Nabaz-e-punjab.com

ਕਰੋਨਾਵਾਇਰਸ: ਸਿਹਤ ਮੰਤਰੀ ਨੇ ਗ੍ਰਹਿ ਸਕੱਤਰ ਤੋਂ ਰਿਪੋਰਟ ਮੰਗੀ

ਦੱਸਿਆ ਜਾਵੇ ਹੁਣ ਤੱਕ ਬਾਹਰਲੇ ਮੁਲਕਾਂ ਤੋਂ ਕਿੰਨੇ ਲੋਕ ਪੰਜਾਬ ਆਏ, ਕੀ ਉਨ੍ਹਾਂ ਬਾਰੇ ਏਅਰਪੋਰਟ ਅਥਾਰਟੀ ਨੇ ਸੂਚਨਾ ਦਿੱਤੀ

ਕੀ ਇਹ ਲੋਕ 14 ਦਿਨਾਂ ਆਪਣੇ ਘਰਾਂ ਵਿੱਚ ਨਜ਼ਰਬੰਦ ਰਹੇ ਹਨ, ਹਸਪਤਾਲਾਂ ’ਚ ਜੇਰੇ ਇਲਾਜ ਮਰੀਜ਼ਾਂ ਦੀ ਹਾਲਤ ਠੀਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ:
ਪੰਜਾਬ ਵਿੱਚ ਕਰੋਨਾਵਾਇਰਸ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਜਿੱਥੇ ਸੂਬਾ ਸਰਕਾਰ ਨੇ 31 ਮਾਰਚ ਤੱਕ ਕਰਫਿਊ ਲਗਾ ਦਿੱਤਾ ਗਿਆ ਹੈ। ਉੱਥੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਦੇਸ਼ੀ ਮੁਲਕਾਂ ਤੋਂ ਪਰਤ ਰਹੇ ਵਿਅਕਤੀਆਂ ਬਾਰੇ ਪੰਜਾਬ ਦੇ ਗ੍ਰਹਿ ਸਕੱਤਰ ਤੋਂ ਰਿਪੋਰਟ ਤਲਬ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਖ਼ਤਰਨਾਕ ਵਾਇਰਸ ਫੈਲਣ ਤੋਂ ਬਾਅਦ ਵਾਪਸ ਆ ਰਹੇ ਜਾਂ ਹੁਣ ਤੱਕ ਕਿੰਨੇ ਵਿਅਕਤੀ ਕਿਹੜੇ ਕਿਹੜੇ ਮੁਲਕਾਂ ਤੋਂ ਕਿੰਨੇ ਦਿਨ ਰਹਿ ਕੇ ਆਏ ਹਨ, ਉਨ੍ਹਾਂ ਸਾਰਿਆਂ ਬਾਰੇ ਜਾਣਕਾਰੀ ਮੰਗੀ ਹੈ। ਸਿਹਤ ਮੰਤਰੀ ਇਹ ਵੀ ਪਤਾ ਕਰ ਰਹੇ ਹਨ ਕਿ ਕਿਹੜੇ ਲੋਕ ਬਾਹਰਲੇ ਮੁਲਕਾਂ ’ਚੋਂ ਪੰਜਾਬ ਵਿੱਚ ਆਏ ਹਨ ਕੀ ਉਨ੍ਹਾਂ ਦੀ ਹਵਾਈ ਅੱਡਿਆਂ ’ਤੇ ਮੈਡੀਕਲ ਜਾਂਚ ਹੋਈ ਹੈ ਜਾਂ ਨਹੀਂ? ਇਸ ਤੋਂ ਇਲਾਵਾ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਉਹ ਵਤਨ ਪਰਤਣ ਤੋਂ ਬਾਅਦ 14 ਦਿਨ ਹਾਊਸ ਆਈਸੋਲੇਸ਼ਨ (ਘਰਾਂ ਵਿੱਚ ਨਜ਼ਰਬੰਦ) ਵਿੱਚ ਰਹੇ ਹਨ।
ਸ੍ਰੀ ਸਿੱਧੂ ਨੇ ਸਪੱਸ਼ਟ ਕੀਤਾ ਕਿ ਮੁਹਾਲੀ ਸਮੇਤ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ ਕਰੋਨਾਵਾਇਰਸ ਤੋਂ ਪੀੜਤ ਮਰੀਜ਼ਾਂ ਅਤੇ ਸ਼ੱਕੀ ਮਰੀਜ਼ਾਂ ਦੀ ਹਾਲਤ ਫਿਲਹਾਲ ਪੂਰੀ ਤਰ੍ਹਾਂ ਠੀਕ ਹੈ। ਉਨ੍ਹਾਂ ਲੋਕਾਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਦਹਿਸ਼ਤ ਵਿੱਚ ਨਾ ਆਉਣ ਸਗੋਂ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪੋ ਆਪਣੇ ਘਰਾਂ ਵਿੱਚ ਰਹਿਣਾ ਯਕੀਨੀ ਬਣਾਉਣ। ਕਿਉਂਕਿ ਇਕ ਦੂਜੇ ਨਾਲ ਸੰਪਰਕ ਤੋੜ ਕੇ ਇਸ ਮਹਾਂਮਾਰੀ ਨੂੰ ਮਾਤ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਾਰੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲਾਂ, ਛੋਟੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡ ਸਥਾਪਿਤ ਕੀਤੇ ਗਏ ਹਨ। ਇਹੀ ਨਹੀਂ ਪੇਂਡੂ ਡਿਸਪੈਂਸਰੀਆਂ ਵਿੱਚ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸਾਰੇ ਨਿੱਜੀ ਹਸਪਤਾਲਾਂ ਤੋਂ ਮਦਦ ਲਈ ਜਾ ਰਹੀ ਹੈ।
ਸਿਹਤ ਮੰਤਰੀ ਨੇ ਇਹ ਵੀ ਅਪੀਲ ਕੀਤੀ ਕਿ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਅਤੇ ਵੱਧ ਤੋਂ ਵੱਧ ਸਾਵਧਾਨੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਨਵਾਂ ਸ਼ਹਿਰ, ਕਪੂਰਥਲਾ ਅਤੇ ਜਲੰਧਰ ਸਮੇਤ ਪੂਰਾ ਦੁਆਬਾ ਇਲਾਕਾ ਐਨਆਰਆਈ ਲੋਕਾਂ ਦਾ ਹੱਬ ਹੈ। ਮੁਹਾਲੀ ਵਿੱਚ ਵੀ ਕਾਫੀ ਲੋਕ ਐਨਆਰਆਈ ਹਨ ਅਤੇ ਬਹੁਤ ਸਾਰੇ ਲੋਕਾਂ ਦੇ ਜੁਆਕ ਰੁਜ਼ਗਾਰ ਦੀ ਭਾਲ ਅਤੇ ਉੱਚ ਸਿੱਖਿਆ ਹਾਸਲ ਕਰਨ ਲਈ ਵੱਖ-ਵੱਖ ਮੁਲਕਾਂ ਵਿੱਚ ਗਏ ਹੋਏ ਹਨ। ਉਨ੍ਹਾਂ ਕਿਹਾ ਕਿ ਜੇ ਇਕੱਲਾ ਦੁਆਬਾ ਇਲਾਕਾ ਇਸ ਵਾਇਰਸ ਦੇ ਪ੍ਰਕੋਪ ਤੋਂ ਬਚ ਗਿਆ ਤਾਂ ਸਮਝੋ ਪੂਰਾ ਪੰਜਾਬ ਸੁਰੱਖਿਅਤ ਹੈ। ਮੰਤਰੀ ਨੇ ਕਿਹਾ ਕਿ ਇਸ ਵਾਇਰਸ ਤੋਂ ਬਚਨ ਦਾ ਇੱਕੋ ਇਕ ਆਸਾਨ ਤਰੀਕਾ ਇਕਾਂਤਵਾਸ ਹੈ।
(ਬਾਕਸ ਆਈਟਮ)
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਤੋਂ ਵਿਸ਼ੇਸ਼ ਵਿੱਤੀ ਪੈਕੇਜ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਜਿੱਥੇ ਕਰੋਨਾਵਾਇਰਸ ਦੀ ਮਹਾਂਮਾਰੀ ਫੈਲ ਰਹੀ ਹੈ, ਉੱਥੇ ਕਣਕ ਦੀ ਵਾਢੀ ਦਾ ਸੀਜ਼ਨ ਵੀ ਆਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲਾਤ ਬਣੇ ਰਹੇ ਤਾਂ ਕਿਸਾਨਾਂ ਨੂੰ ਕਣ ਦੀ ਵਾਢੀ ਲਈ ਯੂਪੀ, ਬਿਹਾਰ ਜਾਂ ਹੋਰ ਬਾਹਰਲੇ ਸੂਬਿਆਂ ਤੋਂ ਆਉਂਦੀ ਲੇਬਰ ਨਾ ਮਿਲਣ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਮਗਨਰੇਗਾ ਮੁਲਾਜ਼ਮਾਂ ਲਈ ਫੰਡ ਰਿਲੀਜ਼ ਕਰਨ ਦੀ ਗੁਹਾਰ ਲਗਾਈ ਹੈ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…