
ਕਰੋਨਾਵਾਇਰਸ: ਹਫ਼ਤਾਵਾਰੀ ਲੌਕਡਾਊਨ ਦੇ ਪਹਿਲੇ ਦਿਨ ਪੂਰੀ ਤਰ੍ਹਾਂ ਬੰਦ ਰਹੇ ਮੁਹਾਲੀ ਦੇ ਬਾਜ਼ਾਰ
ਹਰ ਪਾਸੇ ਨਜ਼ਰ ਆਇਆ ਸਰਕਾਰ ਦੀ ਸਖ਼ਤੀ ਦਾ ਅਸਰ, ਸੜਕਾਂ ’ਤੇ ਆਮ ਦਿਨਾਂ ਵਾਂਗ ਰਹੀ ਲੋਕਾਂ ਦੀ ਆਵਾਜਾਈ
ਬਲੌਂਗੀ ਪੁਲੀਸ ਨੇ ਮਾਸਕ ਨਾ ਪਾਉਣ ਵਾਲਿਆਂ ਦੇ ਕੱਟੇ ਚਲਾਨ
ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਗਸਤ:
ਕਰੋਨਾ ਮਹਾਮਾਰੀ ਦੇ ਚੱਲਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੋ ਦਿਨ ਸਨਿਚਰਵਾਰ ਅਤੇ ਐਤਵਾਰ ਦੇ ਸਖ਼ਤੀ ਨਾਲ ਲਾਗੂ ਕੀਤੇ ਮੁਕੰਮਲ ਲੌਕਡਾਊਨ ਦੇ ਪਹਿਲੇ ਦਿਨ ਮੁਹਾਲੀ ਸ਼ਹਿਰ ਅਤੇ ਆਸ ਪਾਸ ਇਲਾਕੇ ਵਿੱਚ ਲਗਭਗ ਸਾਰੇ ਬਾਜ਼ਾਰ ਬੰਦ ਰਹੇ। ਜਿਸ ਕਾਰਨ ਵੱਖ-ਵੱਖ ਮਾਰਕੀਟਾਂ ਵਿੱਚ ਸਨਾਟਾ ਪਸਰਿਆ ਰਿਹਾ। ਇੱਥੋਂ ਦੇ ਕਸਬਾ ਬਲੌਂਗੀ, ਪਿੰਡ ਕੁੰਭੜਾ, ਸੋਹਾਣਾ, ਮਟੌਰ, ਸ਼ਾਹੀਮਾਜਰਾ, ਮਦਨਪੁਰ ਅਤੇ ਪਿੰਡ ਮੁਹਾਲੀ ਵਿੱਚ ਵੀ ਜ਼ਿਆਦਾਤਰ ਦੁਕਾਨਾਂ ਬੰਦ ਸਨ।
ਇਸ ਦੌਰਾਨ ਹਲਵਾਈ, ਢਾਬੇ, ਕਰਿਆਨਾ, ਦਵਾਈਆਂ ਅਤੇ ਹੋਰ ਜ਼ਰੂਰੀ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਖੱੁਲ੍ਹੀਆਂ ਸਨ। ਉਂਜ ਇੱਕਾ ਦੁੱਕਾ ਮਾਰਕੀਟਾਂ ਵਿੱਚ ਹਾਰਡਵੇਅਰ ਦਾ ਸਮਾਨ ਵੇਚਣ ਵਾਲੀਆਂ ਅਤੇ ਕੁੱਝ ਹੋਰ ਦੁਕਾਨਾਂ ਵੀ ਖੱੁਲ੍ਹੀਆਂ ਨਜ਼ਰ ਆਈਆਂ। ਉਧਰ, ਸੜਕਾਂ ’ਤੇ ਆਵਾਜਾਈ ਆਮ ਵਾਂਗ ਹੀ ਚਲ ਰਹੀ ਸੀ ਅਤੇ ਆਟੋ ਰਿਕਸ਼ੇ ਵੀ ਆਮ ਦਿਨਾਂ ਵਾਂਗ ਹੀ ਚਲ ਰਹੇ ਸੀ। ਮਾਰਕੀਟਾਂ ਵਿੱਚ ਸਾਰਾ ਦਿਨ ਲੱਗਣ ਵਾਲੀਆਂ ਕਈ ਤਰ੍ਹਾਂ ਦਾ ਖਾਣ ਪੀਣ ਦਾ ਸਾਮਾਨ ਵੇਚਣ ਵਾਲੀਆਂ ਰੇਹੜੀਆਂ ਵੀ ਗਾਇਬ ਸਨ ਅਤੇ ਪੁਲੀਸ ਕਰਮਚਾਰੀਆਂ ਨੇ ਵੱਖ-ਵੱਖ ਟੀਮਾਂ ਬਣਾ ਕੇ ਮਾਰਕੀਟਾਂ ਵਿੱਚ ਪੈਟਰੋਲਿੰਗ ਕੀਤੀ ਗਈ ਅਤੇ ਸੜਕਾਂ ’ਤੇ ਰਾਹਗੀਰਾਂ ਨੂੰ ਰੋਕ ਕੇ ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਅਤੇ ਲੌਕਡਾਊਨ ਬਾਰੇ ਜਾਣਕਾਰੀ ਦਿੰਦਿਆਂ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ।
ਉਧਰ, ਬਲੌਂਗੀ ਥਾਣੇ ਦੇ ਏਐਸਆਈ ਦਿਲਬਾਗ ਸਿੰਘ ਅਤੇ ਜਰਨੈਲ ਸਿੰਘ ਨੇ ਦੱਸਿਆ ਕਿ ਬਲੌਂਗੀ ਵਿੱਚ ਬਿਨਾਂ ਕਿਸੇ ਕੰਮ ਦੇ ਘਰ ਤੋਂ ਬਾਹਰ ਘੁੰਮਣ ਫਿਰਨ ਵਾਲਿਆਂ ਤੋਂ ਪੁੱਛਗਿੱਛ ਕੀਤੀ ਗਈ ਅਤੇ ਸਿਰਫ਼ ਐਮਰਜੈਂਸੀ ਅਤੇ ਜ਼ਰੂਰੀ ਕੰਮਾਂ ਲਈ ਹੀ ਵਿਅਕਤੀਆਂ ਨੂੰ ਆਉਣ ਜਾਣ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲੀਸ ਨੇ ਮਾਸਕ ਨਾ ਪਾਉਣ ਵਾਲੇ ਕਈ ਵਿਅਕਤੀਆਂ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਸਖ਼ਤੀ ਵਧਾਈ ਜਾਵੇਗੀ।