Nabaz-e-punjab.com

ਕਰੋਨਾਵਾਇਰਸ: ਜਿੰਮ ਬੰਦ ਰੱਖਣ ਦੇ ਹੁਕਮਾਂ ਤੋਂ ਜਿੰਮ ਮਾਲਕ ਅੌਖੇ, ਵਿੱਤੀ ਘਾਟੇ ਦਾ ਰੋਣਾ ਰੋਇਆ

ਮੁਹਾਲੀ ਵਿੱਚ ਕਿਰਾਏ ਦੀਆਂ ਇਮਾਰਤਾਂ ’ਚ ਚੱਲ ਰਹੇ ਨੇ 90 ਤੋਂ 95 ਫੀਸਦੀ ਜਿੰਮ, ਜਿੰਮ ਮਾਲਕਾਂ ਨੇ ਖ਼ਰਚੇ ਗਿਣਵਾਏ

ਜਿੰਮ ਮਾਲਕਾਂ ਨੇ ਪੰਜਾਬ ਸਰਕਾਰ ਨੂੰ ਲਗਾਈ ਵਿੱਤੀ ਘਾਟਾ ਪੂਰਾ ਕਰਨ ਦੀ ਗੁਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਕਰੋਨਾਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਵਿੱਚ ਅਗਲੇ ਹੁਕਮਾਂ ਤੱਕ ਜਿੰਮ ਮੁਕੰਮਲ ਤੌਰ ’ਤੇ ਬੰਦ ਰੱਖਣ ਦੇ ਤਾਜ਼ਾ ਆਦੇਸ਼ਾਂ ਤੋਂ ਜਿੰਮ ਮਾਲਕ ਕਾਫੀ ਅੌਖੇ ਹਨ। ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਈ ਜਿੰਮ ਮਾਲਕਾਂ ਨੇ ਵਿੱਤੀ ਘਾਟੇ ਦਾ ਰੋਣਾ ਰੋਂਦਿਆਂ ਸੂਬਾ ਸਰਕਾਰ ਤੋਂ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਗੁਹਾਰ ਲਗਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਵਿੱਚ 100 ਤੋਂ ਵੱਧ ਜਿੰਮ ਸਥਾਪਿਤ ਹਨ। ਜਿਨ੍ਹਾਂ ’ਚੋਂ 90 ਤੋਂ 95 ਫੀਸਦੀ ਜਿੰਮ ਕਿਰਾਏ ਦੀਆਂ ਇਮਾਰਤਾਂ ਵਿੱਚ ਚੱਲ ਰਹੇ ਹਨ। ਜਿਨ੍ਹਾਂ ਨੂੰ ਕਰੀਬ 1 ਲੱਖ ਰੁਪਏ ਤੱਕ ਕਿਰਾਇਆ ਦੇਣ ਦੇ ਨਾਲ ਨਾਲ ਦਫ਼ਤਰੀ ਸਟਾਫ਼ ਅਤੇ ਜਿੰਮ ਟਰੇਨਰਾਂ ਨੂੰ ਚੰਗੀਆਂ ਤਨਖ਼ਾਹਾਂ ਦੇਣੀਆਂ ਪੈਂਦੀਆਂ ਹਨ। ਜਿੰਮ ਮਾਲਕਾਂ ਨੂੰ ਸਭ ਤੋਂ ਵੱਡੀ ਮਾਰ ਇਹ ਪੈ ਰਹੀ ਹੈ ਜਿਨ੍ਹਾਂ ਲੋਕਾਂ ਨੇ ਜਿੰਮ ਵਿੱਚ ਕਸਰਤ ਕਰਨ ਲਈ ਐਡਵਾਂਸ ਪੈਸੇ ਦਿੱਤੇ ਹੋਏ ਹਨ। ਹੁਣ ਉਹ ਆਪਣੇ ਪੈਸੇ ਵਾਪਸ ਮੰਗ ਰਹੇ ਹਨ।
ਇੰਡੀਅਨ ਬਾਡੀ ਬਿਲਡਰ ਫੈਡਰੇਸ਼ਨ (ਆਈਬੀਬੀਐਫ਼) ਦੇ ਮੀਤ ਪ੍ਰਧਾਨ ਅਤੇ ਹਾਈਬ੍ਰਿਡ ਫਿਟਨੈਸ ਸੈਕਟਰ-71 ਦੇ ਮਾਲਕ ਅਰਵਿੰਦ ਸਿੰਘ ਨੇ ਉਹ ਜਿੰਮ ਦੀ ਇਮਾਰਤ ਹਰੇਕ ਮਹੀਨੇ ਡੇਢ ਲੱਖ ਰੁਪਏ ਕਿਰਾਇਆ ਦਿੰਦੇ ਹਨ ਅਤੇ ਲਗਭਗ ਏਨੇ ਹੀ ਪੈਸੇ ਜਿੰਮ ਟਰੇਨਰਾਂ ਅਤੇ ਸਟਾਫ਼ ਨੂੰ ਤਨਖ਼ਾਹ ਦੇ ਰੂਪ ਵਿੱਚ ਦਿੱਤੇ ਜਾਂਦੇ ਹਨ। ਲੇਕਿਨ ਹੁਣ ਕਰੋਨਾਵਾਇਰਸ ਦੇ ਚੱਲਦਿਆਂ ਸਰਕਾਰ ਵੱਲੋਂ ਅਚਾਨਕ ਜਿੰਮ ਬੰਦ ਰੱਖਣ ਦੇ ਹੁਕਮ ਜਾਰੀ ਕਰਨ ਨਾਲ ਉਨ੍ਹਾਂ ਕਾਫੀ ਵਿੱਤੀ ਘਾਟਾ ਪਿਆ ਹੈ। ਹੁਣ ਜਿੰਮ ਦੀ ਇਮਾਰਤ ਦਾ ਕਿਰਾਇਆ ਅਤੇ ਟਰੇਨਰਾਂ ਅਤੇ ਸਟਾਫ਼ ਦੀ ਤਨਖ਼ਾਹ ਉਨ੍ਹਾਂ ਨੂੰ ਆਪਣੇ ਜੇਬ ’ਚੋਂ ਦੇਣੀ ਪਵੇਗੀ। ਜਦੋਂਕਿ ਉਹ ਏਨਾ ਖ਼ਰਚਾ ਝੱਲਣ ਦੇ ਸਮਰਥ ਨਹੀਂ ਹਨ।
ਅਰਵਿੰਦ ਨੇ ਦਾਅਵਾ ਕੀਤਾ ਕਿ ਜਿੰਮ ਵਿੱਚ ਆਉਣ ਵਾਲੇ ਲੋਕ ਸਿਹਤ ਪੱਖੋ ਤੰਦਰੁਸਤ ਹੁੰਦੇ ਹਨ ਅਤੇ ਬਿਮਾਰੀਆਂ ਉਨ੍ਹਾਂ ਦੇ ਨੇੜੇ ਤੇੜੇ ਵੀ ਨਹੀਂ ਆਉਂਦੀਆਂ ਹਨ। ਕਿਉਂਕਿ ਜਿੰਮ ਲਗਾਉਣ ਵਾਲੇ ਵਿਅਕਤੀ ਚੰਗੀ ਖੁਰਾਕ ਖਾਂਧੇ ਹਨ। ਪ੍ਰੰਤੂ ਹੁਣ ਇਕਦਮ ਜਿੰਮ ਛੱਡਣ ਨਾਲ ਉਨ੍ਹਾਂ ਦੀ ਸਿਹਤ ’ਤੇ ਮਾੜਾ ਅਸਰ ਪੈ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਪੂਰੀ ਸਾਵਧਾਨੀ ਵਰਤਦੇ ਹਨ ਅਤੇ ਜਿੰਮ ਵਿੱਚ ਸਾਰੀਆਂ ਮਸ਼ੀਨਾਂ ਨੂੰ ਸੈਨੇਟਾਈਜਰ ਕੀਤਾ ਜਾ ਰਿਹਾ ਸੀ।
ਫਿੱਟ ਐਂਡ ਲਿਟ ਫੇਜ਼-7 ਦੇ ਮਾਲਕ ਸੁਮਿਤ ਕੁਮਾਰ ਦਾ ਕਹਿਣਾ ਹੈ ਕਿ ਸਰਕਾਰ ਨੇ ਜਿੰਮ ਤਾਂ ਬੰਦ ਕਰਵਾ ਦਿੱਤੇ ਹਨ ਪ੍ਰੰਤੂ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਸਮੇਤ ਸਿੱਖਿਆ ਬੋਰਡ, ਗਮਾਡਾ\ਪੁੱਡਾ, ਵਿਕਾਸ ਭਵਨ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਆਦਿ ਸਾਰੇ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹੇ ਹਨ। ਜਦੋਂਕਿ ਇਨ੍ਹਾਂ ਸਰਕਾਰੀ ਦਫ਼ਤਰਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਅਧਿਕਾਰੀ ਅਤੇ ਕਰਮਚਾਰੀ ਰੋਜ਼ਾਨਾ ਡਿਊਟੀ ’ਤੇ ਆਉਂਦੇ ਹਨ। ਉਨ੍ਹਾਂ ਸੁਆਲ ਕੀਤਾ ਕੀ ਸਰਕਾਰੀ ਦਫ਼ਤਰ ਕਰੋਨਾਵਾਇਰਸ ਤੋਂ ਮੁਕਤ ਹਨ? ਸੁਮਿਤ ਨੇ ਕਿਹਾ ਕਿ ਮਾਲ ਸਮੇਤ ਹੋਰ ਵੱਡੀਆਂ ਫਰਮਾਂ ਖੁੱਲ੍ਹੀਆਂ ਹਨ। ਸਿਰਫ਼ ਛੋਟੇ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ।
ਹੰਕਸ ਮੇਨੀਆ ਜਿੰਮ ਫੇਜ਼-7 ਦੇ ਮਾਲਕ ਬੱਬਲੂ ਠਾਕਰ ਨੇ ਕਿਹਾ ਕਿ ਦੇਸ਼ ਵਿੱਚ ਪਹਿਲਾਂ ਹੀ ਆਰਥਿਕ ਮੰਦੀ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਪਏ ਹਨ। ਹੁਣ ਬਿਮਾਰੀ ਦੀ ਆੜ ਵਿੱਚ ਜਿੰਮ ਬੰਦ ਕਰਵਾਉਣ ਕਾਰਨ ਉਨ੍ਹਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਵੱਡੇ ਜਿੰਮਾਂ ਵਾਲੇ ਤਾਂ ਸਾਲਾਨਾ ਅਤੇ ਛਿਮਾਹੀ ਦੇ ਪੈਕੇਜ ਦੇ ਹਿਸਾਬ ਨਾਲ ਪਹਿਲਾਂ ਹੀ ਐਡਵਾਂਸ ਲੈ ਲੈਂਦੇ ਹਨ ਪ੍ਰੰਤੂ ਛੋਟੇ ਜਿੰਮ ਮਹੀਨਾਵਾਰ ਫੀਸ ਲੈਂਦੇ ਹਨ। ਸਰਕਾਰ ਦੇ ਤਾਜ਼ਾ ਹੁਕਮਾਂ ਨਾਲ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿੰਮ ਬੰਦ ਰਹਿਣ ਕਾਰਨ ਵਿੱਤੀ ਘਾਟੇ ਦੀ ਭਰਪਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਲਦੀ ਹੀ ਉਹ ਮੁੱਖ ਸਕੱਤਰ ਅਤੇ ਰਾਜ ਕੁਮਾਰ ਵੇਰਕਾ ਨੂੰ ਮਿਲ ਰਹੇ ਹਨ ਅਤੇ ਜੇਕਰ ਲੋੜ ਪਈ ਤਾਂ ਉੱਚ ਅਦਾਲਤ ਦਾ ਬੂਹਾ ਖੜਕਾਇਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…