
ਭ੍ਰਿਸ਼ਟਾਚਾਰ ਦਾ ਮਾਮਲਾ: ਆਦਰਸ਼ ਸਕੂਲ ਚਾਉਕੇ ਦੇ ਸਟਾਫ਼ ਨਾਲ ਡੀਜੀਐਸਈ ਨੇ ਕੀਤੀ ਮੀਟਿੰਗ
ਡੀਸੀ ਬਠਿੰਡਾ ਵੱਲੋਂ ਕੀਤੀ ਜਾਂਚ ਨੂੰ ਆਧਾਰ ਬਣਾ ਕੇ ਪ੍ਰਾਈਵੇਟ ਮੈਨੇਜਮੈਂਟ ਵਿਰੁੱਧ ਹੋਵੇਗੀ ਕਾਨੂੰਨੀ ਕਾਰਵਾਈ
ਮੰਗਾਂ ਨਾ ਹੱਲ ਹੋਣ ਤੱਕ ਭਲਕੇ ਤੋਂ ਸਕੂਲ ਗੇਟ ਦੇ ਇੱਕ ਪਾਸੇ ਸ਼ੁਰੂ ਕੀਤਾ ਜਾਵੇਗਾ ਲੜੀਵਾਰ ਧਰਨਾ
ਨਬਜ਼-ਏ-ਪੰਜਾਬ, ਮੁਹਾਲੀ, 17 ਅਪਰੈਲ:
ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨਾਲ ਧੱਕੇਸ਼ਾਹੀ ਅਤੇ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਵਿੱਚ ਘਿਰੀ ਆਦਰਸ਼ ਸਕੂਲ ਚਾਉਕੇ (ਬਠਿੰਡਾ) ਦੀ ਮੈਨੇਜਮੈਂਟ ਖ਼ਿਲਾਫ਼ ਭਰਾਤਰੀ ਜਥੇਬੰਦੀਆਂ ਦੀ ਹਮਾਇਤ ਨਾਲ ਮਿਸਾਲੀ ਸੰਘਰਸ਼ ਕਰ ਰਹੇ ਸਕੂਲ ਸਟਾਫ਼ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਅੱਜ ਮੁਹਾਲੀ ਵਿਖੇ ਡੀਜੀਐੱਸਈ ਵਿਨੈ ਬਬਲਾਨੀ ਨਾਲ ਮੀਟਿੰਗ ਕੀਤੀ ਗਈ। ਡੀਟੀਐਫ਼ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਕਮੇਟੀ ਮੈਂਬਰ ਮੇਘ ਰਾਜ, ਜ਼ਿਲ੍ਹਾ ਆਗੂ ਅੰਮ੍ਰਿਤਪਾਲ ਮਾਨ ਦੀ ਅਗਵਾਈ ਹੇਠ ਪਵਨਦੀਪ ਕੌਰ ਵਾਈਸ ਪ੍ਰਿੰਸੀਪਲ, ਮਨਦੀਪ ਕੌਰ ਟੀਜੀਟੀ, ਬਲਵਿੰਦਰ ਸਿੰਘ ਕਲਰਕ, ਕੁਲਵਿੰਦਰ ਕੌਰ ਦਰਜਾ-ਚਾਰ ਨੇ ਤੱਥਾਂ ਦੇ ਅਧਾਰ ’ਤੇ ਮੰਗਾਂ ਰੱਖੀਆਂ।
ਇਸ ਮੌਕੇ ਡੀਜੀਐਸਈ ਤੋਂ ਮੰਗ ਕੀਤੀ ਕਿ ਪ੍ਰਾਈਵੇਟ ਮੈਨੇਜਮੈਂਟ ਕਮੇਟੀ ਨੂੰ ਹਟਾ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਠਿੰਡਾ ਨੂੰ ਪ੍ਰਬੰਧਕ ਲਾਇਆ ਜਾਵੇ ਅਤੇ ਡੀਸੀ ਬਠਿੰਡਾ ਵੱਲੋਂ ਕੀਤੀ ਜਾਂਚ ਰਿਪੋਰਟ ਨੂੰ ਅਧਾਰ ਬਣਾ ਕੇ ਪ੍ਰਾਈਵੇਟ ਮੈਨੇਜਮੈਂਟ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜਬਰੀ ਨੌਕਰੀ ਤੋਂ ਬਰਖ਼ਾਸਤ ਕੀਤੇ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ਼ ਦੀ ਨੌਕਰੀ ਤੁਰੰਤ ਬਹਾਲ ਕਰਦੇ ਹੋਏ ਭਵਿੱਖ ਸੁਰੱਖਿਅਤ ਕੀਤਾ ਜਾਵੇ।
ਸਕੂਲ ਸਟਾਫ਼ ਨੇ ਠੋਸ ਤਰਕ ਪੇਸ਼ ਕਰਦਿਆਂ ਮੰਗ ਕੀਤੀ ਕਿ ਪਿਛਲੇ ਤਿੰਨ ਸਾਲਾਂ ਤੋਂ ਬੱਚਿਆਂ ਦੀਆਂ ਵਰਦੀਆਂ, ਕਿਤਾਬਾਂ ਦੀ ਬਕਾਇਆ ਰਾਸ਼ੀ ਮੈਨੇਜਮੈਂਟ ਤੋਂ ਬੱਚਿਆਂ ਦੇ ਖਾਤਿਆਂ ਵਿੱਚ ਵਾਪਸ ਕਰਵਾਈ ਜਾਵੇ, ਮੈਨੇਜਮੈਂਟ ਵੱਲੋਂ ਸਕੂਲ ਸਟਾਫ਼ ਤੋਂ ਗਲਤ ਤਰੀਕਿਆਂ ਨਾਲ ਕਰਵਾਏ ਕੈਸ਼ਬੈਕ ਦੀ ਰਕਮ ਅਧਿਆਪਕਾਂ ਦੇ ਖਾਤਿਆਂ ਵਿੱਚ ਵਾਪਸ ਕਰਵਾਈ ਜਾਵੇ ਅਤੇ ਮੈਨੇਜਮੈਂਟ ਦੇ ਖਾਤਿਆਂ ਅਤੇ ਆਮਦਨ ਤੋਂ ਵੱਧ ਸੰਪਤੀ ਦੀ ਜਾਂਚ ਕਰਵਾਈ ਜਾਵੇ। ਮੈਨੇਜਮੈਂਟ ਕਮੇਟੀ ਵੱਲੋਂ ਐਜੂਕੇਸ਼ਨਲ ਟ੍ਰਿਬਿਊਨਲ ਕੋਰਟ ਵੱਲੋਂ ਸਟੇਅ ਪ੍ਰਾਪਤ ਅਧਿਆਪਕਾਂ ਦੀਆਂ ਸੇਵਾਵਾਂ ਬਹਾਲ ਨਾ ਕਰਕੇ ਨਵੀਂ ਭਰਤੀ ਰੱਦ ਕਰਨ ਤੋਂ ਬਾਅਦ ਵੀ ਗੈਰਕਾਨੂੰਨੀ ਢੰਗ ਨਾਲ ਕੰਮ ਜਾਰੀ ਰੱਖਣ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਨਵੀਂ ਭਰਤੀ ’ਤੇ ਰੋਕ ਲਗਾਈ ਜਾਵੇ, ਮੈਨੇਜਮੈਂਟ ਦੀ ਸ਼ਹਿ ’ਤੇ 26 ਮਾਰਚ ਨੂੰ ਸ਼ਾਂਤਮਈ ਬੈਠੇ ਮਹਿਲਾ ਕਰਮਚਾਰੀਆਂ ਸਮੇਤ ਸਕੂਲ ਸਟਾਫ਼ ਦੇ ਹੱਥਾਂ ’ਤੇ ਕਟਰ ਚਲਾਉਣ ਅਤੇ ਕੁੱਟਮਾਰ ਕਰਨ ਵਾਲੇ ਪ੍ਰਾਈਵੇਟ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਝੂਠੇ ਪਰਚੇ ਪਾ ਕੇ 5 ਅਪਰੈਲ ਨੂੰ ਜੇਲ੍ਹ ਭੇਜੇ ਸਾਰੇ ਅਧਿਆਪਕਾਂ, ਮਾਪਿਆਂ, ਕਿਸਾਨਾਂ-ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਸ ਤੋਂ ਇਲਾਵਾ ਭਵਿੱਖ ਵਿੱਚ ਆਦਰਸ਼ ਸਕੂਲ ਚਾਉਕੇ ਦੇ ਸਟਾਫ਼ ਅਤੇ ਬੱਚਿਆਂ ਦੇ ਹੱਕਾਂ ਦੀ ਰਾਖੀ ਕਰਨ ਲਈ ਪ੍ਰਾਈਵੇਟ ਮੈਨੇਜਮੈਂਟ ਦੀ ਭਾਈਵਾਲੀ ਖ਼ਤਮ ਕਰਕੇ 100 ਫੀਸਦੀ ਹਿੱਸਾ ਪੰਜਾਬ ਸਿੱਖਿਆ ਵਿਕਾਸ ਬੋਰਡ ਅਧੀਨ ਰੱਖਦੇ ਹੋਏ ਸਰਕਾਰ ਵੱਲੋਂ ਬਹਾਲ ਕੀਤਾ ਜਾਵੇ।
ਉਧਰ, ਡਾਇਰੈਕਟਰ ਸਕੂਲ ਐਜ਼ੂਕੇਸ਼ਨ (ਸੈਕੰਡਰੀ) ਸੰਜੀਵ ਸ਼ਰਮਾ, ਲੀਗਲ ਅਮਲਾ, ਇੰਟੈਲੀਜੈਂਸੀ ਦੀ ਮੌਜੂਦਗੀ ਵਿੱਚ ਡੀਜੀਐਸਈ ਨੇ ਡੀਸੀ ਬਠਿੰਡਾ ਦੀ ਜਾਂਚ ਵਿੱਚ ਦੋਸ਼ੀ ਪਾਈ ਗਈ ਪ੍ਰਾਈਵੇਟ ਮੈਨੇਜਮੈਂਟ ਵਿਰੁੱਧ ਕਾਰਵਾਈ ਕਰਨ ਅਤੇ ਚਾਉਕੇ ਸਕੂਲ ਦਾ ਪ੍ਰਬੰਧ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਨੂੰ ਸੌਂਪਣ ਦਾ ਭਰੋਸਾ ਦਿੱਤਾ ਅਤੇ ਪ੍ਰਭਾਵਿਤ ਸਟਾਫ਼ ਨੂੰ ਸੋਮਵਾਰ ਤੱਕ ਲਿਖਤੀ ਰੂਪ ਵਿੱਚ ਮੰਗਾਂ ਭੇਜਣ ਦਾ ਸਮਾਂ ਦਿੱਤਾ। ਸੰਘਰਸ਼ ਕਮੇਟੀ ਨੇ ਕਿਹਾ ਕਿ ਜੇਕਰ ਹੁਣ ਵੀ ਮਸਲੇ ਦਾ ਠੋਸ ਹੱਲ ਨਾ ਕੀਤਾ ਗਿਆ ਤਾਂ ਆਉਂਦੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।