
ਕਰੋਨਾ ਦੀ ਮਾਰ: ਮੁਹਾਲੀ ਵਿੱਚ ਅਨੇਕਾਂ ਬੰਦ ਹੋ ਚੁੱਕੀਆਂ ਦੁਕਾਨਾਂ ’ਤੇ ਲੱਗੇ ਟੂ ਲੈਟ ਦੇ ਬੋਰਡ
ਇਸ਼ਤਿਹਾਰ ਏਜੰਸੀਆਂ ਦੀ ਤਰਜ਼ ’ਤੇ ਦੁਕਾਨਦਾਰਾਂ ਤੇ ਛੋਟੇ ਵਪਾਰੀਆਂ ਦਾ ਪ੍ਰਾਪਰਟੀ ਟੈਕਸ ਮੁਆਫ਼ ਕਰੇ ਸਰਕਾਰ
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮੁੱਖ ਮੰਤਰੀ, ਸਥਾਨਕ ਸਰਕਾਰਾਂ ਮੰਤਰੀ, ਨਿਗਮ ਕਮਿਸ਼ਨਰ ਨੂੰ ਲਿਖੇ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਕਰੋਨਾ ਮਹਾਮਾਰੀ ਦੌਰਾਨ ਮੁਹਾਲੀ ਵਿੱਚ ਅਨੇਕਾਂ ਹੀ ਦੁਕਾਨਾਂ ਬੰਦ ਹੋ ਗਈਆਂ ਹਨ। ਜਿਨ੍ਹਾਂ ’ਤੇ ਹੁਣ ਟੂ ਲੈਟ ਦੇ ਬੋਰਡ ਲਟਕੇ ਨਜ਼ਰ ਆ ਰਹੇ ਹਨ। ਇਸ ਸਬੰਧੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦੇ ਪ੍ਰਧਾਨ ਜਤਿੰਦਰਪਾਲ ਸਿੰਘ ਜੇਪੀ ਨੇ ਮੁੱਖ ਮੰਤਰੀ, ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਦਾ ਪ੍ਰਾਪਰਟੀ ਟੈਕਸ ਮੁਆਫ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਲੌਕਡਾਊਨ ਕਾਰਨ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਦਾ ਕੰਮ ਬੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜਿਸ ਕਾਰਨ ਮੁਹਾਲੀ ਵਿੱਚ ਕਾਫੀ ਦੁਕਾਨਾਂ ਬੰਦ ਹੋ ਚੁੱਕੀਆਂ ਹਨ, ਥਾਂ-ਥਾਂ ਦੁਕਾਨਾਂ ਉੱਤੇ ਟੂ ਲੈਟ ਦੇ ਬੋਰਡ ਲਮਕ ਰਹੇ ਹਨ। ਇਸ ਤੋਂ ਇਲਾਵਾ ਕਾਫੀ ਲੋਕਾਂ ਨੂੰ ਦੁਕਾਨਾਂ ਦੇ ਕਿਰਾਏ ਅਤੇ ਹੋਰ ਖਰਚੇ ਕੱਢਣੇ ਵੀ ਮੁਸ਼ਕਲ ਹੋ ਗਏ ਹਨ। ਮਾਰਕੀਟਾਂ ਵਿੱਚ ਲੋਕਾਂ ਦੀ ਆਵਾਜਾਈ ਤਾਂ ਹੋ ਰਹੀ ਹੈ ਪਰ ਲੋਕ ਹੁਣ ਦੁਕਾਨਾਂ ਤੋਂ ਸਿਰਫ਼ ਜ਼ਰੂਰੀ ਸਮਾਨ ਖ਼ਰੀਦ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਵੇਂ ਇਸ਼ਤਿਹਾਰ ਏਜੰਸੀਆਂ ਦੀ ਫੀਸ ਮੁਆਫ਼ ਕੀਤੀ ਗਈ ਹੈ। ਉਸੇ ਤਰਜ਼ ’ਤੇ ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਦਾ ਪ੍ਰਾਪਰਟੀ ਟੈਕਸ ਵੀ ਮੁਆਫ਼ ਕੀਤਾ ਜਾਵੇ ਤਾਂ ਜੋ ਉਹ ਦੁਬਾਰਾ ਆਪਣੇ ਪੈਰਾਂ ’ਤੇ ਖੜੇ ਹੋ ਸਕਣ। ਇਸ ਮੌਕੇ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਸ਼ੋਕ ਬਾਂਸਲ, ਜਨਰਲ ਸਕੱਤਰ ਵਰੁਣ ਗੁਪਤਾ, ਸੰਯੁਕਤ ਸਕੱਤਰ ਨਵਦੀਪ ਬਾਂਸਲ ਸਤਿੰਦਰ ਸਿੰਘ ਸੈਣੀ, ਅਭੀਸ਼ਾਂਤ, ਵਿੱਤ ਸਕੱਤਰ ਜਤਿੰਦਰ ਸਿੰਘ ਢੀਂਗਰਾ ਅਤੇ ਹੋਰ ਮੈਂਬਰ ਹਾਜ਼ਰ ਸਨ।