nabaz-e-punjab.com

ਕਰੋਨਾਵਾਇਰਸ: ਮੁਹਾਲੀ ਹਵਾਈ ਅੱਡੇ ’ਤੇ 185 ਯਾਤਰੀਆਂ ਦੀ ਜਾਂਚ

ਪ੍ਰਾਈਵੇਟ ਹਸਪਤਾਲਾਂ ਤੋਂ ਵੀ ਰੋਜ਼ਾਨਾ ਤਲਬ ਕੀਤੀ ਜਾ ਰਹੀ ਹੈ ਰਿਪੋਰਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵੱਲੋਂ ਬੁੱਧਵਾਰ ਨੂੰ ਮੈਡੀਸਨ ਮਾਹਰ ਡਾ. ਨਵਦੀਪ ਸਿੰਘ ਦੀ ਅਗਵਾਈ ਵਿੱਚ ਬੁੱਧਵਾਰ ਨੂੰ ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਸ਼ਾਰਜਾਹ ਤੋਂ ਆਈ ‘ਏਅਰ ਇੰਡੀਆ ਐਕਸਪ੍ਰੈਸ’ ਫਲਾਈਟ ਵਿੱਚ ਸਵਾਰ 185 ਯਾਤਰੀਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਕੋਈ ਵੀ ਯਾਤਰੀ ਖਾਂਸੀ, ਜ਼ੁਕਾਮ, ਸਿਰਦਰਦ ਜਾਂ ਬੁਖ਼ਾਰ ਤੋਂ ਪੀੜਤ ਨਹੀਂ ਪਾਇਆ ਗਿਆ ਅਤੇ ਸਮੁੱਚੇ ਜ਼ਿਲ੍ਹੇ ਵਿੱਚ ਸਥਿਤ ਕਾਬੂ ਹੇਠ ਹੈ। ਮੈਡੀਕਲ ਟੀਮ ਵਿੱਚ ਸਟਾਫ਼ ਨਰਸ ਨੀਲਮ ਦੇਵੀ ਤੇ ਹੈਲਥ ਵਰਕਰ ਅਕਸ਼ਿਤ ਕੁਮਾਰ ਸ਼ਾਮਲ ਸਨ। ਉਧਰ, ਅੱਜ ਹਵਾਈ ਅੱਡੇ ’ਤੇ ਯਾਤਰੀਆਂ ਦੀ ਜਾਂਚ ਸਬੰਧੀ ਏਅਰਪੋਰਟ ਅਥਾਰਟੀ ਦੇ ਅਮਲੇ ਨੇ ਮੀਡੀਆ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਫੋਟੋਆਂ ਖਿੱਚਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਏਅਰਪੋਰਟ ਸਟਾਫ਼ ਦਾ ਕਹਿਣਾ ਸੀ ਕਿ ਇਸ ਸਬੰਧੀ ਉਨ੍ਹਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸੇ ਵੀ ਯਾਤਰੀ ਦੀ ਫੋਟੋ ਨਾ ਖਿੱਚੀ ਜਾਵੇ।
ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਮੈਡੀਕਲ ਟੀਮ ਨੇ ਨਾਨ-ਕੰਟੈਕਟ ਇਨਫ਼ਰਾਰੈਡ ਥਰਮਾਮੀਟਰ ਨਾਲ ਯਾਤਰੀਆਂ ਦੀ ਜਾਂਚ ਕੀਤੀ ਗਈ ਹੈ ਅਤੇ ਕੋਈ ਵੀ ਯਾਤਰੀ ਬੁਖ਼ਾਰ, ਖੰਘ, ਜ਼ੁਕਾਮ ਤੋਂ ਪੀੜਤ ਨਹੀਂ ਸੀ। ਉਨ੍ਹਾਂ ਦੱਸਿਆ ਕਿ ਮੁਹਾਲੀ ਹਵਾਈ ਅੱਡੇ ’ਤੇ ਹਫ਼ਤੇ ਵਿੱਚ ਤਿੰਨ ਦਿਨ ਮੰਗਲਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਸ਼ਾਰਜਾਹ ਤੋਂ ਫਲਾਈਟ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਅਗਲੇ ਹੁਕਮਾਂ ਤੱਕ ਯਾਤਰੀਆਂ ਦੀ ਜਾਂਚ ਦਾ ਕੰਮ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਜਿਨ੍ਹਾਂ ਸ਼ੱਕੀ ਵਿਅਕਤੀਆਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਪੁਣੇ ਲੈਬ ਵਿੱਚ ਭੇਜੇ ਗਏ ਹਨ ਅਤੇ ਉਨ੍ਹਾਂ ਨੂੰ ਘਰ ਵਿੱਚ ਦੂਜੇ ਪਰਿਵਾਰਕ ਮੈਂਬਰਾਂ ਤੋਂ ਅਲੱਗ ਰਹਿਣ ਅਤੇ ਹਰ ਸਮੇਂ ਮਾਸਕ ਪਾ ਕੇ ਰੱਖਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਿਹਤ ਵਿਭਾਗ ਦੀ ਟੀਮ ਦੀ ਜਾਂਚ ਦੌਰਾਨ ਹਾਲੇ ਤੱਕ ਕਰੋਨਾਵਾਇਰਸ ਦਾ ਕੋਈ ਮਰੀਜ਼ ਨਹੀਂ ਮਿਲਿਆ ਹੈ ਪ੍ਰੰਤੂ ਫਿਰ ਵੀ ਪੂਰੀ ਤਰ੍ਹਾਂ ਸਾਵਧਾਨੀ ਵਰਤੀ ਜਾ ਰਹੀ ਹੈ ਅਤੇ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਸਮੇਤ ਬਲਾਕ ਪੱਧਰ ’ਤੇ ਸਥਿਤ ਹਸਪਤਾਲਾਂ ਵਿੱਚ ਸਪੈਸ਼ਲ ਵਾਰਡ ਬਣਾਏ ਗਏ ਹਨ। ਇਸ ਤੋਂ ਇਲਾਵਾ ਰੋਜ਼ਾਨਾ ਪ੍ਰਾਈਵੇਟ ਹਸਪਤਾਲਾਂ ਤੋਂ ਵੀ ਰਿਪੋਰਟ ਤਲਬ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…