ਕਰੋਨਾਵਾਇਰਸ: ਠੀਕ ਹੋਏ ਮਰੀਜ਼ਾਂ ਦਾ ਬਿਮਾਰੀ ਨਾਲ ਲੜਨ ਦੀ ਸਮਰਥਾ ਦਾ ਪਤਾ ਲਾਉਣ ਲਈ ‘ਸੀਰੋ ਸਰਵੇ’

ਸਿਹਤ ਵਿਭਾਗ ਨੇ ਠੀਕ ਹੋ ਕੇ ਆਪਣੇ ਘਰ ਪਰਤੇ 125 ਵਿਅਕਤੀਆਂ ਦੇ ਖੂਨ ਦੇ ਸੈਂਪਲ ਲਏ

ਆਈਸੀਐਮਆਰ ਤੇ ਪੰਜਾਬ ਸਰਕਾਰ ਦਾ ਸਾਂਝਾ ਉਪਰਾਲਾ, ਸਿਵਲ ਸਰਜਨ ਨੇ ਲਿਆ ਸੀਰੋ ਸਰਵੇ ਦਾ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਗਸਤ:
‘ਕਰੋਨਾ ਵਾਇਰਸ’ ਮਹਾਮਾਰੀ ਦੇ ਫੈਲਾਅ ਦੇ ਪੱਧਰ ਅਤੇ ਸਿਹਤਯਾਬ ਹੋ ਚੁਕੇ ਮਰੀਜ਼ਾਂ ਅੰਦਰ ਬੀਮਾਰੀ ਨਾਲ ਲੜਨ ਦੀ ਤਾਕਤ ਦਾ ਪਤਾ ਲਾਉਣ ਲਈ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਤੇ ਪੰਜਾਬ ਸਰਕਾਰ ਦੇ ਸਾਂਝੇ ਯਤਨਾਂ ਨਾਲ ‘ਹਾਟ ਸਪਾਟ’ ਰਹੇ ਪਿੰਡ ਜਵਾਹਰਪੁਰ ਵਿੱਚ ਅੱਜ ਦੋ-ਦਿਨਾ ‘ਸੀਰੋ ਸਰਵੇ’ ਸ਼ੁਰੂ ਹੋਇਆ। ਸਰਵੇ ਕਰਨ ਵਾਲੀਆਂ ਟੀਮਾਂ ਨੇ ਪਿੰਡ ਦੇ ਘਰ-ਘਰ ਜਾ ਕੇ ਪਹਿਲੇ ਦਿਨ 125 ਵਿਅਕਤੀਆਂ ਦੇ ਬਲੱਡ ਸੈਂਪਲ ਲਏ। ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਸਰਵੇ ਦੇ ਕੰਮ ਦੀ ਦੇਖ-ਰੇਖ ਕੀਤੀ ਅਤੇ ਸਰਵੇ ਟੀਮਾਂ ਨੂੰ ਹਰ ਤਰ੍ਹਾਂ ਦੀ ਮਦਦ ਪ੍ਰਦਾਨ ਕੀਤੀ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਆਈਸੀਐਮਆਰ ਵੱਲੋਂ ਮੁਹਾਲੀ ਸਮੇਤ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਇਹ ਸਰਵੇ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਸਰਵੇ ਦਾ ਮੰਤਵ ‘ਕੰਟੇਨਮੈਂਟ ਜ਼ੋਨ/ਹਾਟ ਸਪਾਟ ਰਹੇ ਇਲਾਕਿਆਂ ਵਿਚ ਜਿਥੇ ਕੋਰੋਨਾ ਵਾਇਰਸ ਦੀ ਲਾਗ ਦੀ ਸਥਿਤੀ ਦਾ ਪਤਾ ਲਾਉਣਾ ਹੈ, ਉਥੇ ਇਹ ਵੀ ਪਤਾ ਕਰਨਾ ਹੈ ਕਿ ਸਿਹਤਯਾਬ ਹੋ ਚੁਕੇ ਮਰੀਜ਼ਾਂ ਅੰਦਰ ਬੀਮਾਰੀ ਨਾਲ ਲੜਨ ਦੀ ਕਿੰਨੀ ਤਾਕਤ ਪੈਦਾ ਹੋਈ ਹੈ? ਜ਼ਿਕਰਯੋਗ ਹੈ ਕਿ ਇਕੱਲੇ ਪਿੰਡ ਜਵਾਹਰਪੁਰ ਵਿਚ ਕੋਰੋਨਾ ਵਾਇਰਸ ਦੇ ਲਾਗ ਦੇ 46 ਕੇਸ ਸਾਹਮਣੇ ਆਏ ਸਨ ਅਤੇ ਇਸ ਵੇਲੇ ਪਿੰਡ ਵਿਚ ਕੋਈ ਪਾਜ਼ੇਟਿਵ ਕੇਸ ਨਹੀਂ। ਸਾਰੇ ਮਰੀਜ਼ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ।
ਡਾ. ਮਨਜੀਤ ਸਿੰਘ ਨੇ ਕਿਹਾ ਕਿ ਸਰਵੇ ਦੇ ਨਤੀਜਿਆਂ ਦੇ ਆਧਾਰ ’ਤੇ ਮਹਾਂਮਾਰੀ ਨਾਲ ਲੜਨ ਦੀ ਅਗਲੀ ਰਣਨੀਤੀ ਦੀਆਂ ਬਿਹਤਰ ਨੀਤੀਆਂ ਬਣਾਈਆਂ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ ਸਰਵੇ ਦੇ ਨਤੀਜਿਆਂ ਦੇ ਆਧਾਰ ’ਤੇ ਪਤਾ ਲੱਗੇਗਾ ਕਿ ਕੋਰੋਨਾ ਵਾਇਰਸ ਵਿਰੁਧ ਐਂਟੀਬਾਡੀਜ਼ ਜਾਂ ਰੋਗਾਂ ਨਾਲ ਲੜਨ ਦੀ ਤਾਕਤ ਲੋਕਾਂ ਅੰਦਰ ਕਿਸ ਤਰ੍ਹਾਂ ਪੈਦਾ ਹੋ ਰਹੀ ਹੈ ਅਤੇ ਇਸ ਦੇ ਪੈਦਾ ਹੋਣ ਦੀ ਦਰ ਕੀ ਹੈ? ਇਸ ਸਰਵੇ ਜ਼ਰੀਏ ਵਾਇਰਸ ਦੇ ਪਸਾਰ ਅਤੇ ਉਸ ਦੀ ਸਮਰੱਥਾ ਦਾ ਪਤਾ ਲਾਉਣ ਵਿਚ ਵੀ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਨੇ ਸਰਵੇ ਦਾ ਕੰਮ ਨੇਪਰੇ ਚੜ੍ਹਾਉਣ ਲਈ ਪਹਿਲਾਂ ਹੀ ਅਪਣੇ ਡਾਕਟਰਾਂ ਅਤੇ ਹੋਰ ਸਟਾਫ਼ ਦੀ ਡਿਊਟੀ ਲਗਾ ਦਿਤੀ ਸੀ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਸਰਵੇ ਦੇ ਕੰਮ ਵਿਚ ਆਈਸੀਐਮਆਰ ਦੀਆਂ ਟੀਮਾਂ ਦਾ ਪੂਰਾ ਸਾਥ ਦੇ ਰਹੀਆਂ ਹਨ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ, ਡਾ. ਐਚ.ਐਸ. ਚੀਮਾ, ਡਾ. ਵਿਕਰਾਂਤ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ, ਸ਼ਿਵ ਕੁਮਾਰ ਆਦਿ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …