
ਕੋਰੋਨਾਵਾਇਰਸ: ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਕੀਤੀ ‘ਮੌਕ ਡਰਿੱਲ’
‘ਮਰੀਜ਼’ ਨੂੰ ਘਰ ’ਚੋਂ ਚੁੱਕ ਕੇ ਐਂਬੂਲੈਂਸ ਰਾਹੀਂ ਐਮਰਜੈਂਸੀ ਵਾਰਡ ’ਚ ਕੀਤਾ ਦਾਖ਼ਲ, ਖੂਨ ਦਾ ਸੈਂਪਲ ਲਿਆ
ਸਿਹਤ ਵਿਭਾਗ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰੀ ਜ਼ਰੂਰੀ: ਸਿਵਲ ਸਰਜਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਚੀਨ ਸਮੇਤ ਹੋਰਨਾਂ ਮੁਲਕਾਂ ਵਿੱਚ ਲਗਾਤਾਰ ਵੱਧ ਰਹੇ ‘ਕੋਰੋਨਾਵਾਇਰਸ’ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਵੀਰਵਾਰ ਨੂੰ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਫੇਜ਼-6 ਵਿੱਚ ‘ਮੌਕ ਡਰਿੱਲ’ ਕੀਤੀ ਗਈ ਤਾਂ ਜੋ ਐਮਰਜੈਂਸੀ ਦੌਰਾਨ ਕੋਰੋਨਾਵਾਇਰਸ ਪੀੜਤ ਮਰੀਜ਼ ਦੇ ਦਾਖ਼ਲ ਹੋਣ ਦੀ ਸੂਰਤ ਵਿੱਚ ਉਸ ਨੂੰ ਤੁਰੰਤ ਸੰਭਾਲਿਆ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਮੌਕ ਡਰਿੱਲ ਲਈ ਮੈਡੀਕਲ ਦੀ ਇਕ ਵਿਸ਼ੇਸ਼ ਟੀਮ ਨੇ ਸ਼ਹਿਰ ’ਚੋਂ ਕੋਰੋਨਾਵਾਇਰਸ ਦੇ ਇਕ ‘ਫਰਜ਼ੀ’ ਮਰੀਜ਼ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਮੈਡੀਸਨ ਮਾਹਰ ਡਾ. ਭੂਸ਼ਨ ਕੁਮਾਰ ਨੇ ਮਰੀਜ਼ ਦੀ ਜਾਂਚ ਕੀਤੀ। ਉਪਰੰਤ ਈਐਨਟੀ ਸਪੈਸ਼ਲਿਸਟ ਡਾ. ਸੰਦੀਪ ਕੁਮਾਰ ਨੇ ਮਰੀਜ਼ ਦੇ ਖੂਨ ਦਾ ਸੈਂਪਲ ਲਿਆ।
ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਖ਼ੁਦ ਇਸ ਮੌਕ ਡਰਿੱਲ ਦੀ ਦੇਖਰੇਖ ਕਰ ਰਹੇ ਸਨ। ਮੌਕੇ ’ਤੇ ਹੀ ਸਟਾਫ਼ ਨਰਸਾਂ ਨੂੰ ਅਜਿਹੀ ਹਾਲਤ ਵਿੱਚ ਪਰਸਨਲ ਪ੍ਰੋਟੈਕਸ਼ਨ ਇਕਿਉਪਮੈਂਟ (ਪੀਪੀਈ ਕਿੱਟ) ਪਾਉਣ ਦੇ ਤਰੀਕੇ ਅਤੇ ਹੋਰ ਸਾਵਧਾਨੀਆਂ ਬਾਰੇ ਦੱਸਿਆ ਗਿਆ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਮਸ਼ਕ ਦਾ ਮੰਤਵ ਹਸਪਤਾਲ ਦੇ ਮੈਡੀਕਲ ਸਟਾਫ਼ ਨੂੰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਕਰਨਾ ਅਤੇ ਹਸਪਤਾਲ ਦੇ ਪ੍ਰਬੰਧਾਂ ਨੂੰ ਪਰਖਣਾ ਸੀ ਤਾਂ ਜੋ ਕੋਰੋਨਾਵਾਇਰਸ ਦਾ ਮਰੀਜ਼ ਆਉਣ ਦੀ ਹਾਲਤ ਵਿੱਚ ਮੈਡੀਕਲ ਟੀਮ ਤੁਰੰਤ ਆਪਣੀ ਡਿਊਟੀ ਅਸਰਦਾਰ ਢੰਗ ਨਾਲ ਨਿਭਾ ਸਕੇ।
ਸਿਵਲ ਸਰਜਨ ਨੇ ਦੱਸਿਆ ਕਿ ਕਵਾਇਦ ਰਾਹੀਂ ਐਮਰਜੈਂਸੀ ਤਿਆਰੀ ਦੇ ਵੱਖ-ਵੱਖ ਪੱਖਾਂ ਨੂੰ ਪਰਖਿਆ ਗਿਆ ਅਤੇ ਜਿੱਥੇ ਕਿਤੇ ਮਾੜੀ ਮੋਟੀ ਵੀ ਕਮੀ-ਪੇਸ਼ੀ ਨਜ਼ਰ ਆਈ, ਉਸ ਨੂੰ ਤੁਰੰਤ ਦੂਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਵੇਂ ਕੋਰੋਨਾਵਾਇਰਸ ਦੇ ਕੇਸ ਵੱਧ ਰਹੇ ਹਨ ਤਾਂ ਸਿਹਤ ਵਿਭਾਗ ਦੀ ਮੈਡੀਕਲ ਟੀਮ ਦੀ ਤਿਆਰੀ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਹਸਪਤਾਲ ਨੂੰ ਕਦੇ ਵੀ ਹੰਗਾਮੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਂਜ ਉਨ੍ਹਾਂ ਇਹ ਵੀ ਦੱਸਿਆ ਕਿ ਭਾਵੇਂ ਹੁਣ ਤੱਕ ਪੰਜਾਬ ਵਿੱਚ ਕੋਰੋਨਾਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਪ੍ਰੰਤੂ ਫਿਰ ਵੀ ਸਾਵਧਾਨੀ ਵਰਤਣ ਦੀ ਵਧੇਰੇ ਲੋੜ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਤਾਇਨਾਤ ਹੈ ਅਤੇ ਵਿਦੇਸ਼ੀ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਮੁਹਾਲੀ ਦੇ ਨਾਲ ਨਾਲ ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਅਤੇ ਖਰੜ ਵਿੱਚ ਪਹਿਲਾਂ ਹੀ ਆਈਸੋਲੇਸ਼ਨ ਵਾਰਡ ਤਿਆਰ ਕੀਤੇ ਜਾ ਚੁੱਕੇ ਹਨ। ਅੱਜ ਮੌਕ ਡਰਿੱਲ ਸਮੇਂ ਐਸਐਮਓ ਡਾ. ਅਰੀਤ ਕੌਰ, ਡਾ. ਵਿਜੈ ਭਗਤ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਵੀ ਮੌਜੂਦ ਸਨ।