
ਕਰੋਨਾਵਾਇਰਸ: ਮੁਹਾਲੀ ਜ਼ਿਲ੍ਹੇ ਵਿੱਚ 24 ਹੋਰ ਨਵੇਂ ਕੇਸ ਸਾਹਮਣੇ ਆਏ, 5 ਮਰੀਜ਼ਾਂ ਨੂੰ ਮਿਲੀ ਛੁੱਟੀ
ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 771 ’ਤੇ ਪੁੱਜੀ, 287 ਕੇਸ ਐਕਟਿਵ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ:
ਮੁਹਾਲੀ ਜ਼ਿਲ੍ਹੇ ਵਿੱਚ ਅੱਜ 24 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਦੋ ਬੱਚਿਆਂ ਸਮੇਤ 19 ਪੁਰਸ਼ ਅਤੇ 3 ਅੌਰਤਾਂ ਸ਼ਾਮਲ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 771 ’ਤੇ ਪਹੁੰਚ ਗਈ ਹੈ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ ਪੰਜ ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ 28 ਸਾਲਾ ਅੌਰਤ ਤੇ 52 ਸਾਲਾ ਪੁਰਸ਼, ਇੱਥੋਂ ਦੇ ਫੇਜ਼-2 ਵਿੱਚ 5 ਸਾਲ ਤੇ 8 ਸਾਲ ਦੇ ਬੱਚਿਆਂ ਸਮੇਤ 43 ਸਾਲ ਦੀ ਅੌਰਤ, ਫੇਜ਼-7 ਵਿੱਚ 70 ਸਾਲ ਦਾ ਬਜ਼ੁਰਗ, ਸੈਕਟਰ-82 ਵਿੱਚ 23 ਸਾਲਾ ਨੌਜਵਾਨ, ਫੇਜ਼-3ਬੀ2 ਵਿੱਚ 78 ਸਾਲਾ ਬਜ਼ੁਰਗ, ਫੇਜ਼-4 ਵਿੱਚ 50 ਸਾਲ ਪੁਰਸ਼, ਸੈਕਟਰ-127 ਵਿੱਚ 47 ਸਾਲਾ ਪੁਰਸ਼, ਖੇੜੀ ਜੱਟਾ ਵਿੱਚ 23 ਸਾਲਾ ਨੌਜਵਾਨ, ਪਿੰਡ ਪਡਿਆਲਾ ਵਿੱਚ 30 ਸਾਲਾ ਨੌਜਵਾਨ, ਖਰੜ ਵਿੱਚ 47 ਸਾਲਾ ਤੇ 51 ਸਾਲਾ ਪੁਰਸ਼, ਮੁੱਲਾਂਪੁਰ ਗਰੀਬਦਾਸ ਵਿੱਚ 34 ਸਾਲਾ ਪੁਰਸ਼, ਢਕੋਲੀ ਦਾ 23 ਸਾਲਾ ਨੌਜਵਾਨ, ਮਲਕਪੁਰ ਦਾ 25 ਸਾਲਾ ਨੌਜਵਾਨ ਤੇ ਮੁਬਾਰਕਪੁਰ ਦੀ 20 ਸਾਲ ਦੀ ਲੜਕੀ, ਅਮਰਾਲਾ ਦਾ 22 ਸਾਲਾ ਨੌਜਵਾਨ, ਜ਼ੀਰਕਪੁਰ ਵਿੱਚ 36 ਸਾਲਾ ਅਤੇ 57 ਸਾਲਾ ਪੁਰਸ਼, ਡੇਰਾਬੱਸੀ ਵਿੱਚ 23 ਸਾਲ, 24 ਸਾਲ ਅਤੇ 29 ਸਾਲ ਦੇ ਪੁਰਸ਼ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਧਰ, ਖਰੜ, ਬੂਰਮਾਜਰਾ, ਜ਼ੀਰਕਪੁਰ ਤੇ ਡੇਰਾਬੱਸੀ ਨਾਲ ਸਬੰਧਤ ਪੰਜ ਪੀੜਤ ਮਰੀਜ਼ ਕਰੋਨਾ ਨੂੰ ਮਾਤ ਦੇਣ ਵਿੱਚ ਸਫਲ ਰਹੇ ਹਨ। ਇਨ੍ਹਾਂ ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਜ਼ਿਲ੍ਹਾ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਬਰਾੜ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਹੁਣ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 771 ’ਤੇ ਪਹੁੰਚ ਗਈ ਹੈ। ਜਿਨ੍ਹਾਂ ’ਚੋਂ ਹੁਣ ਤੱਕ 470 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 14 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 287 ਨਵੇਂ ਕੇਸ ਐਕਟਿਵ ਹਨ। ਪਿਛਲੇ 15 ਦਿਨਾਂ ਵਿੱਚ 378 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ।