Share on Facebook Share on Twitter Share on Google+ Share on Pinterest Share on Linkedin ਕਰੋਨਾਵਾਇਰਸ: ਸਰਕਾਰੀ ਹਸਪਤਾਲ, ਕੁੰਭੜਾ ਤੇ ਮੌਲੀ ਬੈਦਵਾਨ ’ਚੋਂ 62 ਸ਼ੱਕੀ ਲੋਕਾਂ ਦੇ ਸੈਂਪਲ ਲਏ ਵੱਖ-2ਵੱਖ ਟੀਮਾਂ ਵੱਲੋਂ ਮੌਲੀ ਬੈਦਵਾਨ ਤੇ ਨਵਾਂ ਗਾਉਂ ਵਿੱਚ 2075 ਘਰਾਂ ਦਾ ਸਰਵੇ, 9641 ਲੋਕਾਂ ਦੀ ਕੀਤੀ ਜਾਂਚ ਨਵਾਂ ਗਾਉਂ ਦੇ ਮ੍ਰਿਤਕ ਓਮ ਪ੍ਰਕਾਸ਼ ਅਤੇ ਜਗਤਪੁਰਾ ਦੇ ਕਪਿਲ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਅਪਰੈਲ: ਸਿਹਤ ਵਿਭਾਗ ਨੇ ਅੱਜ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਸਮੇਤ ਪਿੰਡ ਮੌਲੀ ਬੈਦਵਾਨ ਅਤੇ ਕੁੰਭੜਾ ਵਿੱਚ 62 ਸ਼ੱਕੀ ਵਿਅਕਤੀਆਂ ਦੇ ਖੂਨ ਦੇ ਸੈਂਪਲ ਲਏ ਗਏ। ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ ਵਿੱਚ 31, ਪਿੰਡ ਮੌਲੀ ਬੈਦਵਾਨ ਵਿੱਚ 25 ਅਤੇ ਕੁੰਭੜਾ ’ਚੋਂ ਛੇ ਸ਼ੱਕੀ ਵਿਅਕਤੀਆਂ ਦੇ ਖੂਨ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ ਅਤੇ ਇਨ੍ਹਾਂ ਸਾਰੇ ਵਿਅਕਤੀਆਂ ਨੂੰ ਅਗਲੇ ਹੁਕਮਾਂ ਤੱਕ ਹਾਊਸ ਆਈਸੋਲੇਸ਼ਨ ਤਹਿਤ ਆਪੋ ਆਪਣੇ ਘਰਾਂ ਵਿੱਚ ਨਜ਼ਰਬੰਦ ਰਹਿਣ ਲਈ ਆਖਿਆ ਗਿਆ ਹੈ। ਜਦੋਂਕਿ ਜਗਤਪੁਰਾ ਦੇ ਕਰੋਨਾ ਪੀੜਤ ਕਪਿਲ ਸ਼ਰਮਾ (55) ਅਤੇ ਨਵਾਂ ਗਾਉਂ ਮ੍ਰਿਤਕ ਓਮ ਪ੍ਰਕਾਸ਼ ਦੇ ਪਰਿਵਾਰਕ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਧਰ, ਸਿਹਤ ਵਿਭਾਗ ਦੀਆਂ ਵੱਖ-ਵੱਖ 13 ਟੀਮਾਂ ਨੇ ਸ਼ਨਿਚਰਵਾਰ ਚੌਥੇ ਦਿਨ ਪਿੰਡ ਮੌਲੀ ਬੈਦਵਾਨ ਅਤੇ ਨਵਾਂ ਗਾਉਂ ਵਿੱਚ 2075 ਘਰਾਂ ਦਾ ਸਰਵੇ ਕੀਤਾ ਗਿਆ ਅਤੇ ਇਸ ਦੌਰਾਨ 9641 ਵਿਅਕਤੀਆਂ ਦੀ ਮੈਡੀਕਲ ਜਾਂਚ ਕੀਤੀ ਗਈ। ਇਸ ਕਾਰਵਾਈ ਨੂੰ ਮੁੱਢਲਾ ਸਿਹਤ ਕੇਂਦਰ ਘੜੂੰਆਂ ਦੀ ਐਸਐਮਓ ਡਾ. ਕੁਲਜੀਤ ਕੌਰ ਦੀ ਨਿਗਰਾਨੀ ਹੇਠ ਅੰਜਾਮ ਦਿੱਤਾ ਗਿਆ। ਸਿਹਤ ਟੀਮਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਸਮਾਜਿਕ ਦੂਰੀ ਰੱਖਣ, ਵਾਰ-ਵਾਰ ਹੱਥ ਧੋਣ, ਚੰਗੀ ਖ਼ੁਰਾਕ ਖਾਣ ਅਤੇ ਬਾਹਰ ਨਾ ਨਿਕਲਣ ਲਈ ਪ੍ਰੇਰਿਤ ਕੀਤਾ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੁੱਢਲਾ ਸਿਹਤ ਕੇਂਦਰ ਘੜੂੰਆਂ ਦੀ ਐਸਐਮਓ ਡਾ. ਕੁਲਜੀਤ ਕੌਰ ਦੀ ਨਿਗਰਾਨੀ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮੌਲੀ ਬੈਦਵਾਨ ਵਿੱਚ 723 ਘਰਾਂ ਦਾ ਸਰਵੇ ਕੀਤਾ ਗਿਆ। ਇਸ ਦੌਰਾਨ 3615 ਵਿਅਕਤੀਆਂ ਦੀ ਜਾਂਚ ਕੀਤੀ ਗਈ। ਇੰਜ ਹੀ ਨਵਾਂ ਗਉਂ ਵਿੱਚ 1352 ਘਰਾਂ ਦਾ ਸਰਵੇ ਕੀਤਾ ਗਿਆ ਅਤੇ 6026 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ। ਹਾਲਾਂਕਿ ਜਾਂਚ ਦੌਰਾਨ ਕਿਸੇ ਵਿਅਕਤੀ ਵਿੱਚ ਕਰੋਨਾਵਾਇਰਸ ਦੇ ਲੱਛਣ ਨਹੀਂ ਮਿਲੇ ਹਨ ਪ੍ਰੰਤੂ ਫਿਰ ਵੀ ਲੋਕਾਂ ਨੂੰ ਸੁਚੇਤ ਕਰਦਿਆਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਪ੍ਰੇਰਿਆ ਗਿਆ ਹੈ। (ਬਾਕਸ ਆਈਟਮ) ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਕਰੋਨਾਵਾਇਰਸ ਜਿਹੀ ਜਾਨਲੇਵਾ ਬਿਮਾਰੀ ਦੇ ਸ਼ੱਕੀ ਅਤੇ ਪੁਸ਼ਟ ਮਰੀਜ਼ ਦਾ ਸੈਂਪਲ ਲੈਣਾ ਕਾਫ਼ੀ ਜ਼ੋਖ਼ਮ ਭਰਿਆ ਕੰਮ ਹੈ ਪਰ ਸੈਂਪਲਿੰਗ ਟੀਮਾਂ ਪੂਰੀ ਨਿਡਰਤਾ ਅਤੇ ਅਹਿਤਿਆਤ ਨਾਲ ਇਸ ਅੌਖੇ ਕੰਮ ਨੂੰ ਸਿਰੇ ਚਾੜ੍ਹ ਰਹੀਆਂ ਹਨ। ਜਦੋਂ ਵੀ ਕਿਸੇ ਇਲਾਕੇ ਜਾਂ ਘਰ ’ਚੋਂ ਕੋਈ ਪਾਜ਼ੇਟਿਵ ਜਾਂ ਸ਼ੱਕੀ ਕੇਸ ਮਿਲਦਾ ਹੈ ਤਾਂ ਟੀਮਾਂ ਤੁਰੰਤ ਟਿਕਾਣੇ ’ਤੇ ਪਹੁੰਚ ਜਾਂਦੀਆਂ ਹਨ ਅਤੇ ਸੈਂਪਲ ਇਕੱਠੇ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ਼ ਸਮੇਤ ਸੈਂਪਲ ਲੈਣ ਵਾਲੀਆਂ ਟੀਮਾਂ ਨੂੰ ਸੁਰੱਖਿਆ ਕਿੱਟਾਂ ਮੁਹੱਈਆ ਕੀਤੀਆਂ ਗਈਆਂ ਹਨ। ਐਂਬੂਲੈਂਸਾਂ ਵਿੱਚ ਤਾਇਨਾਤ ਸਟਾਫ਼ ਵੀ ਸੁਰੱਖਿਆ ਕਿੱਟਾਂ ਨਾਲ ਲੈਸ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ