
ਭ੍ਰਿਸ਼ਟਾਚਾਰ ਦਾ ਮਾਮਲਾ: ‘ਮੈਨੂੰ ਨਿਆਂ ਪਾਲਿਕਾ ’ਤੇ ਪੂਰਾ ਭਰੋਸਾ’’: ਸੰਜੇ ਪੋਪਲੀ
ਮੁਹਾਲੀ ਅਦਾਲਤ ਨੇ ਸੰਜੇ ਪੋਪਲੀ ਨੂੰ ਪੁੱਤ ਦੇ ਅੰਤਿਮ ਸਸਕਾਰ ’ਤੇ ਜਾਣ ਦੀ ਮੋਹਲਤ ਦਿੱਤੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੂਨ
ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸੀਨੀਅਰ ਆਈਏਐਸ ਅਫ਼ਸਰ ਸੰਜੇ ਪੋਪਲੀ ਨੂੰ ਮੁਹਾਲੀ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਚੰਡੀਗੜ੍ਹ ਦੇ ਸੈਕਟਰ-11 ਸਥਿਤ ਆਪਣੇ ਘਰ ਵਿੱਚ ਵਿਜੀਲੈਂਸ ਦੀ ਤਲਾਸ਼ੀ ਦੌਰਾਨ ਮਿਲੇ ਸੋਨਾ, ਚਾਂਦੀ ਦੀ ਖੇਪ ਅਤੇ ਲੱਖਾਂ ਰੁਪਏ ਦੀ ਨਗਦੀ ਤੋਂ ਬਾਅਦ ਬਹਿਸ ਦੌਰਾਨ ਅਧਿਕਾਰੀ ਦੇ ਇਕਲੌਤੇ ਪੁੱਤ ਕਾਰਤਿਕ ਪੋਪਲੀ (27) ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਇਸ ਮਗਰੋਂ ਕਾਫ਼ੀ ਹੰਗਾਮਾ ਖੜਾ ਹੋ ਗਿਆ ਅਤੇ ਵਿਜੀਲੈਂਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ।
ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਮੌਕੇ ਦੀ ਨਜ਼ਾਕਤ ਅਤੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੀ ਸਿਹਤ ਨੂੰ ਦੇਖਦੇ ਹੋਏ ਅਦਾਲਤ ਨੂੰ ਉਸ ਨੂੰ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜਣ ਦੀ ਬੇਨਤੀ ਕੀਤੀ ਸੀ। ਅਦਾਲਤ ਨੇ ਵੱਖ-ਵੱਖ ਪਹਿਲੂਆਂ ’ਤੇ ਗੌਰ ਕਰਦਿਆਂ ਮੁਲਜ਼ਮ ਅਧਿਕਾਰੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਭੇਜ ਦਿੱਤਾ।
ਉਧਰ, ਆਈਏਐਸ ਅਧਿਕਾਰੀ ਨੇ ਆਪਣੇ ਵਕੀਲਾਂ ਰਾਹੀਂ ਮੁਹਾਲੀ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਆਪਣੇ ਪੁੱਤ ਕਾਰਤਿਕ ਪੋਪਲੀ ਦੇ ਅੰਤਿਮ ਸਸਕਾਰ ਦੀਆਂ ਰਸਮਾਂ ਪੂਰੀਆਂ ਕਰਨ ਦੀ ਇਜਾਜ਼ਤ ਮੰਗੀ ਗਈ। ਅਦਾਲਤ ਨੇ ਅਧਿਕਾਰੀ ਨੂੰ ਸਸਕਾਰ ’ਤੇ ਜਾਣ ਦੀ ਮੋਹਲਤ ਦਿੱਤੀ ਗਈ। ਬੇਟੇ ਦੇ ਅੰਤਿਮ ਸਸਕਾਰ ਤੋਂ ਬਾਅਦ ਅਧਿਕਾਰੀ ਨੂੰ ਮੁੜ ਜੇਲ੍ਹ ਵਿੱਚ ਲਿਜਾਇਆ ਗਿਆ। ਇਸ ਮੌਕੇ ਸੰਜੇ ਪੋਪਲੀ ਨੇ ਕਿਹਾ ਕਿ ਉਸ ਨੂੰ ਨਿਆਂ ਪਾਲਕਾ ’ਤੇ ਪੂਰਾ ਭਰੋਸਾ ਹੈ ਅਤੇ ਜਲਦੀ ਹੀ ਅਸਲੀਅਤ ਸਾਹਮਣੇ ਆਵੇਗੀ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਮਿਲੇਗਾ। ਜਦੋਂਕਿ ਘਟਨਾ ਵਾਲੇ ਦਿਨ ਮੁਹਾਲੀ ਦੇ ਸਰਕਾਰੀ ਹਸਪਤਾਲ ’ਚੋਂ ਬਾਹਰ ਆਉਂਦੇ ਸਮੇਂ ਅਧਿਕਾਰੀ ਨੇ ਚੀਕ ਚੀਕੇ ਇਹ ਦਾਅਵਾ ਕੀਤਾ ਸੀ ਕਿ ਵਿਜੀਲੈਂਸ ਨੇ ‘‘ਮੇਰੇ ਸਾਹਮਣੇ ਮੇਰੇ ਜਵਾਨ ਪੁੱਤ ਕਾਰਤਿਕ ਪੋਪਲੀ (27) ਨੂੰ ਗੋਲੀ ਮਾਰ ਕੇ ਮਾਰਿਆ ਹੈ’’ ਅਤੇ ਹੁਣ ਵਿਜੀਲੈਂਸ ਮੈਨੂੰ ਵੀ ਮਾਰਨਾ ਚਾਹੁੰਦੀ ਹੈ।’’ ਉਨ੍ਹਾਂ ਇਹ ਵੀ ਕਿਹਾ ਸੀ ਕਿ ‘‘ਮੈਂ ਮੌਕੇ ਦਾ ਚਸ਼ਮਦੀਦ ਗਵਾਹ ਹਾਂ।
ਜ਼ਿਕਰਯੋਗ ਹੈ ਕਿ ਬੀਤੀ 25 ਜੂਨ ਨੂੰ ਜਵਾਨ ਪੁੱਤ ਦੀ ਮੌਤ ਬਾਰੇ ਸੁਣ ਕੇ ਸੰਜੇ ਪੋਪਲੀ ਕਾਫ਼ੀ ਸਦਮੇ ਵਿੱਚ ਸੀ ਅਤੇ ਅਚਾਨਕ ਉਸ ਦੀ ਸਿਹਤ ਵਿਗੜੀ ਗਈ ਹੈ। ਜਿਸ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਮੈਡੀਕਲ ਚੈੱਕਅਪ ਲਈ ਲਿਜਾਇਆ ਗਿਆ। ਪ੍ਰੰਤੂ ਦੇਰ ਰਾਤ ਉਸ ਨੂੰ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਸੀ।