
ਭ੍ਰਿਸ਼ਟਾਚਾਰ ਦਾ ਮਾਮਲਾ: ਈਐਸਆਈ ਦੀ ਬ੍ਰਾਂਚ ਮੈਨੇਜਰ ਨੂੰ ਜੇਲ੍ਹ ਭੇਜਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਈਐਸਆਈ ਹਸਪਤਾਲ ਖਰੜ ਦੀ ਬ੍ਰਾਂਚ ਮੈਨੇਜਰ ਚੰਦਰ ਮੋਹਿਨੀ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮਹਿਲਾ ਅਧਿਕਾਰੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਸੰਗਰੂਰ ਜੇਲ੍ਹ ਭੇਜ ਦਿੱਤਾ ਹੈ। ਬੀਤੇ ਕੱਲ੍ਹ ਵਿਜੀਲੈਂਸ ਦੇ ਡੀਐਸਪੀ ਹਰਵਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਉਕਤ ਅਧਿਕਾਰੀ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਦੇ ਡੀਐਸਪੀ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਸ੍ਰੀਮਤੀ ਸੁਖਜਿੰਦਰ ਕੌਰ ਪਤਨੀ ਪੀੜਤ ਮਹਿੰਦਰ ਸਿੰਘ ਵਾਸੀ ਪਿੰਡ ਸਿੰਘਪੁਰਾ (ਕੁਰਾਲੀ) ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਪੀੜਤ ਮਹਿੰਦਰ ਸਿੰਘ ਫੋਕਲ ਪੁਆਇੰਟ ਚਨਾਲੋ (ਕੁਰਾਲੀ) ਦੀ ਇਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਕੁੱਝ ਸਮਾਂ ਪਹਿਲਾਂ ਉਸ ਦੀ ਕੰਮ ਕਰਦੇ ਸਮੇਂ ਅਚਾਨਕ ਥੱਲੇ ਡਿੱਗ ਜਾਣ ਕਾਰਨ ਗੰਭੀਰ ਰੂਪ ਵਿੱਚ ਹੋ ਗਿਆ ਅਤੇ ਉਸ ਦੀਆਂ ਦੋਵੇਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ ਸਨ। ਸ਼ਿਕਾਇਤ ਕਰਤਾ ਅਨੁਸਾਰ ਇਸ ਸਮੇਂ ਉਸ ਦੇ ਪਤੀ ਦਾ ਪੀਜੀਆਈ ਹਸਪਤਾਲ ਤੋਂ ਇਲਾਜ ਚੱਲ ਰਿਹਾ ਹੈ। ਉਸ ਦੇ ਜ਼ਖ਼ਮੀ ਪਤੀ ਦੀ ਖਰੜ ਦੇ ਈਐਸਆਈ ਹਸਪਤਾਲ ਵਿੱਚ ਰਜਿਸਟਰੇਸ਼ਨ ਹੋਈ ਸੀ ਅਤੇ ਡਾਕਟਰਾਂ ਦੀ ਸਲਾਹ ’ਤੇ ਜਦੋਂ ਤੱਕ ਉਸ ਦਾ ਪਤੀ ਕੰਮ ਨਹੀਂ ਕਰਨ ਦੇ ਸਮਰੱਥ ਨਹੀਂ ਹੁੰਦਾ ਹੈ। ਉਸ ਸਮੇਂ ਤੱਕ ਸਰਕਾਰ ਦੇ ਨਿਰਧਾਰਿਤ ਰੇਟਾਂ ਅਨੁਸਾਰ ਪੀੜਤ ਨੂੰ ਤਨਖ਼ਾਹ ਦਿੱਤੀ ਜਾਂਦੀ ਹੈ।
ਡੀਐਸਪੀ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਜ਼ਖ਼ਮੀ ਮਹਿੰਦਰ ਸਿੰਘ ਨੂੰ ਅਪਰੈਲ ਅਤੇ ਮਈ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ ਤਾਂ ਪੀੜਤ ਦੀ ਪਤਨੀ ਨੇ ਜਦੋਂ ਈਐਸਆਈ ਪਹੁੰਚ ਕੇ ਪਤਾ ਕੀਤਾ ਤਾਂ ਬ੍ਰਾਂਚ ਮੈਨੇਜਰ ਸ੍ਰੀਮਤੀ ਚੰਦਰ ਮੋਹਿਨੀ ਵੱਲੋਂ ਉਸ ਨੂੰ ਕਿਹਾ ਗਿਆ ਕਿ ਇਸ ਤਰ੍ਹਾਂ ਘਰ ਬੈਠਿਆਂ ਤਨਖ਼ਾਹਾਂ ਨਹੀਂ ਮਿਲਦੀਆਂ। ਬ੍ਰਾਂਚ ਮੈਨੇਜਰ ਨੇ ਕਿਹਾ ਕਿ ਜੇਕਰ ਰੁਕੀ ਹੋਈ ਤਨਖ਼ਾਹ ਲੈਣੀ ਹੈ ਤਾਂ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਕੁੱਲ 10 ਹਜ਼ਾਰ ਰੁਪਏ ਰਿਸ਼ਵਤ ਦੇਣੀ ਪਵੇਗੀ, ਨਹੀਂ ਤਾਂ ਉਸ ਦੇ ਪਤੀ ਦਾ ਫਾਰਮ ਰੱਦ ਕਰਕੇ ਭੇਜ ਦੇਵੇਗੀ। ਹਾਲਾਂਕਿ ਪੀੜਤ ਪਰਿਵਾਰ ਨੇ ਬ੍ਰਾਂਚ ਮੈਨੇਜਰ ਦੇ ਅੱਗੇ ਕਾਫੀ ਤਰਲੇ ਮਿੰਨਤਾ ਕੀਤੀਆਂ ਪਰ ਉਹ ਨਹੀਂ ਮੰਨੀ ਅਤੇ ਪ੍ਰਤੀ ਮਹੀਨਾ 5 ਹਜ਼ਾਰ ਰੁਪਏ ਦੇਣ ’ਤੇ ਅੜੀ ਰਹੀ। ਜਿਸ ਕਾਰਨ ਦੁਖੀ ਹੋ ਕੇ ਪੀੜਤ ਪਰਿਵਾਰ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਇਸ ਤਰ੍ਹਾਂ ਟਰੈਪ ਲਗਾ ਕੇ ਬ੍ਰਾਂਚ ਮੈਨੇਜਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ।