nabaz-e-punjab.com

ਕਰੋਨਾਵਾਇਰਸ: ਹਵਾਈ ਅੱਡਿਆਂ ਤੇ ਸਰਹੱਦੀ ਪੋਸਟਾਂ ’ਤੇ 1804 ਯਾਤਰੀਆਂ ਦੀ ਜਾਂਚ ਕੀਤੀ: ਸਿੱਧੂ

ਚੀਨ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦੇ 23 ਨਮੂਨੇ ਜਾਂਚ ਲਈ ਪੁਣੇ ਲੈਬ ’ਚ ਭੇਜੇ ਜਾਣਗੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਮੁਹਾਲੀ ਅਤੇ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡਿਆਂ ਸਮੇਤ ਅਟਾਰੀ ਅਤੇ ਡੇਰਾ ਬਾਬਾ ਨਾਨਕ ਦੀਆਂ ਸਰਹੱਦੀ ਜਾਂਚ ਚੌਕੀਆਂ ਵਿੱਚ ਨੋਵਲ ਕੋਰੋਨਾਵਾਇਰਸ ਦੀ ਜਾਂਚ ਲਈ ਹੁਣ ਤੱਕ ਕੁੱਲ 1804 ਯਾਤਰੀਆਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ। ਲੇਕਿਨ ਪੰਜਾਬ ਵਿੱਚ ਹੁਣ ਤੱਕ ਕਿਸੇ ਮਰੀਜ਼ ਨੂੰ ਕਰੋਨਾਵਾਇਰਸ ਦੀ ਪੁਸ਼ਟੀ ਨਹੀਂ ਹੋਈ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਯਾਤਰੀਆਂ ਦੀ ਸਕਰੀਨਿੰਗ ਦੌਰਾਨ ਕੋਰੋਨਾਵਾਇਰਸ ਦਾ ਕੋਈ ਸੰਕੇਤਕ ਜਾਂ ਸ਼ੱਕੀ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਕੋਰੋਨਾਵਾਇਰਸ ਵਾਇਰਸਾਂ ਦਾ ਇਕ ਵੱਡਾ ਸਮੂਹ ਹੈ ਜੋ ਸਧਾਰਨ ਸਰਦੀ ਜੁਖ਼ਾਮ ਤੋਂ ਲੈ ਕੇ ਵਧੇਰੇ ਗੰਭੀਰ ਬਿਮਾਰੀਆਂ ਜਿਵੇਂ ਕਿ ਮਿਡਲ ਈਸਟ ਰੇਸਪੀਰੇਟਰੀ ਸਿੰਡਰੋਮ (ਐਮਈਆਰਐਸ-ਸੀਓਵੀ) ਅਤੇ ਸਵਰ ਐਕੀਊਟ ਰੇਸਪੀਰੇਟਰੀ ਸਿੰਡਰੋਮ (ਐਸਏਆਰਐਸ-ਸੀਓਵੀ) ਦਾ ਕਾਰਨ ਬਣਦਾ ਹੈ। ਨਾਵਲ ਕੋਰੋਨਾਵਾਇਰਸ ਇਕ ਨਵਾਂ ਵਾਇਰਸ ਹੈ ਜੋ ਪਹਿਲਾਂ ਕਦੇ ਵੀ ਮਨੁੱਖਾਂ ਵਿੱਚ ਨਹੀਂ ਪਾਇਆ ਗਿਆ।
ਸ੍ਰੀ ਸਿੱਧੂ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਵੀ ਅੱਜ ਇਹ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ 15 ਜਨਵਰੀ ਤੋਂ ਬਾਅਦ ਚੀਨ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ ਸਕਰੀਨਿੰਗ ਅਤੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਸੂਬੇ ਦੇ ਸਮੂਹ ਜ਼ਿਲ੍ਹਿਆਂ ਨੂੰ ਇਹ ਦਿਸ਼ਾ-ਨਿਰਦੇਸ਼ ਅਤੇ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ ਅਤੇ ਇਸ ਟੀਚੇ ਦੀ ਪੂਰਤੀ ਲਈ ਪੂਰੀ ਤਿਆਰੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ 15 ਜਨਵਰੀ ਤੋਂ ਬਾਅਦ ਚੀਨ ਤੋਂ ਪੰਜਾਬ ਆਉਣ ਵਾਲੇ ਸਾਰੇ ਯਾਤਰੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯਾਤਰੀਆਂ ਦੇ ਨਮੂਨੇ ਲਏ ਜਾ ਰਹੇ ਹਨ ਅਤੇ ਕੁਲ 23 ਨਮੂਨੇ ਜਾਂਚ ਲਈ ਐਨਆਈਵੀ ਪੁਣੇ ਲੈਬਾਰਟਰੀ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਚੀਨ ਦੀ ਯਾਤਰਾ ਕਰਨ ਵਾਲੇ ਕੁਲ 33 ਯਾਤਰੀ ਹਨ। ਜਿਨ੍ਹਾਂ ’ਚੋਂ ਸ਼ੱਕੀ ਮਰੀਜ਼ਾਂ ਦੇ 2 ਨਮੂਨੇ ਟੈਸਟ ਦੌਰਾਨ ਨਕਾਰਾਤਮਿਕ ਪਾਏ ਗਏ ਅਤੇ ਨਿਗਰਾਨੀ ਹੇਠ ਰੱਖੇ 8 ਯਾਤਰੀਆਂ ਨੇ 14 ਦਿਨਾਂ ਦੀ ਸਮਾਂ-ਸੀਮਾ ਨੂੰ ਪੂਰਾ ਕੀਤਾ ਹੈ ਅਤੇ ਬਾਕੀ 23 ਯਾਤਰੀ ਸਿਹਤ ਵਿਭਾਗ ਦੀ ਨਿਰੰਤਰ ਨਿਗਰਾਨੀ ਹੇਠ ਹਨ। ਉਨ੍ਹਾਂ ਦੱਸਿਆ ਕਿ ਸਾਰੇ ਨਮੂਨਿਆਂ ਦੀ ਜਾਂਚ ਲਈ ਐਨਆਈਵੀ ਪੁਣੇ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਨਤੀਜੇ ਆਉਣ ਤੱਕ ਇਨ੍ਹਾਂ ਵਿਅਕਤੀਆਂ ਨੂੰ ਘਰਾਂ ਵਿੱਚ ਵੱਖਰੇ ਕਮਰੇ ਵਿੱਚ ਰੱਖਿਆ ਗਿਆ ਹੈ ਤਾਂ ਜੋ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਇਸ ਵਾਇਰਸ ਦੀ ਲਪੇਟ ’ਚ ਆਉਣ ਤੋਂ ਬਚਾਇਆ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …