Nabaz-e-punjab.com

ਨਸ਼ਿਆਂ ਦੀ ਸਮੱਸਿਆ ’ਤੇ ਕਾਬੂ ਪਾਉਣ ਲਈ ਸਾਰੇ ਵਿਭਾਗਾਂ ਵਿੱਚ ਆਪਸੀ ਤਾਲਮੇਲ ਜ਼ਰੂਰੀ: ਗੁਰਪ੍ਰੀਤ ਦਿਓ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣਾ ਐਕਸ਼ਨ ਪਲਾਨ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਤੇ ਪੁਲੀਸ ਦੀ ਕਾਰਗੁਜ਼ਾਰੀ ਦੀ ਸ਼ਲਾਘਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੂਨ:
‘‘ਨਸ਼ੇ ਦੀ ਸਮੱਸਿਆ ਪੰਜਾਬ ਵਿੱਚ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਉਤੇ ਕਾਬੂ ਪਾਉਣ ਲਈ ਸਾਰੇ ਵਿਭਾਗਾਂ ਵਿਚਾਲੇ ਆਪਸੀ ਤਾਲਮੇਲ ਬੇਹੱਦ ਜ਼ਰੂਰੀ ਹੈ ਤਾਂ ਕਿ ਅਸੀਂ ਇਸ ਸਮੱਸਿਆ ਨਾਲ ਕਰੜੇ ਹੱਥੀਂ ਨਜਿੱਠਣ ਸਕੀਏ।’’ ਇਹ ਖੁਲਾਸਾ ਐਸਟੀਐਫ ਦੇ ਏ.ਡੀ.ਜੀ.ਪੀ. ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਨੇ ਇੱਥੇ ਅੱਜ ਸਾਰੇ ਵਿਭਾਗਾਂ ਦੀ ਸਾਂਝੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਹੋਣ ਦੇ ਨਾਤੇ ਉਹ ਪੰਜਾਬ ਨੂੰ ਇਸ ਸਮੱਸਿਆ ਨੂੰ ਨਿਜ਼ਾਤ ਦਿਵਾਉਣਾ ਚਾਹੁੰਦੇ ਹਨ ਅਤੇ ਪੰਜਾਬ ਪੁਲੀਸ ਨੇ ਇਸ ਬਾਰੇ ਪੰਦਰਵਾੜਾ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸਾਨੂੰ ਨਸ਼ਿਆਂ ਦੀ ਵਿਕਰੀ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕਰਨੀ ਪਵੇਗੀ ਤਾਂ ਹੀ ਅਸੀਂ ਉਨ੍ਹਾਂ ਖ਼ਾਸ ਥਾਵਾਂ ਉਤੇ ਧਿਆਨ ਕੇਂਦਰਤ ਕਰਨ ਦੇ ਯੋਗ ਹੋ ਸਕਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਟੀਚਾ ਆਧਾਰਤ ਪਹੁੰਚ ਅਪਨਾਉਣੀ ਪਵੇਗੀ ਅਤੇ ਇਸ ਦਿਸ਼ਾ ਵਿੱਚ ਜ਼ਿਲ੍ਹਾ ਦਾ ਆਪਣਾ ਐਕਸ਼ਨ ਪਲਾਨ ਲਾਭਕਾਰੀ ਸਾਬਤ ਹੋਵੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣਾ ਐਕਸ਼ਨ ਪਲਾਨ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਏ.ਡੀ.ਜੀ.ਪੀ. ਨੇ ਅੱਗੇ ਕਿਹਾ ਕਿ ਸਾਨੂੰ ਤਸਕਰੀ ਕਰਨ ਵਾਲੇ ਪੁਰਾਣੇ ਮੁਲਜ਼ਮਾਂ ਦੀ ਸ਼ਨਾਖ਼ਤ ਕਰਨੀ ਪਵੇਗੀ, ਜਿਸ ਬਾਰੇ ਲੋਕਾਂ ਨੂੰ ਚੰਗੀ ਤਰ੍ਹਾਂ ਦੱਸਣਾ ਪਵੇਗਾ ਤਾਂ ਕਿ ਲੋਕਾਂ ਦਾ ਪ੍ਰਸ਼ਾਸਨ ਵਿੱਚ ਵਿਸ਼ਵਾਸ ਬਣੇ।
ਉਨ੍ਹਾਂ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਨਸ਼ਾ ਪੀੜਤਾਂ ਨੂੰ ਰੋਜ਼ਾਨਾ ਆਧਾਰ ਉੱਤੇ ਦਿੱਤੀ ਜਾਂਦੀ ਦਵਾਈ ਨੂੰ ਹਫ਼ਤਾਵਾਰੀ ਆਧਾਰ ਉਤੇ ਦੇਣ ਬਾਰੇ ਵਿਚਾਰ ਕਰਨ ਕਿਉਂਕਿ ਬਹੁਤੇ ਨਸ਼ਾ ਪੀੜਤ ਦਿਹਾੜੀਦਾਰ ਜਾਂ ਮਜ਼ਦੂਰ ਹਨ ਅਤੇ ਦਵਾਈ ਲਈ ਰੋਜ਼ਾਨਾ ਕਤਾਰਾਂ ਵਿੱਚ ਖੜ੍ਹਨ ਨਾਲ ਉਨ੍ਹਾਂ ਦੇ ਕੰਮ ਦਾ ਨੁਕਸਾਨ ਹੁੰਦਾ ਹੈ। ਨਾਗਰਿਕਾਂ ਵਿਚਾਲੇ ਵਿਸ਼ਵਾਸ ਵਧਾਉਣ ਲਈ ਕੋਸ਼ਿਸ਼ਾਂ ਕਰਨ ਉਤੇ ਜ਼ੋਰ ਦਿੰਦਿਆਂ ਸ੍ਰੀਮਤੀ ਦਿਓ ਨੇ ਕਿਹਾ ਕਿ ਜੇ ਅਸੀਂ ਇਸ ਲੜਾਈ ਨੂੰ ਜਿੱਤਣਾ ਚਾਹੁੰਦੇ ਹਾਂ ਤਾਂ ਸਾਨੂੰ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਰਾਜ ਦੇ ਹਰੇਕ ਕੋਨੇ ਵਿੱਚ ਲੈ ਕੇ ਜਾਣਾ ਪਵੇਗਾ, ਜਿਸ ਤੋਂ ਬਾਅਦ ਹੀ ਅਸੀਂ ਇਸ ਨੂੰ ਜੰਗ ਨੂੰ ਕਿਸੇ ਨਤੀਜੇ ਉੱਤੇ ਪਹੁੰਚਾ ਸਕਾਂਗੇ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਨਸ਼ਿਆਂ ਦੇ ਰੁਝਾਨ ਦੇ ਖਾਤਮੇ ਸਬੰਧੀ ਜ਼ਿਲ੍ਹੇ ਦੇ ਆਪਣੇ ਐਕਸ਼ਨ ਪਲਾਨ ਬਾਰੇ ਝਾਤ ਪੁਆਈ। ਉਨ੍ਹਾਂ ਦੱਸਿਆ ਕਿ ਸਾਡਾ ਧਿਆਨ ਈਡੀਪੀ (ਐਨਫੋਰਸਮੈਂਟ, ਨਸ਼ਾ ਮੁਕਤੀ ਤੇ ਰੋਕਥਾਮ) ਫਾਰਮੂਲੇ ਉਤੇ ਕੇਂਦਰਤ ਹੋਵੇਗਾ।
ਮੀਟਿੰਗ ਵਿੱਚ ਐਸਐਸਪੀ ਹਰਚਰਨ ਸਿੰਘ ਭੁੱਲਰ, ਏਡੀਸੀ (ਜ) ਸ੍ਰੀਮਤੀ ਸਾਕਸ਼ੀ ਸਾਹਨੀ, ਏਆਈਜੀ ਹਰਪ੍ਰੀਤ ਸਿੰਘ, ਐਸਪੀ (ਐਚ) ਗੁਰਸੇਵਕ ਸਿੰਘ, ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ, ਖਰੜ ਦੇ ਐਸਡੀਐਮ ਵਿਨੋਦ ਬਾਂਸਲ, ਡੇਰਾਬੱਸੀ ਦੀ ਐਸਡੀਐਮ ਸ੍ਰੀਮਤੀ ਪੂਜਾ ਸਿਆਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਪ੍ਰੀਤ ਕੌਰ, ਡੀਐਸਪੀ ਰਮਨਦੀਪ ਸਿੰਘ ਅਤੇ ਹੋਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…