nabaz-e-punjab.com

ਭ੍ਰਿਸ਼ਟਾਚਾਰ ਦਾ ਮਾਮਲਾ: ਐਸਪੀ ਸਿਟੀ ਦਫ਼ਤਰ ਦਾ ਅਪਰੇਟਰ ਮੁਅੱਤਲ, ਵਿਭਾਗੀ ਜਾਂਚ ਸ਼ੁਰੂ

ਮੁਹਾਲੀ ਅਦਾਲਤ ਵੱਲੋਂ ਮੁਲਜ਼ਮ ਅਪਰੇਟਰ ਦਾ ਦੋ ਰੋਜ਼ਾ ਪੁਲੀਸ ਰਿਮਾਂਡ, ਵਿਜੀਲੈਂਸ ਜਾਂਚ ’ਚ ਜੁਟੀ

ਸ਼ਰਾਬ ਦੇ ਨਸ਼ੇ ਵਿੱਚ ਟੱਲੀ ਖਰੜ ਥਾਣੇ ਦਾ ਮੁਨਸ਼ੀ ਵੀ ਕੀਤਾ ਮੁਅੱਤਲ? ਵਿਭਾਗੀ ਜਾਂਚ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਫਰਵਰੀ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸ਼ੁੱਕਰਵਾਰ ਨੂੰ 5 ਹਜ਼ਾਰ ਰੁਪਏ ਵੱਢੀ ਲੈਂਦੇ ਹੋਏ ਰੰਗੇ ਹੱਥੀ ਗ੍ਰਿਫ਼ਤਾਰ ਕੀਤੇ ਮੁਹਾਲੀ ਦੇ ਐਸਪੀ (ਸਿਟੀ) ਦੇ ਦਫ਼ਤਰ ਵਿੱਚ ਤਾਇਨਾਤ ਕੰਪਿਊਟਰ ਅਪਰੇਟਰ ਹੌਲਦਾਰ ਜਸਵਿੰਦਰ ਸਿੰਘ ਨੂੰ ਅੱਜ ਛੁੱਟੀ ਹੋਣ ਕਰਕੇ ਜੁਡੀਸ਼ਲ ਮੈਜਿਸਟਰੇਟ ਦੇ ਘਰ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਵਿਜੀਲੈਂਸ ਦੇ ਇੰਸਪੈਕਟਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਉਕਤ ਹੌਲਦਾਰ ਨੂੰ ਸ਼ਿਕਾਇਤਕਰਤਾ ਬਬੀਤਾ ਸੂਰੀ ਵਾਸੀ ਸੈਕਟਰ-23, ਚੰਡੀਗੜ੍ਹ ਦੀ ਸ਼ਿਕਾਇਤ ’ਤੇ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਗਿਆ ਸੀ।
ਬਬੀਤਾ ਸੂਰੀ ਨੇ ਵਿਜੀਲੈਂਸ ਬਿਊਰੋ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸ ਦੇ ਪਤੀ ਵਿਰੁੱਧ ਦਰਜ ਕੀਤੇ ਮੁਕੱਦਮੇ ਵਿੱਚ ਮਦਦ ਕਰਨ ਦੇ ਬਦਲੇ ਐਸਪੀ ਦਾ ਰੀਡਰ ਜਸਵਿੰਦਰ ਸਿੰਘ ਵੱਲੋਂ 10 ਹਜ਼ਾਰ ਰੁਪਏ ਦੇਣ ਦੀ ਮੰਗ ਕੀਤੀ ਗਈ ਸੀ ਪ੍ਰੰਤੂ ਬਾਅਦ ਵਿੱਚ ਸੌਦਾ 5 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ। ਮੁਲਜ਼ਮ ਖ਼ੁਦ ਨੂੰ ਐਸਪੀ ਸਿਟੀ ਦਾ ਰੀਡਰ ਦੱਸਦਾ ਸੀ ਪ੍ਰੰਤੂ ਵਿਜੀਲੈਂਸ ਦੀ ਜਾਂਚ ਵਿੱਚ ਪਤਾ ਲੱਗਾ ਕਿ ਗ੍ਰਿਫ਼ਤਾਰ ਮੁਲਜ਼ਮ ਐਸਪੀ ਦਾ ਰੀਡਰ ਨਹੀਂ ਹੈ ਬਲਕਿ ਦਫ਼ਤਰ ਵਿੱਚ ਕੰਪਿਊਟਰ ਅਪਰੇਟਰ ਵਜੋਂ ਤਾਇਨਾਤ ਹੈ।
ਜਾਂਚ ਅਧਿਕਾਰੀ ਨੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਜੱਜ ਨੂੰ ਦੱਸਿਆ ਕਿ ਮੁਲਜ਼ਮ ਹੌਲਦਾਰ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਕੋਲੋਂ ਪਹਿਲਾਂ ਵਸੂਲੀ ਗਈ ਕਿ 5 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਦੇ ਪੈਸੇ ਬਰਾਮਦ ਕਰਨੇ ਹਨ ਅਤੇ ਇਹ ਵੀ ਪਤਾ ਲਗਾਉਣਾ ਹੈ ਕਿ ਰਿਸ਼ਵਤਖੋਰੀ ਦੇ ਇਸ ਗੋਰਖਧੰਦੇ ਵਿੱਚ ਹੋਰ ਕੌਣ ਕੌਣ ਸ਼ਾਮਲ ਹਨ ਅਤੇ ਇਸ ਤੋਂ ਪਹਿਲਾਂ ਉਸ ਨੇ ਹੋਰ ਕਿੰਨੇ ਕੇਸਾਂ ਵਿੱਚ ਪੀੜਤ ਲੋਕਾਂ ਤੋਂ ਰਿਸ਼ਵਤ ਲਈ ਹੈ। ਉਧਰ, ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਐਸਪੀ ਸਿਟੀ ਦੇ ਅਪਰੇਟਰ ਜਸਵਿੰਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਣ ਅਤੇ ਗ੍ਰਿਫ਼ਤਾਰੀ ਪੈਣ ਤੋ ਬਾਅਦ ਨੂੰ ਉਸ ਨੂੰ ਮੁਅੱਤਲ ਕਰਕੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਧਰ, ਖਰੜ ਥਾਣੇ ਦੇ ਕਥਿਤ ਤੌਰ ’ਤੇ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਮੁਨਸ਼ੀ ਦੀ ਇੱਕ ਲੜਕੀ ਨਾਲ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵੀਡੀਓ ਵਿੱਚ ਲੜਕੀ ਪੁਲੀਸ ਮੁਲਾਜ਼ਮ ਦੇ ਮੂੰਹ ’ਤੇ ਚਪੇੜਾ ਮਾਰਦੀ ਹੋਈ ਨਜ਼ਰ ਆ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਦਿਖਾਈ ਦੇ ਰਹੇ ਪੁਲੀਸ ਮੁਲਾਜ਼ਮ ਨੂੰ ਵੀ ਮੁਅੱਤਲ ਕਰਕੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਐਸਐਸਪੀ ਦਾ ਕਹਿਣਾ ਹੈ ਕਿ ਪੁਲੀਸ ਮਾਮਲੇ ਦੀ ਜਾਂ੦ਚ ਕਰ ਰਹੀ ਹੈ। ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ।

Load More Related Articles
Load More By Nabaz-e-Punjab
Load More In Police

Check Also

Punjab Police busts module backed by foreign based gangsters; key operative, three weapon suppliers held with 2 pistols

Punjab Police busts module backed by foreign based gangsters; key operative, three weapon …