
ਭ੍ਰਿਸ਼ਟਾਚਾਰ ਦਾ ਮਾਮਲਾ: ਮੁਹਾਲੀ ਪੁਲੀਸ ਵੱਲੋਂ ਪੰਜਾਬ ਭਵਨ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਛਾਣਬੀਣ
ਵਿਜੈ ਸਿੰਗਲਾ ਤੇ ਓਐਸਡੀ ਪਰਦੀਪ ਕੁਮਾਰ ਦੇ ਮੋਬਾਈਲ ਫੋਨ ਦਾ ਦੋ ਮਹੀਨੇ ਦਾ ਡਾਟਾ ਕੀਤਾ ਇਕੱਠਾ, ਜਾਂਚ ਸ਼ੁਰੂ
ਸਿੰਗਲਾ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਨਸ਼ਾ ਛੁਡਾਊਂ ਦੇ ਘਪਲੇ ਤੋਂ ਬਾਅਦ ਬਾਕੀ ਨਸ਼ਾ ਛੁਡਾਊ ਕੇਂਦਰਾਂ ਦੀ ਵੀ ਹੋਵੇਗੀ ਜਾਂਚ
ਸਿੰਗਲਾ ਦਾ ਇਕ ਹੋਰ ਰਿਸ਼ਤੇਦਾਰ, ਇੱਕ ਦੰਦਾਂ ਦਾ ਡਾਕਟਰ ਤੇ ਦੋ ਹੋਰ ਜਾਣਕਾਰ ਵੀ ਸ਼ੱਕ ਦੇ ਘੇਰੇ ਵਿੱਚ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਈ:
ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਮੁਹਾਲੀ ਪੁਲੀਸ ਵੱਲੋਂ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਜਾਂਚ ਟੀਮ ਨੇ ਪੰਜਾਬ ਭਵਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਇੱਥੇ ਇੱਕ ਕਮਰੇ ਵਿੱਚ ਮੰਤਰੀ ਹੁੰਦਿਆਂ ਸਿੰਗਲਾ ਖ਼ੁਦ ਬੈਠਦੇ ਸੀ ਜਦੋਂਕਿ ਦੂਜੇ ਕਮਰੇ ਵਿੱਚ ਉਸ ਦਾ ਓਐਸਡੀ ਭਾਣਜਾ ਬੈਠ ਕੇ ਦਫ਼ਤਰੀ ਡਾਕ ਸਮੇਤ ਹੋਰਨਾਂ ਕੰਮਾਂ ਕਾਰਾਂ ਨੂੰ ਅੰਜਾਮ ਦਿੰਦਾ ਸੀ। ਇਹੀ ਨਹੀਂ ਪੁਲੀਸ ਨੇ ਸਿੰਗਲਾ ਅਤੇ ਪਰਦੀਪ ਦੇ ਮੋਬਾਈਲ ਫੋਨਾਂ ਦੀ ਪਿਛਲੇ ਦੋ ਮਹੀਨੇ ਦੀ ਕਾਲ ਡਿਟੇਲ ਇਕੱਠੀ ਕਰਕੇ ਤੇਜ਼ੀ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਪੁਲੀਸ ਸੂਤਰਾਂ ਦੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਅਤੇ ਵਿਜੈ ਸਿੰਗਲਾ ਦੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣ ਅਤੇ ਅਹੁਦਾ ਸੰਭਾਲਣ ਤੋਂ ਬਾਅਦ ਹੁਣ ਤੱਕ ਜਿਨ੍ਹਾਂ ਵਿਅਕਤੀਆਂ ਨਾਲ ਮੋਬਾਈਲ ਫੋਨ ਜਾਂ ਘਰ ਅਤੇ ਦਫ਼ਤਰੀ ਫੋਨ ’ਤੇ ਗੱਲ ਹੋਈ ਹੈ। ਉਨ੍ਹਾਂ ਸਾਰਿਆਂ ਨੂੰ ਜਾਂ ਚੋਣਵੇਂ ਵਿਅਕਤੀਆਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਜਾ ਸਕਦਾ ਹੈ। ਉਂਜ ਹੁਣ ਤੱਕ ਸਾਬਕਾ ਮੰਤਰੀ ਅਤੇ ਓਐਸਡੀ ਦੇ ਜਿਨ੍ਹਾਂ ਨੇੜਲਿਆਂ ਬਾਰੇ ਪਤਾ ਲੱਗਾ ਹੈ, ਉਨ੍ਹਾਂ ਤੋਂ ਪੁੱਛ ਪੜਤਾਲ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਵੱਲੋਂ ਅੱਜ ਮੰਤਰੀ ਅਤੇ ਓਐਸਡੀ ਦੇ ਘਰ ਦੀ ਛਾਪੇਮਾਰੀ ਕਰਨ ਬਾਰੇ ਪਤਾ ਲੱਗਾ ਹੈ।
ਸਿੰਗਲਾ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਦੇ ਨਸ਼ਾ ਛੁਡਾਊ ਕੇਂਦਰ ਸਬੰਧੀ ਕਥਿਤ ਘਪਲੇਬਾਜ਼ੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਤੋਂ ਬਾਅਦ ਪੁਲੀਸ ਨੇ ਸੂਬੇ ਅੰਦਰ ਬਾਕੀ ਨਸ਼ਾ ਛੁਡਾਊ ਕੇਂਦਰਾਂ ’ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਰਿਸ਼ਵਤਖ਼ੋਰੀ ਦੇ ਇਸ ਗੋਰਖ-ਧੰਦੇ ਦੀਆਂ ਗੰਢਾਂ ਖੋਲ੍ਹੀਆਂ ਜਾ ਸਕਣ। ਉਂਜ ਇਸ ਮਾਮਲੇ ਵਿੱਚ ਸਿੰਗਲਾ ਦਾ ਇਕ ਹੋਰ ਰਿਸ਼ਤੇਦਾਰ ਸਮੇਤ ਇੱਕ ਦੰਦਾਂ ਦਾ ਡਾਕਟਰ ਅਤੇ ਦੋ ਹੋਰ ਜਾਣਕਾਰ ਵੀ ਸ਼ੱਕ ਦੇ ਘੇਰੇ ਵਿੱਚ ਹਨ। ਉਨ੍ਹਾਂ ਦੇ ਸਿੰਗਲਾ ਅਤੇ ਓਐਸਡੀ ਨਾਲ ਮਿਲੀਭੁਗਤ ਹੋਣ ਬਾਰੇ ਕਿਹਾ ਜਾ ਰਿਹਾ ਹੈ।
ਪੁਲੀਸ ਸੂਤਰਾਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਸਿਹਤ ਵਿਭਾਗ ਦੇ ਹੋਰਨਾਂ ਉੱਚ ਅਧਿਕਾਰੀਆਂ ਸਮੇਤ ਸਬੰਧਤ ਠੇਕੇਦਾਰਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਜਾ ਸਕਦਾ ਹੈ। ਵਿਭਾਗੀ ਅਧਿਕਾਰੀਆਂ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੁਪਰਡੈਂਟ ਇੰਜੀਨੀਅਰ (ਐਸਈ) ਰਜਿੰਦਰ ਸਿੰਘ ਜੋ ਕਿ ਇਸ ਮਾਮਲੇ ਵਿੱਚ ਸ਼ਿਕਾਇਤ ਕਰਤਾ ਹਨ, ਤੋਂ ਇਲਾਵਾ ਹੋਰ ਕਿਹੜੇ ਅਧਿਕਾਰੀਆਂ ਨੂੰ ਕਮਿਸ਼ਨ\ਰਿਸ਼ਵਤ ਲਈ ਧਮਕਾਇਆ ਜਾ ਰਿਹਾ ਸੀ ਜਾਂ ਗਿਆ ਹੈ।