Nabaz-e-punjab.com

ਕਰੋਨਾਵਾਇਰਸ: ਨਾਂਦੇੜ (ਮਹਾਰਾਸ਼ਟਰ) ਤੋਂ ਪਰਤੇ 6 ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ

11 ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ, 24 ਸ਼ਰਧਾਲੂਆਂ ਦੀ ਰਿਪੋਰਟ ਆਉਣੀ ਬਾਕੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਪਰੈਲ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾਵਾਇਰਸ ਦੀ ਮਹਾਮਾਰੀ ਦੇ ਲਗਾਤਾਰ ਵਧ ਰਹੇ ਮਾਮਲਿਆਂ ਕਾਰਨ ਲੋਕ ਕਾਫੀ ਭੈਅ-ਭੀਤ ਹਨ। ਪਹਿਲਾਂ ਨਿਜ਼ਾਮੂਦੀਨ ਜਮਾਤ ਵਿੱਚ ਸ਼ਾਮਲ ਹੋ ਗਏ ਵਿਅਕਤੀਆਂ ਦੇ ਸੰਪਰਕ ਵਿੱਚ ਆਉਣ ਕਾਰਨ ਕਾਫੀ ਲੋਕ ਇਸ ਖ਼ਤਰਨਾਕ ਵਾਇਰਸ ਦੇ ਲਪੇਟੇ ਵਿੱਚ ਆਏ ਸਨ ਅਤੇ ਹੁਣ ਸ੍ਰੀ ਹਜ਼ੂਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਦੇ ਸ਼ਰਧਾਲੂਆਂ ਨੇ ਲੋਕਾਂ ਦੀ ਨੀਂਦ ਉੱਡਾ ਦਿੱਤੀ ਹੈ। ਮੁਹਾਲੀ ਵਿੱਚ ਅੱਜ 9 ਹੋਰ ਪਾਜ਼ੇਟਿਵ ਮਰੀਜ਼ ਹਨ। ਜਿਨ੍ਹਾਂ ਵਿੱਚ 6 ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਗਏ ਸ਼ਰਧਾਲੂ ਹਨ ਜਦੋਂਕਿ ਤਿੰਨ ਕੇਸ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ।
ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਪੀੜਤ ਵਿਅਕਤੀਆਂ ਵਿੱਚ ਹਰਜਿੰਦਰ ਸਿੰਘ, ਸਰਬਜੀਤ ਸਿੰਘ ਦੋਵੇਂ ਵਾਸੀ ਪ੍ਰੇਮਗੜ੍ਹ (ਮੁਹਾਲੀ), ਜੀਤ ਕੌਰ ਵਾਸੀ ਰਾਣੀ ਮਾਜਰਾ, ਭੁਪਿੰਦਰ ਕੌਰ ਵਾਸੀ ਟਿਵਾਣਾ, ਸੁਪਿੰਦਰ ਕੌਰ ਵਾਸੀ ਮੌਲੀ ਬੈਦਵਾਨ (ਮੁਹਾਲੀ) ਅਤੇ ਪਰਮਜੀਤ ਕੌਰ ਵਾਸੀ ਅੰਬਾਲਾ ਸ਼ਾਮਲ ਹਨ। ਇਸ ਤਰ੍ਹਾਂ ਹੁਣ ਮੁਹਾਲੀ ਜ਼ਿਲ੍ਹੇ ਵਿੱਚ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ 73 ਹੋ ਗਈ ਹੈ। ਇਨ੍ਹਾਂ ਸਾਰੇ ਵਿਅਕਤੀਆਂ ਨੂੰ ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਤੋਂ ਸਰਕਾਰੀ ਬੱਸ ਦੇ ਚਾਲਕ ਅਤੇ ਕੰਡਕਟਰ ਸਮੇਤ 36 ਸ਼ਰਧਾਲੂਆਂ ਦਾ ਜਥਾ ਸਰਕਾਰੀ ਬੱਸ ਰਾਹੀਂ ਮੁਹਾਲੀ ਪੁੱਜਾ ਸੀ। ਜਦੋਂਕਿ ਕੋਟਾ ਵਿੱਚ ਫਸੇ ਦੋ ਵਿਦਿਆਰਥੀ ਵੀ ਵਾਪਸ ਪਰਤ ਆਏ ਸਨ। ਇਨ੍ਹਾਂ ਸਾਰਿਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸਨ। ਸਿਹਤ ਵਿਭਾਗ ਨੇ ਸਾਵਧਾਨੀ ਵਰਤਦਿਆਂ ਇਨ੍ਹਾਂ ਨੂੰ ਆਪਣੇ ਘਰਾਂ ਵਿੱਚ ਨਹੀਂ ਜਾਣ ਦਿੱਤਾ ਸੀ ਉਨ੍ਹਾਂ ਨੂੰ ਇੱਥੋਂ ਦੇ ਸੈਕਟਰ-70 ਸਥਿਤ ਜ਼ਿਲ੍ਹਾ ਪੱਧਰੀ ਇਕਾਂਤਵਾਸ ਕੇਂਦਰ ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਅਤੇ ਕੋਟਾ ਤੋਂ ਆਏ ਵਿਦਿਆਰਥੀਆਂ ਨੂੰ ਸਰਕਾਰੀ ਹਸਪਤਾਲ ਫੇਜ਼-6 ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖ਼ਲ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਤਿੰਨ ਵਿਅਕਤੀ ਸ੍ਰੀ ਹਜ਼ੂਰ ਸਾਹਿਬ ਤੋਂ ਪਰਤ ਚੁੱਕੇ ਹਨ ਜਦੋਂਕਿ ਮੁਹਾਲੀ ਦੇ ਕਾਫ਼ੀ ਲੋਕ ਪਟਨਾ ਸਾਹਿਬ ਵਿੱਚ ਵੀ ਫਸੇ ਹੋਏ ਹਨ। ਇਨ੍ਹਾਂ ’ਚੋਂ ਅੱਜ 17 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟਾਂ ਆਈਆਂ ਹਨ। ਜਿਨ੍ਹਾਂ ’ਚੋਂ ਛੇ ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ 11 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 24 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਐਸਡੀਐਮ ਜਗਦੀਪ ਸਹਿਗਲ ਨੇ ਦੱਸਿਆ ਕਿ ਅੱਜ ਦੇਰ ਰਾਤ 9 ਹੋਰ ਸ਼ਰਧਾਲੂ ਮੁਹਾਲੀ ਪਹੁੰਚ ਗਏ ਹਨ। ਇਨ੍ਹਾਂ ਨੇ ਕੱਲ੍ਹ ਵੀਰਵਾਰ ਨੂੰ ਸੈਂਪਲ ਲਏ ਜਾਣਗੇ।
(ਬਾਕਸ ਆਈਟਮ)
ਉਧਰ, ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਛੇ ਸ਼ਰਧਾਲੂਆਂ ਦੀ ਰਿਪੋਰਟ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਚੌਕਸੀ ਵਧਾ ਦਿੱਤੀ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਹੁਣ ਸ੍ਰੀ ਹਜ਼ੂਰ ਸਾਹਿਬ ਜਾਂ ਕਿਸੇ ਵੀ ਬਾਹਰਲੇ ਸੂਬਿਆਂ ਤੋਂ ਵਾਪਸ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਿੱਧਾ ਘਰ ਨਹੀਂ ਭੇਜਿਆ ਜਾਵੇਗਾ ਸਗੋਂ ਸਬੰਧਤ ਵਿਅਕਤੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕੀਤੇ ਕੁਆਰੰਟੀਨ ਸੰਸਥਾਨਾਂ ਵਿੱਚ ਮੈਡੀਕਲ ਟੀਮਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਸੈਕਟਰ-70 ਸਥਿਤ ਜ਼ਿਲ੍ਹਾ ਪੱਧਰੀ ਇਕਾਂਤਵਾਸ ਕੇਂਦਰ ਸਮੇਤ ਹੋਰਨਾਂ ਥਾਵਾਂ ’ਤੇ ਵੀ ਅਜਿਹਾ ਪ੍ਰਬੰਧ ਕੀਤਾ ਗਿਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਨ੍ਹਾਂ ਸਾਰੇ ਵਿਅਕਤੀਆਂ ਦੇ ਨਮੂਨੇ ਕੁਆਰੰਟੀਨ ਸੰਸਥਾਨਾਂ ਵਿੱਚ ਹੀ ਇਕੱਤਰ ਕੀਤੇ ਜਾਣਗੇ ਅਤੇ ਕਰੋਨਾਵਾਇਰਸ ਲਈ ਟੈੱਸਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੀ ਬਜਾਏ ਇਨ੍ਹਾਂ ਵਿਅਕਤੀਆਂ ਦਾ ਪੀਸੀਆਰ ਦੁਆਰਾ ਟੈੱਸਟ ਕੀਤਾ ਜਾਵੇਗਾ ਅਤੇ ਜੇਕਰ ਉਹ ਪਾਜ਼ੇਟਿਵ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਕੁਆਰੰਟੀਨ ਸਹੂਲਤ ਵਿੱਚ ਅਲੱਗ ਰੱਖਿਆ ਜਾਵੇਗਾ ਅਤੇ ਜੇਕਰ ਇਹ ਨੈਗੇਟਿਵ ਪਾਏ ਗਏ ਤਾਂ ਉਨ੍ਹਾਂ ਨੂੰ 14 ਦਿਨਾਂ ਲਈ ਘਰਾਂ ਵਿੱਚ ਕੁਆਰੰਟੀਨ ਕੀਤਾ ਜਾਵੇਗਾ।

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ ਪਨਬਸ ਦਾ ਸੁਪਰਡੈਂਟ 20,000 ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਪਨਬਸ ਦਾ ਸੁਪਰਡੈਂਟ 20,000 ਰੁਪਏ ਰਿਸ਼ਵਤ ਲੈਂਦਾ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ…