Nabaz-e-punjab.com

ਕਰੋਨਾਵਾਇਰਸ: ਜਗਤਪੁਰਾ, ਨਵਾਂ ਗਉਂ ’ਚ 2363 ਘਰਾਂ ਦਾ ਸਰਵੇ, 12,183 ਲੋਕਾਂ ਦੀ ਜਾਂਚ

ਜਗਤਪੁਰਾ ਦੇ ਸਰਪੰਚ ਸਮੇਤ ਸੈਂਕੜੇ ਵਿਅਕਤੀਆਂ ਨੂੰ ਕੀਤਾ ਹਾਊਸ ਆਈਸੋਲੇਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਪਰੈਲ:
ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੂੰ ਸ਼ੁੱਕਰਵਾਰ ਨੂੰ ਤੀਜੇ ਦਿਨ ਪਿੰਡ ਜਗਤਪੁਰਾ ਅਤੇ ਨਵਾਂ ਗਉਂ ਵਿੱਚ 2363 ਘਰਾਂ ਦਾ ਸਰਵੇ ਕੀਤਾ ਅਤੇ ਇਸ ਦੌਰਾਨ 12 ਹਜ਼ਾਰ 183 ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਸ ਕਾਰਵਾਈ ਨੂੰ ਮੁੱਢਲਾ ਸਿਹਤ ਕੇਂਦਰ ਘੜੂੰਆਂ ਦੀ ਐਸਐਮਓ ਡਾ. ਕੁਲਜੀਤ ਕੌਰ ਦੀ ਨਿਗਰਾਨੀ ਹੇਠ ਅੰਜਾਮ ਦਿੱਤਾ ਗਿਆ। ਬੀਤੇ ਕੱਲ੍ਹ ਜਗਤਪੁਰਾ ਵਿੱਚ 300 ਘਰਾਂ ਵਿੱਚ ਜਾ ਕੇ 2 ਹਜ਼ਾਰ ਲੋਕਾਂ ਦੀ ਜਾਂਚ ਕੀਤੀ ਜਦਕਿ ਨਵਾਂ ਗਾਉਂ ਵਿੱਚ 931 ਘਰਾਂ ਵਿੱਚ ਜਾ ਕੇ 4696 ਲੋਕਾਂ ਦੀ ਜਾਂਚ ਕੀਤੀ ਸੀ। ਜਿਨ੍ਹਾਂ ’ਚੋਂ ਪੰਜ ਸ਼ੱਕੀ ਵਿਅਕਤੀ ਮਿਲੇ ਸਨ। ਜਿਨ੍ਹਾਂ ਨੂੰ ਖੰਘ, ਜ਼ੁਕਾਮ ਸੀ। ਸਿਹਤ ਟੀਮਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਸਮਾਜਿਕ ਦੂਰੀ ਰੱਖਣ, ਵਾਰ-ਵਾਰ ਹੱਥ ਧੋਣ, ਚੰਗੀ ਖ਼ੁਰਾਕ ਖਾਣ ਅਤੇ ਬਾਹਰ ਨਾ ਨਿਕਲਣ ਲਈ ਪ੍ਰੇਰਿਤ ਕੀਤਾ ਹੈ। ਉਧਰ, ਸਾਵਧਾਨੀ ਦੇ ਤੌਰ ’ਤੇ ਪਿੰਡ ਦੇ ਸਰਪੰਚ ਰਣਜੀਤ ਸਿੰਘ ਗਿੱਲ ਸਮੇਤ ਕਈ ਹੋਰਨਾਂ ਘਰਾਂ ਨੂੰ ਸੀਲ ਕੀਤਾ ਗਿਆ ਹੈ। ਸਰਪੰਚ ਦੇ ਟੱਬਰ ਅਤੇ ਨੌਕਰਾਂ ਸਣੇ 17 ਵਿਅਕਤੀਆਂ ਅਤੇ ਦੂਜੇ ਘਰਾਂ ਵਿੱਚ ਰਹਿਣ ਵਾਲੇ ਸੈਂਕੜੇ ਲੋਕਾਂ ਨੂੰ ਅਗਲੇ ਹੁਕਮਾਂ ਤੱਕ ਹਾਊਸ ਆਈਸੋਲੇਸ਼ਨ ਤਹਿਤ ਆਪੋ ਆਪਣੇ ਘਰਾਂ ਵਿੱਚ ਨਜ਼ਰਬੰਦ ਰਹਿਣ ਲਈ ਕਿਹਾ ਗਿਆ ਹੈ।
ਸਿਹਤ ਵਿਭਾਗ ਦੀ ਜਾਣਕਾਰੀ ਅਨੁਸਾਰ ਸਰਪੰਚ ਨੇ ਸਰਵੇ ਟੀਮ ਨੂੰ ਦੱਸਿਆ ਹੈ ਕਿ ਕਰੋਨਾ ਪਾਜ਼ੇਟਿਵ ਮਰੀਜ਼ ਕਪਿਲ ਸ਼ਰਮਾ ਅਕਸਰ ਜਨਤਕ ਕੰਮਾਂ ਲਈ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਰਿਹਾ ਹੈ। ਉਹ ਮਹਿਲਾ ਪੰਚ ਦਾ ਘਰ ਵਾਲਾ ਹੈ। ਪਿਛਲੇ ਦਿਨੀਂ ਉਸ ਨੇ ਸਰਪੰਚ ਦੇ ਘਰੋਂ ਰਾਸ਼ਨ ਲੈ ਕੇ ਜਗਤਪੁਰਾ ਸਮੇਤ ਬੰਤ ਕਲੋਨੀ ਵਿੱਚ ਵੰਡਿਆ ਹੈ। ਜਿਸ ਤੋਂ ਇਹ ਜਾਪਦਾ ਹੈ ਕਿ ਹੁਣ ਤੱਕ ਉਹ ਕਾਫੀ ਲੋਕਾਂ ਦੇ ਸੰਪਰਕ ਵਿੱਚ ਆ ਚੁੱਕਾ ਹੈ। ਪੀੜਤ ਮਰੀਜ਼ ਦੀ ਪਤਨੀ ਅਤੇ ਬੇਟਾ ਤੇ ਬੇਟੀ ਨੂੰ ਹਸਪਤਾਲ ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਜਦੋਂਕਿ ਉਨ੍ਹਾਂ ਦੇ ਬਿਲਕੁਲ ਨਾਲ ਲਗਦੇ ਘਰ ਵਿੱਚ ਉਸ ਦਾ ਬੇਟਾ ਤੇ ਨੂੰਹ ਰਹਿੰਦੀ ਹੈ ਅਤੇ ਦੋ ਤਿੰਨ ਗਲੀਆਂ ਛੱਡ ਕੇ ਪੀੜਤ ਕਪਿਲ ਦੀ ਧੀ ਅਤੇ ਜਵਾਈ ਅਤੇ ਉਨ੍ਹਾਂ ਦੇ ਦੋ ਬੱਚੇ ਅਤੇ ਨਾਲ ਵਾਲੀ ਗਲੀ ਵਿੱਚ ਕਪਿਲ ਦਾ ਇਕ ਹੋਰ ਬੇਟਾ ਅਤੇ ਨੂੰਹ ਰਹਿੰਦੇ ਹਨ। ਇਨ੍ਹਾਂ ਸਾਰਿਆਂ ਦੇ ਵੀ ਸੈਂਪਲ ਲਏ ਗਏ ਹਨ।
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਜਗਤਪੁਰਾ ਵਿੱਚ ਮੁੱਢਲਾ ਸਿਹਤ ਕੇਂਦਰ ਘੜੂੰਆਂ ਦੀ ਐਸਐਮਓ ਡਾ. ਕੁਲਜੀਤ ਕੌਰ ਦੀ ਨਿਗਰਾਨੀ ਹੇਠ ਸਿਹਤ ਵਿਭਾਗ ਦੀਆਂ ਪੰਜ ਟੀਮਾਂ ਵੱਲੋਂ 160 ਘਰਾਂ ਦਾ ਸਰਵੇ ਕੀਤਾ ਗਿਆ। ਇਸ ਦੌਰਾਨ 560 ਵਿਅਕਤੀਆਂ ਦੀ ਜਾਂਚ ਕੀਤੀ ਗਈ। ਜਿਨ੍ਹਾਂ ਵਿੱਚ ਛੋਟੇ ਬੱਚੇ ਵੀ ਸ਼ਾਮਲ ਹਨ, ਇਹ ਬੱਚੇ ਅਕਸਰ ਪੀੜਤ ਮਰੀਜ਼ ਦੇ ਘਰ ਖੇਡਣ ਲਈ ਆਉਂਦੇ ਜਾਂਦੇ ਸੀ। ਇੰਜ ਹੀ ਨਵਾਂ ਗਉਂ ਵਿੱਚ 2203 ਘਰਾਂ ਦਾ ਸਰਵੇ ਕੀਤਾ ਗਿਆ ਅਤੇ 11 ਹਜ਼ਾਰ 623 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ। ਹਾਲਾਂਕਿ ਜਾਂਚ ਦੌਰਾਨ ਕਿਸੇ ਵਿਅਕਤੀ ਵਿੱਚ ਕਰੋਨਾਵਾਇਰਸ ਦੇ ਲੱਛਣ ਨਹੀਂ ਮਿਲੇ ਹਨ ਪ੍ਰੰਤੂ ਫਿਰ ਵੀ ਲੋਕਾਂ ਨੂੰ ਸੁਚੇਤ ਕਰਦਿਆਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਪ੍ਰੇਰਿਆ ਗਿਆ ਹੈ।
(ਬਾਕਸ ਆਈਟਮ)
ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਸ਼ਾਮ ਨੂੰ ਉਸ ਸਮੇਂ ਸੁੱਖ ਦਾ ਸਾਹ ਲਿਆ ਜਦੋਂ 101 ਵਿਅਕਤੀਆਂ ਦੇ ਸੈਂਪਲਾਂ ’ਚੋਂ 81 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ। ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਨੇ ਦੱਸਿਆ ਕਿ ਇੱਥੋਂ ਦੇ ਫੇਜ਼-9 ਸਮੇਤ ਜਗਤਪੁਰਾ ਅਤੇ ਨਵਾਂ ਗਉਂ ’ਚੋਂ ਕਰੀਬ 101 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਸੀ। ਜਿਨ੍ਹਾਂ ’ਚੋਂ ਅੱਜ ਸ਼ਾਮ 81 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦੋਂਕਿ 20 ਵਿਅਕਤੀਆਂ ਦੀ ਰਿਪੋਰਟ ਭਲਕੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਅੱਜ 25 ਹੋਰ ਸ਼ੱਕੀ ਵਿਅਕਤੀਆਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਪੀੜਤ ਕਪਿਲ ਸ਼ਰਮਾ (55) ਅਤੇ ਮ੍ਰਿਤਕ ਓਮ ਪ੍ਰਕਾਸ਼ ਦੇ ਪਰਿਵਾਰਕ ਮੈਂਬਰਾਂ ’ਚੋਂ ਕਰੀਬ ਛੇ ਜਣਿਆਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਉਨ੍ਹਾਂ ਕਿਹਾ ਕਿ ਨੈਗੇਟਿਵ ਰਿਪੋਰਟ ਵਾਲੇ ਸਾਰੇ ਵਿਅਕਤੀਆਂ ਨੂੰ ਹਾਊਸ ਆਈਸੋਲੇਸ਼ਨ ਤਹਿਤ ਅਗਲੇ 14 ਦਿਨਾਂ ਤੱਕ ਆਪਣੋ ਆਪੋ ਘਰਾਂ ਵਿੱਚ ਨਜ਼ਰਬੰਦ ਰਹਿਣ ਲਈ ਆਖਿਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…