ਕਰੋਨਾਵਾਇਰਸ: ਜਗਤਪੁਰਾ ਸੜਕ ਸੀਲ ਹੋਣ ਕਾਰਨ ਕਈ ਪਿੰਡਾਂ ਦੇ ਕਿਸਾਨ ਅੌਖੇ

ਕਿਸਾਨਾਂ ਵੱਲੋਂ ਅਨਾਜ ਮੰਡੀ ਵਿੱਚ ਕਣਕ ਦੀ ਫਸਲ ਵੇਚਣ ਜਾਣ ਲਈ ਜਗਤਪੁਰਾ ਲਾਂਘਾ ਖੋਲ੍ਹਣ ਦੀ ਮੰਗ

ਸਿਹਤ ਮੰਤਰੀ ਸਿੱਧੂ ਨੇ ਕਿਸਾਨਾਂ ਨੂੰ ਦਿੱਤਾ ਭਰੋਸਾ ਕਿਹਾ ਸ਼ੁੱਕਰਵਾਰ ਨੂੰ ਸੀਆਰਪੀਐਫ਼ ਹਟਾ ਕੇ ਜਗਤਪੁਰਾ ਸੜਕ ਖੋਲ੍ਹੀ ਜਾਵੇਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ:
ਪੰਜਾਬ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਹੋਣ ਦੇ ਨਾਲ-ਨਾਲ ਇਲਾਕੇ ਦੇ ਕਿਸਾਨ ਕਣਕ ਦੀ ਵਾਢੀ ਕਰਨ ਵਿੱਚ ਜੱੁਟ ਗਏ ਹਨ। ਉਂਜ ਕਰੋਨਾਵਾਇਰਸ ਦੇ ਚੱਲਦਿਆਂ ਐਤਕੀਂ ਅਨਾਜ ਮੰਡੀਆਂ ਅਤੇ ਖੇਤਾਂ ਵਿੱਚ ਬੇਰੌਣਕੀ ਪਸਰੀ ਹੋਈ ਹੈ ਅਤੇ ਕਰੋਨਾ ਦੀ ਮਹਾਮਾਰੀ ਅਤੇ ਕਰਫਿਊ ਕਾਰਨ ਕਈ ਲਾਂਘੇ ਸੀਲ ਕੀਤੇ ਜਾਣ ਕਾਰਨ ਮੁਹਾਲੀ ਦੇ ਕਈ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ ਲੈ ਕੇ ਜਾਣ ਵਿੱਚ ਦਿੱਕਤਾਂ ਆ ਰਹੀਆਂ ਹਨ।
ਪਿੰਡ ਧਰਮਗੜ੍ਹ ਦੇ ਗੁਰਦੇਵ ਸਿੰਘ ਭੁੱਲਰ, ਕੰਡਾਲਾ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ, ਮਲਕੀਤ ਸਿੰਘ, ਝਿਊਰਹੇੜੀ ਦੇ ਸਾਬਕਾ ਸਰਪੰਚ ਪ੍ਰੇਮ ਸਿੰਘ, ਪੰਡਿਤ ਸ਼ਾਮ ਲਾਲ ਝਿਊਰਹੇੜੀ, ਰਮਨ ਸਿੰਘ ਨੰਡਿਆਲੀ ਅਤੇ ਹੋਰਨਾਂ ਨੇ ਦੱਸਿਆ ਕਿ ਜਗਤਪੁਰਾ ਵਿੱਚ ਕਰੋਨਾਵਾਇਰਸ ਦਾ ਪਾਜ਼ੇਟਿਵ ਕੇਸ ਮਿਲਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਜਗਤਪੁਰਾ ਨੂੰ ਆਉਣ ਜਾਣ ਵਾਲੀ ਮੁੱਖ ਸੜਕ ’ਤੇ ਲੋਕਾਂ ਦਾ ਲਾਂਘਾ ਬੰਦ ਕੀਤਾ ਹੋਇਆ ਹੈ ਅਤੇ ਐਂਟਰੀ ਪੁਆਇੰਟ ’ਤੇ ਪੈਰਾ ਮਿਲਟਰੀ ਫੋਰਸ ਅਤੇ ਪੁਲੀਸ ਜਵਾਨ ਤਾਇਨਾਤ ਕੀਤੇ ਗਏ ਹਨ। ਜਿਸ ਕਾਰਨ ਇਸ ਇਲਾਕੇ ਕਿਸਾਨਾਂ ਨੂੰ ਸੈਕਟਰ-39 ਦੀ ਅਨਾਜ ਮੰਡੀ ਵਿੱਚ ਆਪਣੀ ਫਸਲ ਲੈ ਕੇ ਜਾਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਗਤਪੁਰਾ ਸੜਕ ਸੀਲ ਹੋਣ ਕਾਰਨ ਪਿੰਡ ਕੰਡਾਲਾ, ਝਿਊਰਹੇੜੀ, ਧਰਮਗੜ੍ਹ, ਨੰਡਿਆਲੀ, ਸਫ਼ੀਪੁਰ, ਬਾਕਰਪੁਰ, ਮਟਰਾਂ, ਬੜੀ, ਅਲੀਪੁਰ, ਸਿਆਊ, ਪੱਤੋਂ, ਕੁਰੜਾ, ਕੁਰੜੀ ਆਦਿ ਪਿੰਡਾਂ ਦੇ ਕਿਸਾਨਾਂ ਨੂੰ ਕਾਫੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਤੋਂ ਮੰਗ ਕੀਤੀ ਕਿ ਅਨਾਜ ਮੰਡੀ ਸੈਕਟਰ-39 ਵਿੱਚ ਕਣਕ ਵੇਚਣ ਜਾਣ ਲਈ ਸੀਲ ਕੀਤੀ ਜਗਤਪੁਰਾ ਸੜਕ ਨੂੰ ਲੋਕਹਿੱਤ ਵਿੱਚ ਖੋਲ੍ਹਿਆ ਜਾਵੇ ਅਤੇ ਖਾਸ ਕਰਕੇ ਕਿਸਾਨਾਂ ਨੂੰ ਮੰਡੀ ਵਿੱਚ ਟਰੈਕਟਰ-ਟਰਾਲੀ ਲੈ ਕੇ ਜਾਣ ਅਤੇ ਕਣਕ ਦੀ ਵਾਢੀ ਲਈ ਕੰਬਾਈਨਾਂ ਨੂੰ ਇਧਰਲੇ ਪਿੰਡਾਂ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇ।
(ਬਾਕਸ ਆਈਟਮ)
ਕਿਸਾਨ ਗੁਰਦੇਵ ਸਿੰਘ ਭੁੱਲਰ, ਪ੍ਰੇਮ ਸਿੰਘ ਝਿਊਰਹੇੜੀ ਅਤੇ ਸਾਬਕਾ ਸਰਪੰਚ ਸੁਰਿੰਦਰ ਸਿੰਘ ਨੇ ਇਹ ਵੀ ਮੰਗ ਕੀਤੀ ਕਿ ਤਤਕਾਲੀ ਸਰਕਾਰ ਵੱਲੋਂ ਸੋਹਾਣਾ ਵਿਚਲੀ ਅਨਾਜ ਮੰਡੀ ਮੁੜ ਤੋਂ ਚਾਲੂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਗਮਾਡਾ ਨੇ ਇਹ ਜ਼ਮੀਨ ਐਕਵਾਇਰ ਕੀਤੇ ਜਾਣ ਤੋਂ ਬਾਅਦ ਅਨਾਜ ਮੰਡੀ\ਖਰੀਦ ਕੇਂਦਰ ਸੋਹਾਣਾ ਨੂੰ ਬੰਦ ਕਰ ਦਿੱਤਾ ਗਿਆ ਸੀ। ਜਿਸ ਕਾਰਨ ਇਲਾਕੇ ਦੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਪਹਿਲਾਂ ਸੈਕਟਰ-26 ਦੀ ਮੰਡੀ ਵਿੱਚ ਜਾਣਾ ਪੈਂਦਾ ਸੀ ਅਤੇ ਹੁਣ ਸੈਕਟਰ-39 ਦੀ ਨਵੀਂ ਮੰਡੀ ਵਿੱਚ ਜਾਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੋਹਾਣਾ ਵਿੱਚ ਦੁਬਾਰਾ ਅਨਾਜ ਮੰਡੀ ਖੁੱਲ੍ਹ ਜਾਂਦੀ ਹੈ ਤਾਂ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।
(ਬਾਕਸ ਆਈਟਮ)
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਭਲਕੇ ਸ਼ੁੱਕਰਵਾਰ ਨੂੰ ਜਗਤਪੁਰਾ ਸੜਕ ਖੋਲ੍ਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 17 ਅਪਰੈਲ ਨੂੰ ਜਗਤਪੁਰਾ ਦੇ ਐਂਟਰੀ ਪੁਆਇੰਟ ਤੋਂ ਸੀਆਰਪੀਐਫ਼ ਹਟਾ ਦਿੱਤੀ ਜਾਵੇਗੀ ਅਤੇ ਲੋਕਹਿੱਤ ਵਿੱਚ ਇਹ ਲਾਂਘਾ ਖੋਲ੍ਹਿਆ ਜਾਵੇਗਾ ਤਾਂ ਜੋ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
(ਬਾਕਸ ਆਈਟਮ)
ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਨੇ ਕਿਹਾ ਕਿ ਮੁਹਾਲੀ ਵਿੱਚ ਵੱਡੇ ਪੱਧਰ ’ਤੇ ਮੈਗਾ ਹਾਊਸਿੰਗ ਦਾ ਨਿਰਮਾਣ ਹੋਣ ਕਾਰਨ ਖੇਤੀਬਾੜੀ ਯੋਗ ਰਕਬਾ ਕਾਫੀ ਘੱਟ ਗਿਆ ਹੈ। ਇਸ ਲਈ ਹੁਣ ਸੋਹਾਣਾ ਵਿੱਚ ਨਵੀਂ ਅਨਾਜ ਮੰਡੀ ਜਾਂ ਖ਼ਰੀਦ ਕੇਂਦਰ ਬਣਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਕਿਸਾਨਾਂ ਦੀ ਸਹੂਲਤ ਲਈ ਭਾਗੋਮਾਜਰਾ ਅਤੇ ਪਿੰਡ ਸਨੇਟਾ ਵਿੱਚ ਅਨਾਜ ਮੰਡੀਆਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਚੱਪੜਚਿੜੀ ਜੰਗੀ ਯਾਦਗਾਰ ਨੇੜੇ ਆਰਜ਼ੀ ਤੌਰ ’ਤੇ ਖ਼ਰੀਦ ਕੇਂਦਰ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਪੁੱਜੀ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆਂ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…