ਭ੍ਰਿਸ਼ਟਾਚਾਰ ਦਾ ਮਾਮਲਾ: ਏਆਈਜੀ ਤੇ ਥਾਣੇਦਾਰ ਨੂੰ ਪੁਲੀਸ ਰਿਮਾਂਡ ’ਤੇ ਭੇਜਿਆ

ਅਦਾਲਤ ਵਿੱਚ ਪੇਸ਼ੀ ਦੌਰਾਨ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲਾਂ ਵਿੱਚ ਜ਼ਬਰਦਸਤ ਬਹਿਸ

ਡੀਐਸਪੀ ਪਵਨ ਕੁਮਾਰ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ, ਭਾਲ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਕਤੂਬਰ:
ਪੰਜਾਬ ਵਿਜੀਲੈਂਸ ਬਿਊਰੋ (ਉਡਣ ਦਸਤਾ-1) ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਏਆਈਜੀ ਆਸ਼ੀਸ਼ ਕਪੂਰ ਅਤੇ ਏਐਸਆਈ ਹਰਜਿੰਦਰ ਸਿੰਘ ਨੂੰ ਅੱਜ ਬਾਅਦ ਦੁਪਹਿਰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਪੁਲੀਸ ਰਿਮਾਂਡ ਭੇਜ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਫੇਜ਼-6 ਵਿੱਚ ਮੈਡੀਕਲ ਕਰਵਾਇਆ ਗਿਆ। ਉਧਰ, ਇਸ ਮਾਮਲੇ ਵਿੱਚ ਨਾਮਜ਼ਦ ਡੀਐਸਪੀ ਇੰਟੈਲੀਜੈਂਸ ਪਵਨ ਕੁਮਾਰ ਫਿਲਹਾਲ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਉਸ ਦੀ ਭਾਲ ਜਾਰੀ ਹੈ। ਪੇਸ਼ੀ ਦੌਰਾਨ ਅਦਾਲਤ ਵਿੱਚ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲਾਂ ਵਿੱਚ ਜ਼ਬਰਦਸਤ ਬਹਿਸ ਹੋਈ।
ਵਿਜੀਲੈਂਸ ਦੀ ਜਾਂਚ ਟੀਮ ਨੇ ਏਆਈਜੀ ਆਸ਼ੀਸ਼ ਕਪੂਰ ਅਤੇ ਏਐਸਆਈ ਹਰਜਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਸੱਤ ਦਿਨ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਕਿਹਾ ਕਿ ਪੁਲੀਸ ਅਧਿਕਾਰੀ ਨੂੰ ਵੱਖ-ਵੱਖ ਚੈੱਕਾਂ ਰਾਹੀਂ ਇੱਕ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਡੀਐਸਪੀ ਇੰਟੈਲੀਜੈਂਸ ਪਵਨ ਕੁਮਾਰ ਅਤੇ ਏਐਸਆਈ ਹਰਜਿੰਦਰ ਸਿੰਘ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ ਧਾਰਾ 420, 120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਕੋਲੋਂ ਫਰਾਰ ਡੀਐਸਪੀ ਬਾਰੇ ਪਤਾ ਕਰਨਾ ਹੈ ਅਤੇ ਚੈੱਕ ਬਰਾਮਦ ਕਰਨੇ ਹਨ।
ਉਧਰ, ਬਚਾਅ ਪੱਖ ਦੇ ਵਕੀਲ ਪਰਦੀਪ ਸਿੰਘ ਵਿਰਕ ਨੇ ਵਿਜੀਲੈਂਸ ਦੀ ਪੁਲੀਸ ਰਿਮਾਂਡ ਦੀ ਮੰਗ ਦਾ ਸਖ਼ਤ ਵਿਰੋਧ ਕਰਦਿਆਂ ਏਆਈਜੀ ਆਸ਼ੀਸ਼ ਕਪੂਰ ਨੂੰ ਨਿਰਦੋਸ਼ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਵਿਜੀਲੈਂਸ ਨੇ ਪੁਲੀਸ ਅਧਿਕਾਰੀ ਨੂੰ 24 ਘੰਟੇ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਹੈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਏਡੀਜੀਪੀ ਦੀ ਅਗਵਾਈ ਹੇਠ ਸਿੱਟ ਵੱਲੋਂ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਪੜਤਾਲ ਉਪਰੰਤ ਏਆਈਜੀ ਆਸ਼ੀਸ਼ ਕਪੂਰ ਨੂੰ ਕਲੀਨ ਚਿੱਟ ਦਿੱਤੀ ਜਾ ਚੁੱਕੀ ਹੈ ਲੇਕਿਨ ਹੁਣ ਜਾਂਚ ਅਧਿਕਾਰੀ ਡੀਐਸਪੀ ਵਰਿੰਦਰ ਸਿੰਘ ਗਿੱਲ ਖ਼ੁਦ ਹੀ ਸ਼ਿਕਾਇਤਕਰਤਾ ਹਨ ਜਦੋਂਕਿ ਸ਼ਿਕਾਇਤ ਕਰਤਾ ਤਾਂ ਪੀੜਤ ਨੂੰ ਹੋਣਾ ਚਾਹੀਦਾ ਸੀ।
ਬਚਾਅ ਪੱਖ ਨੇ ਵਿਜੀਲੈਂਸ ਦੀ ਜਾਂਚ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਜਿਸ ਤੋਂ ਸਿੱਧੇ ਤੌਰ ’ਤੇ ਦਾਲ ਵਿੱਚ ਕਾਲਾ ਜਾਪਦਾ ਹੈ। ਵਿਜੀਲੈਂਸ ਪੁਲੀਸ ਅਧਿਕਾਰੀ ਨੂੰ ਜਾਣਬੁੱਝ ਕੇ ਝੂਠੇ ਕੇਸ ਵਿੱਚ ਫਸਾ ਰਹੀ ਹੈ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਪੀੜਤ ਅੌਰਤਾਂ ਨੇ ਚੈੱਕ ਏਆਈਜੀ ਨੂੰ ਦਿੱਤੇ ਨਹੀਂ, ਨਾ ਹੀ ਉਸ ਨੇ ਪੈਸੇ ਕਢਵਾਏ ਹਨ ਅਤੇ ਅਧਿਕਾਰੀ ਦੇ ਘਰ ਦੀ ਤਲਾਸ਼ੀ ਵੀ ਵਿਜੀਲੈਂਸ ਲੈ ਚੁੱਕੀ ਹੈ। ਲਿਹਾਜ਼ਾ ਹੁਣ ਪੁਲੀਸ ਰਿਮਾਂਡ ਦੀ ਕੋਈ ਤੁਕ ਨਹੀਂ ਬਣਦੀ। ਅਦਾਲਤ ਨੇ ਦੋਵਾਂ ਧਿਰਾਂ ਦੀ ਜਿਰ੍ਹਾ ਸੁਣਨ ਤੋਂ ਬਾਅਦ ਏਆਈਜੀ ਅਤੇ ਥਾਣੇਦਾਰ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ।
ਵਿਜੀਲੈਂਸ ਦੀ ਜਾਣਕਾਰੀ ਸਾਲ 2016 ਵਿੱਚ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬਤੌਰ ਸੁਪਰਡੈਂਟ ਜੇਲ੍ਹ ਸੁਪਰਡੈਂਟ ਤਾਇਨਾਤੀ ਦੌਰਾਨ ਅਸ਼ੀਸ਼ ਕਪੂਰ ਦੀ ਜਾਣ-ਪਛਾਣ ਹਰਿਆਣਾ ਦੀ ਅੌਰਤ ਪੂਨਮ ਰਾਜਨ ਨਾਲ ਹੋ ਗਈ ਸੀ, ਜੋ ਕਿ ਕਿਸੇ ਕੇਸ ਤਹਿਤ ਨਿਆਇਕ ਹਿਰਾਸਤ ਅਧੀਨ ਵਿੱਚ ਜੇਲ੍ਹ ਵਿੱਚ ਸੀ। ਜਦੋਂ ਉਕਤ ਅੌਰਤ ਆਪਣੀ ਮਾਂ ਪ੍ਰੇਮ ਲਤਾ, ਭਰਾ ਕੁਲਦੀਪ ਸਿੰਘ ਅਤੇ ਭਰਜਾਈ ਪ੍ਰੀਤੀ ਸਮੇਤ ਸਾਲ 2018 ਵਿੱਚ ਥਾਣਾ ਜ਼ੀਰਕਪੁਰ ਵਿੱਚ ਧਾਰਾ 420/120-ਬੀ ਤਹਿਤ ਦਰਜ ਕੇਸ ਵਿੱਚ ਪੁਲੀਸ ਰਿਮਾਂਡ ’ਤੇ ਸੀ ਤਾਂ ਉਦੋਂ ਅਸ਼ੀਸ਼ ਕਪੂਰ ਖ਼ੁਦ ਜ਼ੀਰਕਪੁਰ ਥਾਣੇ ਪਹੁੰਚੇ ਅਤੇ ਧੋਖੇ ਨਾਲ ਉਕਤ ਅੌਰਤ ਦੀ ਮਾਂ ਨੂੰ ਜ਼ਮਾਨਤ ਦਿਵਾਉਣ ਅਤੇ ਅਦਾਲਤ ਤੋਂ ਬਰੀ ਕਰਾਉਣ ਵਿੱਚ ਮਦਦ ਕਰਨ ਲਈ ਰਾਜ਼ੀ ਕਰ ਲਿਆ।
ਇਸ ਤੋਂ ਬਾਅਦ ਆਸ਼ੀਸ਼ ਕਪੂਰ ਨੇ ਜ਼ੀਰਕਪੁਰ ਥਾਣੇ ਦੇ ਤਤਕਾਲੀ ਐਸਐਚਓ ਪਵਨ ਕੁਮਾਰ (ਹੁਣ ਡੀਐਸਪੀ) ਅਤੇ ਏਐਸਆਈ ਹਰਜਿੰਦਰ ਸਿੰਘ ਦੀ ਮਿਲੀਭੁਗਤ ਨਾਲ ਅੌਰਤ ਦੀ ਭਰਜਾਈ ਨੂੰ ਬੇਕਸੂਰ ਕਰਾਰ ਦੇ ਦਿੱਤਾ। ਇਸ ਬਦਲੇ ਵਿੱਚ ਆਸ਼ੀਸ਼ ਕਪੂਰ ਨੇ ਉਕਤ ਉਸ ਦੀ ਮਾਂ ਪ੍ਰੇਮ ਲਤਾ ਤੋਂ 1,00,00,000 ਦੀ ਰਕਮ ਦੇ ਵੱਖ-ਵੱਖ ਚੈੱਕਾਂ ’ਤੇ ਦਸਤਖਤ ਕਰਵਾ ਲਏ ਜੋ ਆਪਣੇ ਜਾਣਕਾਰਾਂ ਦੇ ਨਾਂ ’ਤੇ ਜਮ੍ਹਾ ਕਰਵਾ ਕੇ ਏਐੱਸਆਈ ਹਰਜਿੰਦਰ ਸਿੰਘ ਰਾਹੀਂ ਪੈਸੇ ਪ੍ਰਾਪਤ ਕੀਤੇ ਗਏ। ਅਜਿਹਾ ਕਰਕੇ ਉਪਰੋਕਤ ਮੁਲਜ਼ਮਾਂ ਅਸ਼ੀਸ਼ ਕਪੂਰ, ਪਵਨ ਕੁਮਾਰ ਅਤੇ ਹਰਜਿੰਦਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਆਈਪੀਸੀ ਦੀ ਧਾਰਾ 420, 120-ਬੀ ਤਹਿਤ ਜੁਰਮ ਕਰਨ ’ਤੇ ਕੇਸ ਦਰਜ ਕੀਤਾ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…