ਜੇ ਮੰਤਰੀ ਮੰਡਲ ’ਚ ਭਿ੍ਰਸਟਾਂ ਨੂੰ ਸ਼ਾਮਲ ਕੀਤਾ ਤਾਂ ਮੁੱਖ ਮੰਤਰੀ ਨਿਵਾਸ ਘੇਰਾਂਗੇ: ਹਰਪਾਲ ਚੀਮਾ

ਭਿ੍ਰਸ਼ਟ ਮੰਤਰੀਆਂ ’ਤੇ ਐਫ.ਆਈ.ਆਰ ਦਰਜ ਕਰਕੇ ਪੈਸੇ- ਪੈਸੇ ਦੀ ਹੋਵੇ ਵਸੂਲੀ: ਆਪ

ਚਰਚਾ ’ਚ ਆਏ ਭਾਰਤ ਭੂਸ਼ਨ ਆਸ਼ੂ ਅਤੇ ਰਾਣਾ ਗੁਰਜੀਤ ਸਿੰਘ ਦੇ ਨਾਵਾਂ ’ਤੇ ‘ਆਪ’ ਨੂੰ ਇਤਰਾਜ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 25 ਸਤੰਬਰ:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ, ‘ਜੇ ਭਿ੍ਰਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਮੌਜ਼ੂਦਾ ਅਤੇ ਸਾਬਕਾ ਮੰਤਰੀਆਂ ਨੂੰ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ‘ਆਪ’ ਸੜਕ ਤੋਂ ਲੈ ਕੇ ਵਿਧਾਨ ਸਭਾ ਤੱਕ ਸੰਘਰਸ਼ ਕਰੇਗੀ ਅਤੇ ਮੁੱਖ ਮੰਤਰੀ ਦੇ ਨਿਵਾਸ ’ਤੇ ਰੋਸ ਪ੍ਰਦਰਸ਼ਨ ਕਰੇਗੀ।’ ਚੀਮਾ ਨੇ ਮੰਗ ਕੀਤੀ ਹੈ ਕਿ ਕੈਪਟਨ ਸਰਕਾਰ ਦੇ ਭਿ੍ਰਸ਼ਟ ਮੰਤਰੀਆਂ ਖ਼ਿਲਾਫ਼ ਕੇਸ (ਐਫ.ਆਈ.ਆਰ) ਦਰਜ ਕਰਕੇ ਪੈਸੇ -ਪੈਸੇ ਦਾ ਹਿਸਾਬ ਲਿਆ ਜਾਵੇ ਅਤੇ ਉਨਾਂ ਨੂੰ ਸਲਾਖ਼ਾਂ ਪਿੱਛੇ ਸੁੱਟਿਆ ਜਾਵੇ। ਇਹ ਮੰਗ ਹਰਪਾਲ ਸਿੰਘ ਚੀਮਾ ਨੇ ‘ਆਪ’ ਦੇ ਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤੀ। ਇਸ ਸਮੇਂ ਉਨਾਂ ਨਾਲ ਪਾਰਟੀ ਦੇ ਬੁਲਾਰੇ ਨੀਲ ਗਰਗ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਵੀ ਮੌਜ਼ੂਦ ਸਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਲੰਮੇ ਸਮੇਂ ਤੋਂ ਪੰਜਾਬ ਮੰਤਰੀ ਮੰਡਲ ਵਿਚੋਂ ਭਿ੍ਰਸ਼ਟ ਮੰਤਰੀਆਂ ਨੂੰ ਬਰਖਾਸਤ ਕਰਨ ਦੀ ਮੰਗ ਕਰਦੀ ਆ ਰਹੀ ਹੈ। ਇਸ ਕਾਰਨ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਮੰਤਰੀ ਮੰਡਲ ਵਿੱਚੋਂ ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਾਮ ਅਰੋੜਾ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਚੀਮਾ ਨੇ ਕਿਹਾ ਕਿ ਉਨਾਂ ਨੂੰ ਇੱਕ ਗੱਲ ਦੀ ਤਸੱਲੀ ਹੈ ਕਿ ਬਤੌਰ ਮੁੱਖ ਵਿਰੋਧੀ ਧਿਰ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ’ਚ ਕਾਮਯਾਬ ਹੋਏ ਹਨ।
ਚੀਮਾ ਨੇ ਕਿਹਾ, ‘‘ਮੰਤਰੀ ਮੰਡਲ ’ਚ ਫੇਰ ਬਦਲ ਨੇ ਸਾਡੇ ਸਾਰੇ ਦੋਸ਼ਾਂ ਦੀ ਪੁਸ਼ਟੀ ਕਰ ਦਿੱਤੀ, ਪਰ ਕੀ ਇਸ ਨਾਲ ਕਾਂਗਰਸ ਨੇ ਆਪਣਾ ਦਹਾਕਿਆਂ ਪੁਰਾਣਾ ਭਿ੍ਰਸ਼ਟ ਕਿਰਦਾਰ ਬਦਲ ਲਿਆ ਹੈ ਜਾਂ ਇਹ ਸਿਰਫ਼ ਚੋਣਾ ਤੋਂ ਪਹਿਲਾ ਕੀਤਾ ਗਿਆ ਡਰਾਮਾ ਹੈ?’’ ਉਨਾਂ ਕਿਹਾ ਕਿ ਸਵਾਲ ਅਤੇ ਚੁਣੌਤੀ ਇਹ ਹੈ ਕਿ ਮੁੱਖ ਮੰਤਰੀ ਇਹਨਾਂ ਭਿ੍ਰਸ਼ਟ ਮੰਤਰੀਆਂ ਵਿਰੁੱਧ ਐਫ.ਆਈ.ਆਰ ਦਰਜ ਕਦੋਂ ਕਰਦੇ ਹਨ?
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਂਵੇਂ ਕੈਪਟਨ ਸਰਕਾਰ ਦੇ ਸਾਢੇ 4 ਸਾਲਾਂ ਵਿੱਚ ਲੋਕਾਂ ਨੇ ਅੱਖੀਂ ਦੇਖ ਲਿਆ ਕਿ ਇਹ ਸਾਰੇ ਕਾਂਗਰਸੀ ‘ਅਲੀ ਬਾਬਾ’ ਗੈਂਗ ਦਾ ਹੀ ਹਿੱਸਾ ਰਹੇ ਹਨ। ਚੰਨੀ ਦੀ ਅਗਵਾਈ ਥੱਲੇ ਇਹ ਦੁੱਧ ਧੋਤੇ ਨਹੀਂ ਹੋ ਜਾਣਗੇ, ਪਰ ਕੀ ਕਾਂਗਰਸ ਲੋਕਾਂ ਨੂੰ ਉਹ ਪੈਮਾਨਾ ਦੱਸੇਗੀ ਕਿ ਮੰਡੀ ਮਾਫ਼ੀਆ ਦੇ ਸਰਗਨਾ ਭਾਰਤ ਭੂਸ਼ਣ ਆਸ਼ੂ ਨੂੰ ਕਿਉਂ ਬਚਾ ਲਿਆ?
ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਮੁੜ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਬਾਰੇ ਹਰਪਾਲ ਸਿੰਘ ਚੀਮਾ ਨੇ ਸਵਾਲ ਕੀਤਾ, ‘‘ਕੀ ਰਾਣਾ ਗੁਰਜੀਤ ਸਿੰਘ ਹੁਣ ਗੰਗਾ ਨਹਾ ਆਏ ਹਨ?’’

ਚੰਨੀ ਦਬਣ ਦੀ ਥਾਂ ਸਿੱਧੂ ਅਤੇ ਗਾਂਧੀ ਪਰਿਵਾਰ ਮੂਹਰੇ ਜ਼ੁਅਰੱਤ ਦਿਖਾਉਣ: ਚੀਮਾ
ਚੰਡੀਗੜ -ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸਲਾਹ ਦਿੰਦਿਆ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਗਾਂਧੀ ਪਰਿਵਾਰ ਦੀ ਨਹੀਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਸੋਚ ਅਤੇ ਸੰਵਿਧਾਨ ਦੀ ਬਦੌਲਤ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹੋਏ ਹਨ। ਇਸ ਲਈ ਚੰਨੀ ਨੂੰ ਆਪੇ ਬਣੇ ਸੁਪਰ ਸੀ.ਐਮ ਨਵਜੋਤ ਸਿੰਘ ਸਿੱਧੂ ਅੱਗੇ ਅਤੇ ਗਾਂਧੀ ਪਰਿਵਾਰ ਅੱਗੇ ਦਬਣ ਦੀ ਬਜਾਏ ਜ਼ੁਅਰੱਤ ਨਾਲ ਅੱਗੇ ਵਧਣਾ ਚਾਹੀਦਾ ਹੈ।
ਚੀਮਾ ਨੇ ਕਿਹਾ, ‘‘ਬੇਸ਼ੱਕ ਸਿਆਸੀ ਤੌਰ ’ਤੇ ਉਹ ਕਾਂਗਰਸ ਦੇ ਧੁਰ ਵਿਰੋਧੀ ਹਨ, ਪਰ ਜਦੋਂ ਕਾਂਗਰਸ ਨੇ ਆਪਣੀ ਮਜ਼ਬੂਰੀ ਵਸ ਮੁੱਖ ਮੰਤਰੀ ਵਜੋਂ ਇੱਕ ਦੱਬੇ ਕੁਚਲੇ ਪਿਛੋਕੜ ਵਾਲੇ ਗਰੀਬ ਸਿੱਖ ਚਰਨਜੀਤ ਸਿੰਘ ਚੰਨੀ ਨੂੰ ਚੁਣਿਆਂ ਤਾਂ ਮਨ ਨੂੰ ਖ਼ੁਸ਼ੀ ਹੋਈ ਕਿ ਚਲੋ ਇਸ ਵਰਗ ਨੂੰ ਵੱਡੀ ਨੁਮਾਇੰਦਗੀ ਮਿਲੀ ਹੈ, ਸਮਾਜ ਵਿੱਚ ਮਾਣ- ਸਤਿਕਾਰ ਵਧੇਗਾ। ਪਰ ਉਨਾਂ ਦੀ ਇਹ ਤਸੱਲੀ ਕਾਂਗਰਸ ਹਾਈਕਮਾਨ ਨੇ ਅਗਲੇ ਹੀ ਪਲ਼ ਰੋਲ ਦਿੱਤੀ। ਚੰਨੀ ਨੂੰ ਜਿਸ ਤਰਾਂ ਨਵਜੋਤ ਸਿੰਘ ਸਿੱਧੂ ਹੱਥ ਫੜ ਕੇ ਜਾਂ ਮੋਢੇ ’ਤੇ ਹੱਥ ਰੱਖ ਕੇ ਤੋਰੀ ਫਿਰਦੇ ਰਹੇ, ਤਾਂ ਦੱਬੇ ਕੁੱਚਲੇ ਸਮਾਜ ਦੀ ਬੇਇੱਜਤੀ ਸਾਫ਼ ਨਜ਼ਰ ਆਈ। ਹੁਣ ਜਿਵੇਂ ਚੰਨੀ ਕੋਲੋਂ ਹਾਈਕਮਾਨ ਦਿੱਲੀ ਡੰਡੌਂਤ ਕਰਾਉਂਦੀ ਦੇਖੀ ਤਾਂ ਮਨ ਹੋਰ ਵੀ ਦੁਖੀ ਹੋਇਆ ਕਿ ਕਾਂਗਰਸੀਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਸਲੀ ਮਾਣ ਨਹੀਂ ਬਖ਼ਸ਼ਿਆ, ਸਗੋਂ ਚੰਨੀ ਨੂੰ ਚੋਣਾ ਤੱਕ ਬੁੱਤਾਸਾਰ ਮੁੱਖ ਮੰਤਰੀ ਹੀ ਬਣਾਇਆ ਹੈ। ਜੋ ਆਪਣਾ ਮੰਤਰੀ ਮੰਡਲ ਤਾਂ ਦੂਰ ਡੀ.ਜੀ.ਪੀ, ਮੁੱਖ ਸਕੱਤਰ, ਏ.ਜੀ ਅਤੇ ਹੋਰ ਅਧਿਕਾਰੀ ਵੀ ਆਪਣੀ ਮਰਜ਼ੀ ਨਾਲ ਨਹੀਂ ਚੁਣ ਸਕਦਾ। ’’

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ-ਪੰਜਾਬ…