Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ: ਬਾਜ਼ਾਰਾਂ ਵਿੱਚ ਖ਼ਰੀਦਦਾਰੀ ਲਈ ਲੋਕਾਂ ਦੀ ਭੀੜ ਲੱਗੀ, ਦੁਕਾਨਦਾਰ ਬਾਗੋਬਾਗ ਏਨੀ ਕਮਾਈ ਤਾਂ ਦੀਵਾਲੀ ਤਿਉਹਾਰ ’ਤੇ ਵੀ ਨਹੀਂ ਹੋਈ, ਜਿੰਨੀ ਦੋ ਦਿਨਾਂ ਵਿੱਚ ਹੋ ਗਈ: ਦੁਕਾਨਦਾਰ ਐਮਰਜੈਂਸੀ ਲੱਗਣ ਦੇ ਖ਼ਦਸ਼ੇ ਵਜੋਂ ਲੋਕਾਂ ਨੇ ਦੋ-ਦੋ ਮਹੀਨੇ ਦਾ ਰਾਸ਼ਨ ਕੀਤਾ ਇਕੱਠਾ, ਆਟਾ ਥੁੜਿਆਂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ: ਵਿਸ਼ਵ ਭਰ ਵਿੱਚ ਲਗਾਤਾਰ ਵਧ ਰਹੇ ਕਰੋਨਾਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਆਮ ਲੋਕਾਂ ਨੇ ਆਉਣ ਵਾਲੇ ਦਿਨਾਂ ਵਿੱਚ ਐਮਰਜੈਂਸੀ ਲੱਗਣ ਦੇ ਖ਼ਦਸ਼ੇ ਵਜੋਂ ਲਗਭਗ 2-2 ਮਹੀਨੇ ਦਾ ਰਾਸ਼ਨ ਇਕੱਠਾ ਕਰਕੇ ਰੱਖਣਾ ਸ਼ੁਰੂ ਕਰ ਦਿੱਤਾ ਹੈ। ਮੁਹਾਲੀ ਦੇ ਬਾਜ਼ਾਰਾਂ ਵਿੱਚ ਖ਼ਰੀਦਦਾਰੀ ਲਈ ਲੋਕਾਂ ਦੀ ਭੀੜ ਲੱਗੀ ਹੋਈ ਹੈ ਅਤੇ ਦੁਕਾਨਦਾਰ ਬਾਗੋਬਾਗ ਹੋ ਗਏ ਹਨ। ਸ਼ਹਿਰ ਦੇ ਇਕ ਦੁਕਾਨਦਾਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਏਨੀ ਕਮਾਈ ਤਾਂ ਉਨ੍ਹਾਂ ਨੂੰ ਦੀਵਾਲੀ ਤਿਉਹਾਰ ਦੇ ਸੀਜ਼ਨ ਵਿੱਚ ਵੀ ਨਹੀਂ ਹੋਈ ਅਤੇ ਹੋਲੀ ਦਾ ਤਿਉਹਾਰ ਵੀ ਫਿੱਕਾ ਰਿਹਾ ਹੈ ਪ੍ਰੰਤੂ ਬੀਤੇ ਕੱਲ੍ਹ ਅਤੇ ਅੱਜ ਕਾਫੀ ਕਮਾਈ ਹੋ ਗਈ ਹੈ। ਉਂਜ ਬਾਜ਼ਾਰ ਵਿੱਚ ਆਟਾ ਥੁੜ ਗਿਆ ਹੈ ਜਦੋਂਕਿ ਲੋਕਾਂ ਦੀ ਮੰਗ ਵਧ ਗਈ ਹੈ। ਇੱਥੋਂ ਦੇ ਫੇਜ਼-1 ਦੀ ਮਾਰਕੀਟ ਵਿੱਚ ਜੈਨ ਡਿਪਾਰਟਮੈਂਟਲ ਸਟੋਰ ਦੇ ਮਾਲਕ ਵਰੁਣ ਜੈਨ ਦਾ ਕਹਿਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਉਸ ਦੀ ਸੇਲ ਚਾਰ ਗੁਣਾ ਵਧ ਗਈ ਹੈ ਅਤੇ ਆਟੇ ਦੀ ਮੰਗ ਵਧ ਗਈ ਹੈ ਪ੍ਰੰਤੂ ਪਿੱਛੋਂ ਸਪਲਾਈ ਘੱਟ ਗਈ ਹੈ। ਖ਼ੂਬਸੂਰਤ ਸੁਪਰ ਮਾਰਕੀਟ ਫੇਜ਼-3ਬੀ2 ਦੇ ਮਾਲਕ ਰਾਕੇਸ਼ ਕੁਮਾਰ ਨੇ ਕਿਹਾ ਕਿ ਜਿੰਨੀ ਸੇਲ ਇਸ ਹਫ਼ਤੇ ਹੋਈ ਹੈ, ਉਨ੍ਹੀਂ ਤਾਂ ਦੀਵਾਲੀ ਤਿਉਹਾਰ ਦੇ ਦਿਨਾਂ ਵਿੱਚ ਵੀ ਨਹੀਂ ਹੋਈ ਸੀ। ਸਚਦੇਵਾ ਸੁਪਰ ਮਾਰਕੀਟ ਸੈਕਟਰ-70 ਦੇ ਮਾਲਕ ਵਿਜੈ ਸਚਦੇਵਾ ਨੇ ਕਿਹਾ ਕਿ ਇਨ੍ਹੀਂ ਦਿਨੀਂ ਲੋਕ ਇਸ ਤਰੀਕੇ ਨਾਲ ਨਿੱਤ ਵਰਤੋਂ ਦੇ ਘਰੇਲੂ ਸਮਾਨ ਦੀ ਖਰੀਦੋ ਫ਼ਰੋਖ਼ਤ ਕਰਨ ਵਿੱਚ ਲੱਗੇ ਹੋਏ ਹਨ। ਜਿਵੇਂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਇਹ ਸਮਾਨ ਮਿਲਣਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਹਫ਼ਤੇ ਪਹਿਲਾਂ ਦੇ ਮੁਕਾਬਲੇ ਉਸ ਦੀ ਕਰੀਬ 5 ਗੁਣਾ ਸੇਲ ਵਧ ਗਈ ਹੈ ਅਤੇ ਆਟਾ ਖ਼ਰੀਦਣ ਲਈ ਲੋਕ ਤਰਲੋ ਮੱਛੀ ਹੋ ਰਹੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ