nabaz-e-punjab.com

ਕਰੋਨਾਵਾਇਰਸ: ਮੁਹਾਲੀ ਪੁਲੀਸ ਤੇ ਸਿਹਤ ਵਿਭਾਗ ਨੇ ਸ਼ਹਿਰ ਵਿੱਚ ਕੀਤੀ ‘ਮੌਕ ਡਰਿੱਲ’

‘ਮਰੀਜ਼’ ਨੂੰ ਘਰ ’ਚੋਂ ਚੁੱਕ ਕੇ ਐਂਬੂਲੈਂਸ ਰਾਹੀਂ ਐਮਰਜੈਂਸੀ ਵਾਰਡ ’ਚ ਕੀਤਾ ਦਾਖ਼ਲ, ਖੂਨ ਦਾ ਸੈਂਪਲ ਲਿਆ

ਮੁਹਾਲੀ ਪੁਲੀਸ ਨੇ ਨਕਲੀ ਮਰੀਜ਼ ਬਾਰੇ ਸ਼ਹਿਰ ਵਿੱਚ ਮੁਨਾਦੀ ਕਰਵਾਈ, ਪੂਰਾ ਇਲਾਕਾ ਕੀਤਾ ਗਿਆ ਸੀ ਸੀਲ

ਸਿਹਤ ਵਿਭਾਗ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰੀ ਜ਼ਰੂਰੀ: ਸਿਵਲ ਸਰਜਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਚੀਨ ਸਮੇਤ ਹੋਰਨਾਂ ਮੁਲਕਾਂ ਵਿੱਚ ਲਗਾਤਾਰ ਵੱਧ ਰਹੇ ‘ਕਰੋਨਾਵਾਇਰਸ’ ਦੇ ਮਾਮਲਿਆਂ ਨੂੰ ਦੇਖਦੇ ਹੋਏ ਮੁਹਾਲੀ ਪੁਲੀਸ ਅਤੇ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਇੱਥੋਂ ਦੇ ਫੇਜ਼-7 ਸਥਿਤ ਜੇਪੀ ਅੱਖਾਂ ਦੇ ਹਸਪਤਾਲ ਨੇੜਲੇ ਰਿਹਾਇਸ਼ੀ ਖੇਤਰ ਵਿੱਚ ‘ਮੌਕ ਡਰਿੱਲ’ ਕੀਤੀ ਗਈ ਤਾਂ ਜੋ ਐਮਰਜੈਂਸੀ ਦੌਰਾਨ ਕਰੋਨਾਵਾਇਰਸ ਪੀੜਤ ਮਰੀਜ਼ ਦੇ ਦਾਖ਼ਲ ਹੋਣ ਦੀ ਸੂਰਤ ਵਿੱਚ ਉਸ ਨੂੰ ਤੁਰੰਤ ਸੰਭਾਲਿਆ ਜਾ ਸਕੇ ਅਤੇ ਇਲਾਜ ਸ਼ੁਰੂ ਕੀਤਾ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਮੌਕ ਡਰਿੱਲ ਲਈ ਪੁਲੀਸ ਅਤੇ ਸਿਹਤ ਵਿਭਾਗ ਦੀ ਸਾਂਝੀ ਟੀਮ ਨੇ ਸ਼ਹਿਰ ’ਚੋਂ ਕਰੋਨਾਵਾਇਰਸ ਦੇ ਇਕ ‘ਫਰਜ਼ੀ’ ਮਰੀਜ਼ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਮਰੀਜ਼ ਦੀ ਜਾਂਚ ਕੀਤੀ ਅਤੇ ਉਸ ਦੇ ਖੂਨ ਦਾ ਸੈਂਪਲ ਲਿਆ ਗਿਆ।
ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਅਤੇ ਥਾਣਾ ਮਟੌਰ ਦੇ ਐਸਐਚਓ ਰਾਜੀਵ ਕੁਮਾਰ ਖ਼ੁਦ ਮੌਕ ਡਰਿੱਲ ਦੀ ਦੇਖਰੇਖ ਕਰ ਰਹੇ ਸਨ। ਮੌਕੇ ’ਤੇ ਹੀ ਸਟਾਫ਼ ਨਰਸਾਂ ਨੂੰ ਅਜਿਹੀ ਹਾਲਤ ਵਿੱਚ ਪਰਸਨਲ ਪ੍ਰੋਟੈਕਸ਼ਨ ਇਕਿਉਪਮੈਂਟ (ਪੀਪੀਈ ਕਿੱਟ) ਪਾਉਣ ਦੇ ਤਰੀਕੇ ਅਤੇ ਹੋਰ ਸਾਵਧਾਨੀਆਂ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਸ਼ਕ ਦਾ ਮੰਤਵ ਸ਼ਹਿਰ ਵਾਸੀਆਂ ਅਤੇ ਮੈਡੀਕਲ ਸਟਾਫ਼ ਨੂੰ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਕਰਨਾ ਅਤੇ ਸਿਹਤ ਸੇਵਾਵਾਂ ਨੂੰ ਪਰਖਣਾ ਸੀ ਤਾਂ ਜੋ ਕਰੋਨਾਵਾਇਰਸ ਦਾ ਮਰੀਜ਼ ਆਉਣ ਦੀ ਹਾਲਤ ਵਿੱਚ ਮੈਡੀਕਲ ਟੀਮ ਤੁਰੰਤ ਆਪਣੀ ਡਿਊਟੀ ਅਸਰਦਾਰ ਢੰਗ ਨਾਲ ਨਿਭਾ ਸਕੇ। ਇਸ ਸਬੰਧੀ ਪੁਲੀਸ ਵੱਲੋਂ ਐਂਟਰੀ ਪੁਆਇੰਟ ’ਤੇ ਸਮੁੱਚੇ ਰਿਹਾਇਸ਼ੀ ਖੇਤਰ ਨੂੰ ਸੀਲ ਕੀਤਾ ਗਿਆ ਸੀ ਤਾਂ ਜੋ ਕਰੋਨਾਵਾਇਰਸ ਦੇ ਪੀੜਤ ਮਰੀਜ਼ ਦੇ ਸੰਪਰਕ ਵਿੱਚ ਆਉਣ ਤੋਂ ਰੋਕਿਆ ਜਾ ਸਕੇ। ਇਸ ਸਬੰਧੀ ਪੁਲੀਸ ਕਰਮਚਾਰੀਆਂ ਵੱਲੋਂ ਬਕਾਇਦਾ ਗਲੀ ਮੁਹੱਲੇ ਵਿੱਚ ਮੁਨਾਦੀ ਵੀ ਕੀਤੀ ਗਈ।
ਸਿਵਲ ਸਰਜਨ ਨੇ ਦੱਸਿਆ ਕਿ ਦੱਸਿਆ ਕਿ ਭਾਵੇਂ ਹੁਣ ਤੱਕ ਜ਼ਿਲ੍ਹਾ ਮੁਹਾਲੀ ਵਿੱਚ ਕਰੋਨਾਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਪ੍ਰੰਤੂ ਫਿਰ ਵੀ ਸਾਵਧਾਨੀ ਵਰਤਣ ਦੀ ਵਧੇਰੇ ਲੋੜ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਲਗਾਤਾਰ ਤਾਇਨਾਤ ਹੈ ਅਤੇ ਵਿਦੇਸ਼ੀ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਮੁਹਾਲੀ ਦੇ ਨਾਲ ਨਾਲ ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ, ਖਰੜ ਅਤੇ ਗਿਆਨ ਸਾਗਰ ਹਸਪਤਾਲ ਬਨੂੜ ਵਿੱਚ ਪਹਿਲਾਂ ਹੀ ਆਈਸੋਲੇਸ਼ਨ ਵਾਰਡ ਤਿਆਰ ਕੀਤੇ ਜਾ ਚੁੱਕੇ ਹਨ।
(ਬਾਕਸ ਆਈਟਮ)
ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਅੱਜ ਮੁਹਾਲੀ ਹਵਾਈ ਅੱਡੇ ’ਤੇ 302 ਯਾਤਰੀਆਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਿੱਚ ਦੁਬਈ ਤੋਂ ਆਈ ਫਲਾਈਟ ਵਿੱਚ ਸਵਾਰ 176 ਅਤੇ ਸ਼ਾਰਜਾਹ ਤੋਂ ਆਈ ਫਲਾਈਟ ਵਿੱਚ 126 ਯਾਤਰੀ ਸਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 6 ਹਜ਼ਾਰ ਤੋਂ ਵੱਧ ਯਾਤਰੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਇਹ ਸਿਲਸਿਲਾ ਆਉਣ ਵਾਲੇ ਦਿਨਾਂ ਵਿੱਚ ਵੀ ਨਿਰੰਤਰ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ 335 ਵਿਅਕਤੀਆਂ ਨੂੰ ਹੋਮ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਇਹ ਵਿਅਕਤੀ ਵਿਦੇਸ਼ੀ ਮੁਲਕਾਂ ਦਾ ਚੱਕਰ ਕੱਟ ਕੇ ਆਏ ਹਨ। ਜਿਨ੍ਹਾਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਉਨ੍ਹਾਂ ਦੀ ਆਈਪੀਐਸ ਅਫ਼ਸਰ ਪਤਨੀ ਅਵਨੀਤ ਕੌਂਡਲ ਜੋ ਕਿ ਫਤਹਿਗੜ੍ਹ ਸਾਹਿਬ ਵਿੱਚ ਐਸਐਸਪੀ ਤਾਇਨਾਤ ਹਨ ਸਮੇਤ ਸੰਗਰੂਰ ਦੇ ਐਸਐਸਪੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਆਈਸੋਲੇਸ਼ਨ ਦੀ ਖਾਸ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰਨਾਂ ਹਸਪਤਾਲਾਂ ਇੱਥੋਂ ਤੱਕ ਪੇਂਡੂ ਡਿਸਪੈਂਸਰੀਆਂ ਵਿੱਚ ਵੀ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਸਮੂਹ ਸਿਹਤ ਸੰਸਥਾਵਾਂ ਦੇ ਸਟਾਫ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਤਿਆਰ ਬਰ ਤਿਆਰ ਰਹਿਣ।
(ਬਾਕਸ ਆਈਟਮ)
ਆਈਏਐਸ ਗਿਰੀਸ਼ ਦਿਆਲਨ ਅਤੇ ਆਈਪੀਐਸ ਅਵਨੀਤ ਕੌਂਡਲ ਭਾਵੇਂ ਵਿਦੇਸ਼ ਤੋਂ ਵਾਪਸ ਪਰਤ ਆਏ ਹਨ ਪ੍ਰੰਤੂ ਸਿਹਤ ਵਿਭਾਗ ਦੀ ਗਾਈਡਲਾਈਨ ਕਾਰਨ ਉਨ੍ਹਾਂ ਨੇ ਪੂਰਾ ਸਹਿਯੋਗ ਦਿੰਦੇ ਹੋਏ ਆਪਣੀ ਡਿਊਟੀ ਜੁਆਇੰਨ ਨਹੀਂ ਕੀਤੀ ਗਈ ਹੈ। ਉਹ ਆਪਣੇ ਘਰ ਵਿੱਚ ਰਹਿੰਦੇ ਹੋਣ ਦੇ ਬਾਵਜੂਦ ਆਪਣੇ ਮਾਤਾ ਪਿਤਾ ਅਤੇ ਆਪਣੇ ਬੱਚਿਆਂ ਨੂੰ ਵੀ ਨਹੀਂ ਮਿਲ ਰਹੇ ਹਨ ਅਤੇ ਪੂਰੀ ਤਰ੍ਹਾਂ ਸਾਵਧਾਨੀ ਵਰਤ ਰਹੇ ਹਨ। ਇਹ ਅਧਿਕਾਰੀ ਇਕ ਦਿਨ ਲਈ ਇਟਲੀ ਗਏ ਸੀ ਜਦੋਂਕਿ ਸਵਿਜਰਟਰਲੈਂਡ ਵਿੱਚ ਹਫ਼ਤਾ ਭਰ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…