nabaz-e-punjab.com

ਕਰੋਨਾਵਾਇਰਸ: ਮੁਹਾਲੀ ਵਿੱਚ ਪੁੱਡਾ ਮੁਲਾਜ਼ਮ ਸਮੇਤ 5 ਮਰੀਜ਼ਾਂ ਦੀ ਮੌਤ, 163 ਨਵੇਂ ਕੇਸ

ਮੁਹਾਲੀ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 3933 ’ਤੇ ਪੁੱਜੀ, 1709 ਐਕਟਿਵ ਕੇਸ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਸਤੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦਾ ਲਗਾਤਾਰ ਕਹਿਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਇਲਾਕੇ ਦੇ ਲੋਕ ਭੈਅਭੀਤ ਹਨ। ਮੁਹਾਲੀ ਜ਼ਿਲ੍ਹੇ ਵਿੱਚ ਮੰਗਲਵਾਰ 163 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤਰ੍ਹਾਂ ਸਮੁੱਚੇ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 3933 ’ਤੇ ਪਹੁੰਚ ਗਈ ਹੈ। ਇਹ ਅੰਕੜਾ ਕਾਫੀ ਚਿੰਤਾਜਨਕ ਹੈ। ਇਸ ਤਰ੍ਹਾਂ ਕਰੋਨਾ ਮੁਕਤ ਐਲਾਨਿਆ ਜਾ ਚੁੱਕਾ ਮੁਹਾਲੀ ਇਕ ਵਾਰ ਫਿਰ ਤੋਂ ਹੌਟਸਪਾਟ ਬਣਦਾ ਜਾ ਰਿਹਾ ਹੈ। ਅੱਜ ਪੁੱਡਾ ਦੇ ਮੁਲਾਜ਼ਮ ਸਮੇਤ ਪੰਜ ਹੋਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ ਅਤੇ ਹੁਣ ਤੱਕ 85 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਂਜ ਨਾਲ ਨਾਲ ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰਾਂ ਵਿੱਚ ਪਰਤ ਰਹੇ ਹਨ। ਅੱਜ 86 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਹੈ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਦੋ ਅੌਰਤਾਂ ਸਮੇਤ ਪੰਜ ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇੱਥੋਂ ਦੇ ਫੇਜ਼-1 ਦੀ 65 ਸਾਲਾ ਕਰੋਨਾ ਪੀੜਤ ਅੌਰਤ ਦੀ ਮੌਤ ਹੋ ਗਈ। ਉਹ ਇੱਥੋਂ ਦੇ ਗਰੇਸ਼ੀਅਨ ਹਸਪਤਾਲ ਵਿੱਚ ਜੇਰੇ ਇਲਾਜ ਸੀ। ਇੰਜ ਇਸੇ ਹਸਪਤਾਲ ਵਿੱਚ ਦਾਖ਼ਲ ਸੈਕਟਰ-68 ਦੇ ਵਸਨੀਕ 41 ਸਾਲਾ ਪੁਰਸ਼ ਦੀ ਮੌਤ ਹੋ ਗਈ ਹੈ। ਸਥਾਨਕ ਆਈਵੀਵਾਈ ਹਸਪਤਾਲ ਸੈਕਟਰ-71 ਵਿੱਚ ਦਾਖ਼ਲ ਖਰੜ ਦੀ 51 ਸਾਲਾ ਅੌਰਤ ਵੀ ਚੜ੍ਹਾਈ ਕਰ ਗਈ। ਪਿੰਡ ਘੜੂੰਆਂ ਦੇ 89 ਸਾਲਾ ਬਜ਼ੁਰਗ ਨੇ ਸੋਹਾਣਾ ਹਸਪਤਾਲ ਵਿੱਚ ਦਮ ਤੋੜ ਦਿੱਤਾ ਜਦੋਂਕਿ ਲਾਲੜੂ ਦੇ 65 ਸਾਲਾ ਵਿਅਕਤੀ ਨੇ ਸਿਵਲ ਹਸਪਤਾਲ ਅੰਬਾਲਾ ਵਿੱਚ ਦਮ ਤੋੜ ਦਿੱਤਾ। ਉਹ ਪਹਿਲਾਂ ਹੀ ਦਿਲ ਦੇ ਰੋਗ ਤੋਂ ਪੀੜਤ ਸੀ। ਇਸੇ ਤਰ੍ਹਾ ਬਾਕੀ ਮਰਨ ਵਾਲੇ ਵੀ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਸਨ।
ਸਿਵਲ ਸਰਜਨ ਨੇ ਦੱਸਿਆ ਕਿ ਅੱਜ 163 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚ ਮੁਹਾਲੀ ਸ਼ਹਿਰੀ ਖੇਤਰ ਵਿੱਚ 72 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਖਰੜ ਵਿੱਚ 18, ਘੜੂੰਆਂ ਬਲਾਕ ਅਧੀਨ ਪੇਂਡੂ ਖੇਤਰ ਵਿੱਚ 36, ਕੁਰਾਲੀ ਵਿੱਚ 7, ਢਕੌਲੀ ਵਿੱਚ 19, ਲਾਲੜੂ ਵਿੱਚ ਇਕ, ਬਨੂੜ ਵਿੱਚ ਦੋ ਅਤੇ ਡੇਰਾਬੱਸੀ ਵਿੱਚ ਕਰੋਨਾ ਮਹਾਮਾਰੀ ਦੇ ਅੱਠ ਨਵੇਂ ਮਾਮਲੇ ਸਾਹਮਣੇ ਆਏ ਹਨ।
ਉਨ੍ਹਾਂ ਦੱਸਿਆ ਕਿ ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 1709 ਨਵੇਂ ਕੇਸ ਐਕਟਿਵ ਹਨ। ਜਦੋਂਕਿ 2139 ਪੀੜਤ ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਵਧਾਨੀ ਵਜੋਂ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਸ ਤਰ੍ਹਾਂ ਰੋਜ਼ਾਨਾ ਲਗਾਤਾਰ ਕਰੋਨਾ ਮਹਾਮਾਰੀ ਦੇ ਕੇਸ ਵਧ ਰਹੇ ਹਨ। ਉਸ ਨੂੰ ਦੇਖਦੇ ਹੋਏ ਬਹੁਤ ਜ਼ਰੂਰੀ ਕੰਮ ਹੋਵੇ ਤੱਦ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣ ਅਤੇ ਘਰ ਤੋਂ ਬਾਹਰ ਜਾਂ ਕੰਮ ’ਤੇ ਜਾਣ ਸਮੇਂ ਆਪਣੇ ਮੂੰਹ ’ਤੇ ਮਾਸਕ ਅਤੇ ਇਕ ਦੂਜੇ ਤੋਂ ਜ਼ਰੂਰੀ ਫਾਸਲਾ ਬਣਾ ਕੇ ਰੱਖਣਾ ਯਕੀਨੀ ਬਣਾਉਣ।
(ਬਾਕਸ ਆਈਟਮ)
ਪੁੱਡਾ\ਗਮਾਡਾ ਮੁਲਾਜ਼ਮ ਜਥੇਬੰਦੀ ਅਤੇ ਪੰਜਾਬ ਐਂਡ ਫੀਲਡ ਵਰਕਸ਼ਾਪ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਜਰਨੈਲ ਸਿੰਘ ਅਤੇ ਸਕੱਤਰ ਬਲਜਿੰਦਰ ਸਿੰਘ ਬਿੱਲਾ ਨੇ ਦੱਸਿਆ ਕਿ ਪੁੱਡਾ ਦੇ ਸੁਪਰਵਾਈਜ਼ਰ ਵੀਰਪਾਲ ਸਿੰਘ ਦੀ ਲੰਘੀ ਰਾਤ ਮੌਤ ਹੋ ਗਈ ਹੈ। ਉਹ ਗਰੇਸ਼ੀਅਨ ਵਿੱਚ ਦਾਖ਼ਲ ਸੀ। ਤਿੰਨ ਦਿਨ ਪਹਿਲਾਂ ਹੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਹ ਸ਼ੂਗਰ ਤੋਂ ਵੀ ਪੀੜਤ ਸੀ। ਇੰਜ ਹੀ ਐਸਡੀਓ (ਬਿਲਡਿੰਗ) ਅਵਦੀਪ ਸਿੰਘ ਸਮੇਤ 4-5 ਹੋਰ ਮੁਲਾਜ਼ਮ ਵੀ ਕਰੋਨਾ ਤੋਂ ਪੀੜਤ ਹਨ। ਇਸ ਤੋਂ ਪਹਿਲਾਂ ਐਸਡੀਓ ਮਠਾੜੂ ਵੀ ਇਸ ਮਹਾਮਾਰੀ ਦੇ ਲਪੇਟੇ ਵਿੱਚ ਆ ਗਏ ਸੀ। ਜਿਸ ਕਾਰਨ ਪੁੱਡਾ\ਗਮਾਡਾ ਦਫ਼ਤਰੀ ਮੁਲਾਜ਼ਮਾਂ ਵਿੱਚ ਪਾਈ ਜਾ ਰਹੀ ਹੈ। ਕਿਉਂਕਿ ਸਾਰੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਦਫ਼ਤਰ ਵਿੱਚ ਬੁਲਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪੁੱਡਾ\ਗਮਾਡਾ ਦਫ਼ਤਰ ਵਿੱਚ ਪਬਲਿਕ ਡੀਲਿੰਗ ਬੰਦ ਕੀਤੀ ਜਾਵੇ ਅਤੇ 50 ਫੀਸਦੀ ਜਾਂ ਸੀਮਤ ਸਟਾਫ਼ ਨੂੰ ਹੀ ਦਫ਼ਤਰ ਵਿੱਚ ਬੁਲਾਇਆ ਜਾਵੇ।

Load More Related Articles

Check Also

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਮੁਖੀ ਸਣੇ ਕਈ ਅਫ਼ਸਰ ਮੁਅੱਤਲ ਪਰਮਾਰ ਤੇ ਹੋਰਨਾਂ ਵ…