nabaz-e-punjab.com

ਕਰੋਨਾਵਾਇਰਸ: ਸਿਹਤ ਵਿਭਾਗ ਦੀ ਟੀਮ ਵੱਲੋਂ ਮੁਹਾਲੀ ਵਿੱਚ 494 ਘਰਾਂ ਦਾ ਸਰਵੇ, 1339 ਲੋਕਾਂ ਦੀ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ:
ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਸੋਮਵਾਰ ਨੂੰ ਮੁਹਾਲੀ ਵਿੱਚ ਮੁੱਢਲਾ ਸਿਹਤ ਕੇਂਦਰ ਘੜੂੰਆਂ ਦੀ ਇੰਚਾਰਜ ਐਸਐਮਓ ਡਾ. ਕੁਲਜੀਤ ਕੌਰ ਦੀ ਅਗਵਾਈ ਹੇਠ 494 ਘਰਾਂ ਦਾ ਸਰਵੇ ਕਰਕੇ ਲੋਕਾਂ ਨੂੰ ਕਰੋਨਾਵਾਇਰਸ ਤੋਂ ਬਚਨ ਲਈ ਜ਼ਰੂਰੀ ਸਾਵਧਾਨੀਆਂ ਬਾਰੇ ਦੱਸਿਆ ਅਤੇ ਇਸ ਦੌਰਾਨ 1339 ਲੋਕਾਂ ਦੀ ਜਾਂਚ ਕੀਤੀ ਗਈ। ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਇੱਥੋਂ ਦੇ ਸੈਕਟਰ-68 ਅਤੇ ਸੈਕਟਰ-91 ਵਿੱਚ ਚਾਰ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਮੁੱਢਲਾ ਸਿਹਤ ਕੇਂਦਰ ਘੜੂੰਆਂ ਦੀ ਐਸਐਮਓ ਡਾ. ਕੁਲਜੀਤ ਕੌਰ ਦੀ ਅਗਵਾਈ ਹੇਠ ਪਿੰਡ ਕੁੰਭੜਾ ਵਿੱਚ 327 ਘਰਾਂ ਦਾ ਸਰਵੇ ਕੀਤਾ ਅਤੇ 815 ਵਿਅਕਤੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ। ਇੰਜ ਹੀ ਸੈਕਟਰ-91 ਵਿੱਚ 167 ਘਰਾਂ ਵਿੱਚ ਦਸਤਕ ਦਿੱਤੀ ਅਤੇ 524 ਵਿਅਕਤੀਆਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਿੱਚ ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਹਨ। ਲੋਕਾਂ ਕੋਲੋਂ ਖੰਘ, ਜ਼ੁਕਾਮ, ਬੁਖ਼ਾਰ ਹੋਣ ਬਾਰੇ ਜਾਣਕਾਰੀ ਲਈ ਗਈ ਅਤੇ ਕਿਸੇ ਵੀ ਵਿਅਕਤੀ ਵਿੱਚ ਕਰੋਨਾਵਾਇਰਸ ਦੀ ਬਿਮਾਰੀ ਦੇ ਲੱਛਣ ਨਜ਼ਰ ਨਹੀਂ ਆਏ ਹਨ। ਸਿਹਤ ਟੀਮਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਸਮਾਜਿਕ ਦੂਰੀ ਰੱਖਣ, ਵਾਰ-ਵਾਰ ਹੱਥ ਧੋਣ, ਚੰਗੀ ਖ਼ੁਰਾਕ ਖਾਣ ਅਤੇ ਬਾਹਰ ਨਾ ਨਿਕਲਣ ਲਈ ਪ੍ਰੇਰਿਤ ਕੀਤਾ।
ਸਿਵਲ ਸਰਜਨ ਅਤੇ ਨੋਡਲ ਅਫ਼ਸਰ ਨੇ ਦੱਸਿਆ ਕਿ ਪਿੰਡ ਜਵਾਹਰਪੁਰ ਵਿੱਚ ਕਰੋਨਾਵਾਇਰਸ ਤੋਂ ਪੀੜਤ ਕੇਸ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਨੂੰ ਸੀਲ ਕਰ ਦਿੱਤਾ ਹੈ। ਪਿੰਡ ਕੁੰਭੜਾ, ਮੌਲੀ ਬੈਦਵਾਨ, ਨਵਾਂ ਗਉਂ ਅਤੇ ਜਗਤਪੁਰਾ ਵੀ ਹਾਲੇ ਤੱਕ ਸੀਲ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜਵਾਹਰਪੁਰ ਵਿੱਚ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਅਹਿਤਿਆਤ ਵਜੋਂ ਦੂਜੇ ਪਰਿਵਾਰਕ ਮੈਂਬਰਾਂ ਤੋਂ ਅਲੱਗ-ਅਲੱਗ ਕਰਕੇ ਹਾਊਸ ਆਈਸੋਲੇਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਪ੍ਰਭਾਵਿਤ ਇਲਾਕਿਆਂ ਵਿੱਚ ਸਰਵੇ ਦਾ ਕੰਮ ਜਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਖੰਘ, ਜ਼ੁਕਾਮ, ਤੇਜ਼ ਬੁਖ਼ਾਰ, ਸਾਹ ਲੈਣ ਵਿੱਚ ਕੋਈ ਤਕਲੀਫ਼ ਹੋਵੇ ਤਾਂ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਤੁਰੰਤ ਸੰਪਰਕ ਕਰ ਕੇ ਸੂਚਨਾ ਦਿੱਤੀ ਜਾਵੇ।
(ਬਾਕਸ ਆਈਟਮ)
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਾਰਡੀਅਨਜ ਆਫ਼ ਗਵਰਨੈਂਸ (ਜੀਓਜੀ) ਦੀਆਂ ਸੇਵਾਵਾਂ ਲਈਆਂ ਜਾਣਗੀਆਂ ਤਾਂ ਜੋ ਕਰੋਨਾਵਾਇਰਸ ਦੇ ਚੱਲਦਿਆਂ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਆਵੇ। ਮੁਹਾਲੀ ਦੇ ਡਿਪਟੀ ਕਮਿਸਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਜੀਓਜੀ ਵੱਖ-ਵੱਖ ਕਾਰਜਾਂ ਵਿੱਚ ਸਹਿਯੋਗ ਕਰਨਗੇ। ਜਿਸ ਵਿੱਚ ਬੈਂਕਾਂ ਵਿੱਚ ਜਨਤਕ ਲੈਣ-ਦੇਣ ਸਮੇਂ ਸਮਾਜਿਕ ਦੂਰੀਆਂ ਦੇ ਦਿਸ਼ਾ-ਨਿਰਦੇਸਾਂ ’ਤੇ ਅਮਲ ਨੂੰ ਯਕੀਨੀ ਬਣਾਉਣਾ ਹੈ। ਉਹ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਅਤੇ ਸਬੰਧਤ ਚੁਣੇ ਗਏ ਨੁਮਾਇੰਦਿਆਂ ਨਾਲ ਵੀ ਤਾਲਮੇਲ ਕਰਨਗੇ। ਇਸ ਤੋਂ ਇਲਾਵਾ ਜੀਓਜੀ ਦੇ ਨੁਮਾਇੰਦੇ ਹਾਊਸ ਆਈਸੋਲੇਸ਼ਨ ਤਹਿਤ ਘਰਾਂ ਵਿੱਚ ਨਜ਼ਰਬੰਦ ਲੋਕਾਂ ’ਤੇ ਵੀ ਸਖ਼ਤ ਨਜ਼ਰ ਰੱਖਣਗੇ, ਤਾਂ ਜੋ ਉਹ ਘਰੇਲੂ ਕੁਆਰੰਟੀਨ ਦੌਰਾਨ ਬਾਹਰ ਨਾ ਆ ਜਾ ਸਕਣ। ਉਹ ਸਬੰਧਤ ਸਬ ਡਿਵੀਜ਼ਨ ਦੇ ਐਸਡੀਐਮਜ, ਪੁਲੀਸ ਅਤੇ ਚੁਣੇ ਹੋਏ ਨੁਮਾਇੰਦਿਆਂ ਨਾਲ ਤਾਲਮੇਲ ਕਰਨਗੇ ਅਤੇ ਰੋਜ਼ਾਨਾ ਸਬੰਧਤ ਇਲਾਕੇ ਦੇ ਐਸਡੀਐਮ ਨੂੰ ਰਿਪੋਰਟ ਦੇਣਗੇ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…