Nabaz-e-punjab.com

ਭ੍ਰਿਸ਼ਟਾਚਾਰ ਦਾ ਮਾਮਲਾ: ਏਐਸਆਈ ਹਰਜੀਤ ਸਿੰਘ ਨੂੰ ਨੌਕਰੀ ਤੋਂ ਕੱਢਿਆ

ਮੁਹਾਲੀ ਵਿਜੀਲੈਂਸ ਦੀ ਟੀਮ ਨੇ ਪਿਛਲੇ ਦਿਨੀਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕੀਤਾ ਸੀ ਕਾਬੂ

ਪਿੰਡ ਪੜੌਲ ਦੇ ਦਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਥਾਣੇਦਾਰ ਖ਼ਿਲਾਫ਼ ਕੀਤਾ ਸੀ ਭ੍ਰਿਸ਼ਟਾਚਾਰ ਦਾ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਦਸੰਬਰ:
ਪੰਜਾਬ ਵਿਜੀਲੈਂਸ ਬਿਊਰੋ (ਉਡਣ ਦਸਤਾ) ਦੀ ਮੁਹਾਲੀ ਟੀਮ ਵੱਲੋਂ ਪਿਛਲੀ ਦਿਨੀਂ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤੇ ਖਰੜ ਸਿਟੀ ਥਾਣੇ ਦੇ ਏਐਸਆਈ ਹਰਜੀਤ ਸਿੰਘ ਨੂੰ ਸੂਬਾ ਸਰਕਾਰ ਨੇ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਗੱਲ ਦੀ ਪੁਸ਼ਟੀ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਕੀਤੀ।
ਵਿਜੀਲੈਂਸ ਮੁਹਾਲੀ ਯੂਨਿਟ ਦੇ ਡੀਐਸਪੀ ਬਰਜਿੰਦਰ ਸਿੰਘ ਭੁੱਲਰ ਦੀ ਅਗਵਾਈ ਵਾਲੀ ਟੀਮ ਵੱਲੋਂ ਬੀਤੀ 16 ਦਸੰਬਰ ਨੂੰ ਏਐਸਆਈ ਹਰਜੀਤ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮੌਜੂਦਾ ਸਮੇਂ ਵਿੱਚ ਮੁਲਜ਼ਮ ਥਾਣੇਦਾਰ ਥਾਣਾ ਖਰੜ ਸਿਟੀ ਵਿੱਚ ਤਾਇਨਾਤ ਸੀ। ਪੰਦਰਾਂ ਕੁ ਪਹਿਲਾਂ ਵਿਜੀਲੈਂਸ ਨੇ ਡੀਐਸਪੀ ਖਰੜ ਦੇ ਰੀਡਰ ਹੌਲਦਾਰ ਅਮਰਿੰਦਰ ਸਿੰਘ ਨੂੰ 20 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ ਗਿਆ ਸੀ। ਥਾਣੇਦਾਰ ਹਰਜੀਤ ਸਿੰਘ ਨੂੰ ਦੋ ਸਾਲ ਪਹਿਲਾਂ 2017 ਵਿੱਚ ਮੋਗਾ ਤਾਇਨਾਤੀ ਦੌਰਾਨ ਵੀ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜੇਲ੍ਹ ’ਚੋਂ ਜ਼ਮਾਨਤ ’ਤੇ ਰਿਹਾਅ ਹੋਣ ਮਗਰੋਂ ਉਹ ਆਪਣੀ ਬਦਲੀ ਕਰਵਾ ਕੇ ਖਰੜ ਸਿਟੀ ਥਾਣੇ ਵਿੱਚ ਲੱਗ ਗਿਆ ਸੀ ਪ੍ਰੰਤੂ ਪਿਛਲੀ ਗਲਤੀ ਤੋਂ ਸਬਕ ਸਿੱਖਣ ਦੀ ਬਜਾਏ, ਉਹ ਭ੍ਰਿਸ਼ਟਾਚਾਰ ਦੀ ਦਲ-ਦਲ ਵਿੱਚ ਧਸਦਾ ਚਲਾ ਗਿਆ ਅਤੇ ਪੈਸਿਆਂ ਦੇ ਲਾਲਚ ਵਿੱਚ ਹੁਣ ਉਹ ਆਪਣੀ ਨੌਕਰੀ ਵੀ ਗੁਆ ਬੈਠਾ ਹੈ।
ਐਸਐਸਪੀ ਸ੍ਰੀ ਚਾਹਲ ਨੇ ਕਿਹਾ ਕਿ ਡਿਊਟੀ ਵਿੱਚ ਕੋਤਾਹੀ ਅਤੇ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵੱਲੋਂ ਗ੍ਰਿਫ਼ਤਾਰੀ ਪਾਉਣ ਤੋਂ ਬਾਅਦ ਥਾਣੇਦਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਸੀ ਲੇਕਿਨ ਵਿਭਾਗੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ 2017 ਵਿੱਚ ਮੋਗਾ ਥਾਣੇ ਵਿੱਚ ਤਾਇਨਾਤੀ ਵੇਲੇ ਵਿਜੀਲੈਂਸ ਵੱਲੋਂ ਉਸ (ਏਐਸਆਈ ਹਰਜੀਤ ਸਿੰਘ) ਨੂੰ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੋਗੇ ਵਾਲਾ ਮਾਮਲਾ ਕਿਸੇ ਕੰਢੇ ਨਹੀਂ ਲੱਗਿਆ ਸੀ ਕਿ ਹੁਣ ਮੁਹਾਲੀ ਵਿਜੀਲੈਂਸ ਦੀ ਟੀਮ ਨੇ ਉਸ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਜਿਸ ਕਾਰਨ ਅੱਜ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਵਿਜੀਲੈਂਸ ਦੇ ਡੀਐਸਪੀ ਬਰਜਿੰਦਰ ਸਿੰਘ ਭੁੱਲਰ ਇਸ ਸਬੰਧੀ ਦਵਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਪੜੌਲ (ਮੁਹਾਲੀ) ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਏਐਸਆਈ ਹਰਜੀਤ ਸਿੰਘ ਉਸ ਨੂੰ ਕਾਫੀ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਸ਼ਿਕਾਇਤ ਕਰਤਾ ਨਾਲ ਕੁਝ ਵਿਅਕਤੀਆਂ ਨੇ ਕੁੱਟਮਾਰ ਕੀਤੀ ਸੀ। ਇਸ ਸਬੰਧੀ ਉਸ ਨੇ ਖਰੜ ਪੁਲੀਸ ਕੋਲ 6 ਹਮਲਾਵਰਾਂ ਦੇ ਨਾਮ ਲਿਖਵਾਏ ਸੀ ਪ੍ਰੰਤੂ ਹੁਣ ਤੱਕ ਪੁਲੀਸ ਨੇ ਕਿਸੇ ਹਮਲਾਵਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਦਾ ਲਾਹਾ ਲੈਂਦਿਆਂ ਇਕ ਹਮਲਾਵਰ ਨੇ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ ਸੀ ਅਤੇ ਇਸ ਸਬੰਧੀ ਜਾਂਚ ਅਧਿਕਾਰੀ ਏਐਸਆਈ ਹਰਜੀਤ ਸਿੰਘ ਨੇ ਪੀੜਤ ਵਿਅਕਤੀ ਨਾਲ ਤਾਲਮੇਲ ਕਰਕੇ ਕਿਹਾ ਕਿ ਜੇਕਰ ਉਹ ਉਸ (ਥਾਣੇਦਾਰ) ਨੂੰ 10 ਹਜ਼ਾਰ ਰੁਪਏ ਰਿਸ਼ਵਤ ਦੇਵੇਗਾ ਤਾਂ ਉਹ ਉਸ ਦੀ ਡੱਟ ਕੇ ਮਦਦ ਕਰੇਗਾ ਅਤੇ ਅਦਾਲਤ ਵਿੱਚ ਉਸ ਦੇ ਕੇਸ ਦੀ ਯੋਗ ਪੈਰਵੀ ਕੀਤੀ ਜਾਵੇਗੀ ਅਤੇ ਹਮਲਾਵਰ ਦੀ ਜ਼ਮਾਨਤ ਵੀ ਨਹੀਂ ਹੋਣ ਦਿੱਤੀ ਜਾਵੇਗੀ।
ਪੁਲੀਸ ਵਧੀਕੀਆਂ ਤੋਂ ਤੰਗ ਆ ਕੇ ਪੀੜਤ ਦਵਿੰਦਰ ਸਿੰਘ ਨੇ ਵਿਜੀਲੈਂਸ ਦਫ਼ਤਰ ਵਿੱਚ ਆਪਬੀਤੀ ਦੱਸਦਿਆਂ ਥਾਣੇਦਾਰ ਖ਼ਿਲਾਫ਼ ਲਿਖਤੀ ਸ਼ਿਕਾਇਤ ਦਿੱਤੀ ਸੀ। ਇਸ ਮਗਰੋਂ ਟਰੈਪ ਲਗਾ ਕੇ ਏਐਸਆਈ ਹਰਜੀਤ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਮੇਂ ਉਹ ਨਿਆਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਵਿੱਚ ਬੰਦ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…