੈਨੇਟਾਈਜ਼ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪ੍ਰੰਤੂ ਜ਼ਿਆਦਾਤਰ ਲੋਕਾਂ ਨੇ ਆਪਣੀ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਲਾਕਿਆਂ ’ਚ ਦਵਾਈ ਦਾ ਕੋਈ ਛਿੜਕਾਅ ਨਹੀਂ ਹੋਇਆ ਹੈ। ਅਜਿਹੇ ਆਸਾਰ ਲੱਗ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਬਾਹਰਲੇ ਮੁਲਕਾਂ ਅਤੇ ਸੂਬਿਆਂ ਦੇ ਲੋਕਾਂ ਦੇ ਪੰਜਾਬ ਵਿੱਚ ਦਾਖ਼ਲ ਹੀ ਨਾ ਹੋਣ ਦਿੱਤਾ ਜਾਵੇ। ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਅੰਦਰ ਡਰ ਅਤੇ ਖ਼ੌਫ਼ ਬਣਿਆ ਹੋਇਆ ਹੈ। ਕਿਉਂਕਿ ਚੀਨ ਅਤੇ ਹੋਰਨਾਂ ਪ੍ਰਭਾਵਿਤ ਮੁਲਕਾਂ ’ਚ ਗਏ ਵਿਅਕਤੀਆਂ ਨੇ ਵਤਨ ਪਰਤਣਾ ਸ਼ੁਰੂ ਕਰ ਦਿੱਤਾ ਹੈ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਾਅਵੇ ਵੀ ਬਿਲਕੁਲ ਖੋਖਲੇ ਸਾਬਤ ਹੋਏ। ਮੰਤਰੀ ਨੇ ਬੀਤੇ ਦਿਨੀਂ ਦੁੱਧ ਦੀ ਸਪਲਾਈ ਨੂੰ ਯਕੀਨੀ ਬਣਾਉਣ ਦਾ ਦਾਅਵਾ ਕੀਤਾ ਸੀ ਪ੍ਰੰਤੂ ਅੱਜ ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਘਰਾਂ ਵਿੱਚ ਦੁੱਧ ਦੀ ਸਪਲਾਈ ਵੀ ਨਹੀਂ ਹੋਈ। ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਅਮਨ ਕਾਨੂੰਨੀ ਦੀ ਸਥਿਤੀ ਬਣਾਈ ਰੱਖਣ ਲਈ ਖ਼ੁਦ ਮੋਰਚਾ ਸੰਭਾਲਿਆ। ਉਧਰ, ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਏਡਸੀ (ਵਿਕਾਸ\ਜਨਰਲ) ਸ੍ਰੀਮਤੀ ਆਸ਼ਿਕਾ ਜੈਨ ਅਤੇ ਐਸਡੀਐਮ ਜਗਦੀਪ ਸਹਿਗਲ ਸਮੇਤ ਹੋਰਨਾਂ ਅਧਿਕਾਰੀਆਂ ਨੇ ਮੁਹਾਲੀ ਸਮੇਤ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ਦਾ ਤੂਫ਼ਾਨੀ ਦੌਰਾ ਕਰਕੇ ਪ੍ਰਧਾਨ ਮੰਤਰੀ ਦੀ ਭਾਰਤ ਬੰਦ ਦੀ ਅਪੀਲ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਕਿਸੇ ਪਾਸਿਓਂ ਗੜਬੜੀ ਦੀ ਕੋਈ ਖ਼ਬਰ ਨਹੀਂ ਮਿਲੀ ਹੈ ਅਤੇ ਲੋਕਾਂ ਨੇ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਹੈ। ਇਸ ਬਦਲੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦਾ ਧੰਨਵਾਦ ਕੀਤਾ। (ਬਾਕਸ ਆਈਟਮ) ਸਾਬਕਾ ਕੌਂਸਲਰ ਡਾ. ਪਵਨ ਜੈਨ ਅਤੇ ਸੋਸ਼ਲ ਵਰਕਰ ਬਲਵਿੰਦਰ ਸਿੰਘ ਕੁੰਭੜਾ ਨੇ ਭਾਰਤ ਬੰਦ ਦੀ ਅਪੀਲ ਦੌਰਾਨ ਪ੍ਰਸ਼ਾਸਨ ਦੀ ਨੱਕ ਥੱਲੇ ਸ਼ਰਾਬ ਦੇ ਠੇਕੇ ਖੁੱਲ੍ਹੇ ਰੱਖਣ ਦਾ ਗੰਭੀਰ ਨੋਟਿਸ ਲੈਂਦਿਆਂ ਸਬੰਧਤ ਅਧਿਕਾਰੀਆਂ ਖ਼ਿਲਾਫ਼ ਡਿਊਟੀ ’ਚ ਲਾਪਰਵਾਹੀ ਦੇ ਦੋਸ਼ ਅਤੇ ਠੇਕੇਦਾਰਾਂ ਖ਼ਿਲਾਫ਼ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋਕਾਂ ਦੇ ਘਰਾਂ ਵਿੱਚ ਦੁੱਧ ਦੀ ਸਪਲਾਈ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਨਾਲੋਂ ਦੁੱਧ ਦੀ ਸਪਲਾਈ ਜ਼ਰੂਰੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ 31 ਮਾਰਚ ਤੱਕ ਇਹੀ ਹਾਲਾਤ ਰਹੇ ਤਾਂ ਲੋਕ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਤਰਸ ਜਾਣਗੇ। ਇਸ ਸਬੰਧੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ। (ਬਾਕਸ ਆਈਟਮ) ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਵੀ ਸੈਕਟਰ-70 ਵਿੱਚ ਸ਼ਰਾਬ ਦਾ ਠੇਕਾ ਖੁੱਲ੍ਹਾ ਹੋਣ ਦੀ ਗੱਲ ਆਖੀ। ਉਨ੍ਹਾਂ ਸਮੂਹ ਗੁਰਦੁਆਰਾ, ਮੰਦਰ ਕਮੇਟੀਆਂ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਕਰੋਨਾਵਾਇਰਸ ਦੇ ਚੱਲਦਿਆਂ ਸਮੁੱਚੇ ਇਲਾਕੇ ਨੂੰ ਸੈਨੇਟਾਈਜ਼ ਕਰਨ ਲਈ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਉਮੀਦ ਛੱਡ ਕੇ ਆਪੋ ਆਪਣੇ ਇਲਾਕਿਆਂ ਨੂੰ ਸੈਨੇਟਾਈਜ਼ ਕਰਨ ਲਈ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। (ਬਾਕਸ ਆਈਟਮ) ਨੌਜਵਾਨ ਸਰਪੰਚ ਜੱਸੀ ਬੱਲੋਮਾਜਰਾ ਨੇ ਲੋਕਾਂ ਨੂੰ ਕਰੋਨਾਵਾਇਰਸ ਦੀ ਲਪੇਟ ਵਿੱਚ ਆਉਣ ਤੋਂ ਬਚਾਉਣ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਆਪਣੇ ਸਾਥੀ ਨੌਜਵਾਨਾਂ ਨਾਲ ਮਿਲਕੇ ਅੱਜ ਸਮੁੱਚੇ ਪਿੰਡ ਵਿੱਚ ਦਵਾਈ ਦਾ ਛਿੜਕਾਅ ਕਰੇ ਸੈਨੇਟਾਈਜ਼ ਕੀਤਾ ਗਿਆ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਦਹਿਸ਼ਤ ਅਤੇ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ ਸਗੋਂ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਵਿਆਹ-ਸ਼ਾਦੀਆਂ ਅਤੇ ਹੋਰ ਇਕੱਠਾਂ ਵਿੱਚ ਜਾਣ ਤੋਂ ਗੁਰੇਜ਼ ਕਰਨ। (ਬਾਕਸ ਆਈਟਮ) ਇੱਥੋਂ ਦੇ ਸੈਕਟਰ-69 ਸਥਿਤ ਗਰੇਸ਼ੀਅਨ ਹਸਪਤਾਲ ਦੇ ਬਾਹਰ ਮੋੜ ’ਤੇ ਸ਼ਰਾਬ ਦਾ ਠੇਕਾ ਖੁੱਲ੍ਹਾ ਰਿਹਾ। ਸਵੇਰੇ ਠੇਕਾ ਖੁੱਲ੍ਹਾ ਦੇਖ ਕੇ ਲੋਕਾਂ ਨੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਤਾਂ ਤੁਰੰਤ ਪੀਸੀਆਰ ਦੀ ਟੀਮ ਮੌਕੇ ’ਤੇ ਪਹੁੰਚ ਗਈ। ਜਿਵੇਂ ਹੀ ਪੁਲੀਸ ਹੀ ਗੱਡੀ ਉੱਥੇ ਆ ਕੇ ਰੁਕੀ ਤਾਂ ਕਰਿੰਦਿਆਂ ਠੇਕੇ ਦਾ ਸ਼ਟਰ ਥੱਲੇ ਸੁੱਟ ਕੇ ਤਾਲਾ ਲਗਾ ਦਿੱਤਾ ਲੇਕਿਨ ਪੁਲੀਸ ਦੇ ਚਲੇ ਜਾਣ ਮਗਰੋਂ ਥੋੜ੍ਹੀ ਦੇਰ ਬਾਅਦ ਫਿਰ ਠੇਕਾ ਖੁੱਲ੍ਹ ਗਿਆ ਅਤੇ ਸ਼ਾਮ ਨੂੰ ਖ਼ਬਰ ਲਿਖੇ ਜਾਣ ਤੱਕ ਠੇਕਾ ਖੁੱਲ੍ਹਾ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ