Nabaz-e-punjab.com

ਕਰੋਨਾਵਾਇਰਸ: ਮੁਹਾਲੀ ਵਿੱਚ ਪਹਿਲੀ ਮੌਤ, ਨਵਾਂ ਗਰਾਓਂ ਦੇ ਕਰੋਨਾ ਪੀੜਤ ਬਜ਼ੁਰਗ ਨੇ ਦਮ ਤੋੜਿਆਂ

ਮ੍ਰਿਤਕ ਮਰੀਜ਼ ਦੇ ਮੁਹੱਲੇ ਦੇ ਡੇਢ ਦਰਜਨ ਪਰਿਵਾਰਾਂ ਨੂੰ ਘਰਾਂ ’ਚ ਕੀਤਾ ਨਜ਼ਰਬੰਦ

ਮ੍ਰਿਤਕ ਓਮ ਪ੍ਰਕਾਸ਼ ਦੇ ਮੁਹਾਲੀ ’ਚ ਰਹਿੰਦੇ ਚਾਰ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਾਰਚ:
ਨਵਾਂ ਗਰਾਓਂ (ਮੁਹਾਲੀ) ਦੇ ਵਸਨੀਕ ਕਰੋਨਾ ਪੀੜਤ ਓਮ ਪ੍ਰਕਾਸ਼ (65) ਦੀ ਮੌਤ ਹੋ ਗਈ। ਉਹ ਆਪਣੇ ਪਰਿਵਾਰ ਨਾਲ ਦਸਮੇਸ਼ ਨਗਰ (ਨਵਾਂ ਗਰਾਓਂ) ਵਿੱਚ ਰਹਿੰਦਾ ਸੀ। ਬੀਤੇ ਕੱਲ੍ਹ ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਸ ਨੂੰ ਪੀਜੀਆਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਜੱਦੀ ਜ਼ਿਲ੍ਹਾ ਮੁਹਾਲੀ ਵਿੱਚ ਕਰੋਨਾਵਾਇਰਸ ਪੀੜਤ ਮਰੀਜ਼ ਦੀ ਪਹਿਲੀ ਮੌਤ ਹੋਣ ਕਾਰਨ ਇਲਾਕੇ ਦੇ ਲੋਕ ਭੈਅ-ਭੀਤ ਹਨ। ਉਂਜ ਸੂਬੇ ਵਿੱਚ ਹੁਣ ਤੱਕ ਕਰੋਨਾ ਪੀੜਤ 4 ਮਰੀਜ਼ਾਂ ਦੀ ਮੌਤ ਹੋ ਚੁੱਕੀਆਂ ਹਨ। ਮ੍ਰਿਤਕ ਓਮ ਪ੍ਰਕਾਸ਼ ਦੇ ਇੱਥੋਂ ਦੇ ਸੈਕਟਰ-69 ਵਿੱਚ ਰਹਿੰਦੇ ਚਾਰ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਉਣ ਨਾਲ ਸਿਹਤ ਵਿਭਾਗ ਨੇ ਸੁੱਖ ਦਾ ਸਾਹ ਲਿਆ ਹੈ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਰੋਨਾ ਪੀੜਤ ਓਮ ਪ੍ਰਕਾਸ਼ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਰੀਜ਼ ਦੀ ਪੀਜੀਆਈ ਵਿੱਚ ਅੱਜ ਦੁਪਹਿਰ 1 ਵਜੇ ਮੌਤ ਹੋਈ ਹੈ। ਉਧਰ, ਇਹ ਇਲਾਕਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ੀ ਦੇ ਬਿਲਕੁਲ ਨੇੜੇ ਹੋਣ ਕਾਰਨ ਮੁਹਾਲੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਮ੍ਰਿਤਕ ਓਮ ਪ੍ਰਕਾਸ਼ ਜਿਸ ਇਮਾਰਤ ਵਿੱਚ ਰਹਿੰਦਾ ਸੀ। ਉੱਥੇ ਕਰੀਬ ਡੇਢ ਦਰਜਨ ਹੋਰ ਪਰਿਵਾਰ ਵੀ ਰਹਿੰਦੇ ਹਨ। ਸਿਹਤ ਵਿਭਾਗ ਨੇ ਹੁਣ ਉਨ੍ਹਾਂ ਸਾਰੇ ਪਰਿਵਾਰਾਂ ਨੂੰ ਹਾਊਸ ਆਈਸੋਲੇਸ਼ਨ ਤਹਿਤ ਆਪੋ ਆਪਣੇ ਘਰਾਂ ਵਿੱਚ ਨਜ਼ਰਬੰਦ ਰਹਿਣ ਲਈ ਕਿਹਾ ਗਿਆ ਹੈ। ਹਾਲਾਂਕਿ ਬੀਤੇ ਦਿਨੀਂ ਓਮ ਪ੍ਰਕਾਸ਼ ਦੀ ਰਿਪੋਰਟ ਪਾਜ਼ੇਟਿਵ ਆਉਣ ’ਤੇ ਪੂਰਾ ਇਲਾਕਾ ਸੀਲ ਕਰਕੇ ਐਂਟਰੀ ਪੁਆਇੰਟਾਂ ’ਤੇ 40 ਤੋਂ ਵੱਧ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਅਤੇ ਪੂਰੇ ਮੁਹੱਲੇ ਨੂੰ ਸੈਨੇਟਾਈਜ਼ ਕੀਤਾ ਗਿਆ ਸੀ ਲੇਕਿਨ ਅੱਜ ਮਰੀਜ਼ ਦੀ ਮੌਤ ਤੋਂ ਬਾਅਦ ਸਮੁੱਚੇ ਇਲਾਕੇ ਨੂੰ ਸੈਨੇਟਾਈਜ਼ ਕੀਤਾ ਗਿਆ ਅਤੇ ਆਮ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਪ੍ਰੇਰਿਆ ਜਾ ਰਿਹਾ ਹੈ।
ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਹੁਣ ਮ੍ਰਿਤਕ ਮਰੀਜ਼ ਦੇ ਨਜ਼ਦੀਕੀ ਰਿਸ਼ਤੇਦਾਰਾਂ ਸਮੇਤ ਹੁਣ ਤੱਕ ਉਸ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਭਾਲ ਕਰਨ ਵਿੱਚ ਜੁੱਟ ਗਈਆਂ ਹਨ। ਸੋਮਵਾਰ ਨੂੰ ਵੀ ਓਮ ਪ੍ਰਕਾਸ਼ ਦੇ ਪਰਿਵਾਰਕ ਮੈਂਬਰਾਂ ਸਮੇਤ ਮੁਹਾਲੀ ਵਿੱਚ ਰਹਿੰਦੇ ਕਰੀਬ ਡੇਢ ਦਰਜਨ ਰਿਸ਼ਤੇਦਾਰਾਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਮ੍ਰਿਤਕ ਓਮ ਪ੍ਰਕਾਸ਼ ਦੇ ਇੱਥੋਂ ਦੇ ਸੈਕਟਰ-69 ਵਿੱਚ ਰਹਿੰਦੇ ਚਾਰ ਪਰਿਵਾਰਕ ਮੈਂਬਰਾਂ ਜਿਨ੍ਹਾਂ ਵਿੱਚ ਮ੍ਰਿਤਕ ਦਾ ਬੇਟਾ, ਉਸ ਦੀ ਪਤਨੀ ਅਤੇ ਦੋ ਬੱਚਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਿਨ੍ਹਾਂ ਸਾਰਿਆਂ ਨੂੰ ਹਾਊਸ ਆਈਸੋਲੇਸ਼ਨ ਤਹਿਤ ਆਪਣੇ ਘਰ ਵਿੱਚ ਨਜ਼ਰਬੰਦ ਰਹਿਣ ਲਈ ਕਿਹਾ ਗਿਆ ਹੈ।
(ਬਾਕਸ ਆਈਟਮ)
ਕਰੋਨਾਵਾਇਰਸ ਤੋਂ ਪੀੜਤ ਮੁਹਾਲੀ ਦੇ ਛੇ ਮਰੀਜ਼ਾਂ ਇੱਥੋਂ ਦੇ ਫੇਜ਼-3ਏ ਦੀ ਵਸਨੀਕ ਗੁਰਦੇਵ ਕੌਰ (69), ਉਸ ਵੱਡੀ ਭੈਣ ਰੇਸ਼ਮ ਕੌਰ (74), ਸੈਕਟਰ-69 ਦਾ ਅਮਨਦੀਪ ਸਿੰਘ (40), ਉਸ ਦੀ ਪਤਨੀ ਆਰਤੀ ਸ਼ਰਮਾ (36), ਫੇਜ਼-5 ਦੀ ਰੰਜਨਾ ਦੇਵੀ ਅਤੇ ਉਸ ਦੀ ਪੀਜੀ ਮਾਲਕਣ ਕੁਲਵੰਤ ਕੌਰ ਪੀਜੀਆਈ ਸਮੇਤ ਹੋਰ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਇਨ੍ਹਾਂ ਸਾਰਿਆਂ ਦੀ ਹਾਲਤ ਬਿਲਕੁਲ ਠੀਕ ਦੱਸੀ ਜਾ ਰਹੀ ਹੈ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਓਮ ਪ੍ਰਕਾਸ਼ ਦੀ ਮੌਤ ਹੋਣ ਦੇ ਬਾਵਜੂਦ ਮੁਹਾਲੀ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਅਤੇ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਗੋਂ ਆਪਣੇ ਘਰਾਂ ਵਿੱਚ ਰਹਿ ਕੇ ਇਸ ਬਿਮਾਰੀ ਤੋਂ ਅੱਗੇ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਾਲੇ ਵੀ 525 ਤੋਂ ਵੱਧ ਵਿਅਕਤੀ ਹਾਊਸ ਆਈਸੋਲੇਸ਼ਨ ਤਹਿਤ ਘਰਾਂ ਵਿੱਚ ਨਜ਼ਰਬੰਦ ਹਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਘਰੇਲੂ ਕੁਆਰੰਟੀਨ ਦਾ ਮਤਲਬ ਇਹ ਨਹੀਂ ਕਿ ਕੋਈ ਵਿਅਕਤੀ ਕਰੋਨਾਵਾਇਰਸ ਦੇ ਲੱਛਣ ਵਾਲਾ ਹੈ ਜਾਂ ਇਸ ਵਾਇਰਸ ਲਈ ਸਕਾਰਾਤਮਿਕ ਹੈ। ਇਹ ਸਿਰਫ਼ ਇਕ ਸਾਵਧਾਨੀ ਉਪਾਅ ਹੈ।

Load More Related Articles
Load More By Nabaz-e-Punjab
Load More In General News

Check Also

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ ਬੀਬੀ ਜਰਨੈਲ ਕੌਰ ਰਾਮੂਵਾਲੀਆ ਨਮਿੱਤ ਅੰ…