
ਭ੍ਰਿਸ਼ਟਾਚਾਰ ਦਾ ਮਾਮਲਾ: ਈਓ ਗਿਰੀਸ਼ ਵਰਮਾ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਕਤੂਬਰ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸਥਾਨਕ ਸਰਕਾਰਾਂ ਵਿਭਾਗ ਦੇ ਕਾਰਜਸਾਧਕ ਅਫ਼ਸਰ (ਈਓ) ਗਿਰੀਸ਼ ਵਰਮਾ ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਮੁੜ ਤੋਂ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾ ਉਸ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਵਿਜੀਲੈਂਸ ਅਨੁਸਾਰ ਮੁਲਜ਼ਮ ਅਧਿਕਾਰੀ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਜਾਣਕਾਰਾਂ ਦੇ ਨਾਮ ’ਤੇ ਫਰਜ਼ੀ ਕੰਪਨੀਆਂ ਬਣ ਕੇ ਵੱਡੀ ਮਾਤਰਾਂ ਵਿੱਚ ਪੈਸਿਆਂ ਦਾ ਅਦਾਨ-ਪ੍ਰਦਾਨ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਈਓ ਦੀ ਪਤਨੀ ਸੰਗੀਤਾ ਵਰਮਾ ਅਤੇ ਬੇਟੇ ਵਿਕਾਸ ਵਰਮਾ ਸਮੇਤ ਹੋਰਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਮੁਲਜ਼ਮ ਦੀ ਪਤਨੀ ਅਤੇ ਬੇਟਾ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਏਆਈਜੀ ਮਨਮੋਹਨ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਥਾਨਕ ਸਰਕਾਰਾਂ ਵਿਭਾਗ, ਵੈਰੇਨਿਊ ਵਿਭਾਗ ਦੇ ਸਬੰਧਤ ਅਫ਼ਸਰਾਂ ਅਤੇ ਸਟਾਫ਼ ਦੀ ਸ਼ੱਕੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ ਕਿਉਂਕਿ ਐਨੇ ਪੱਧਰ ’ਤੇ ਜ਼ਮੀਨ ਜਾਇਦਾਦਾਂ ਦੀ ਵੇਚ-ਖਰੀਦ ਈਓ ਇਕੱਠਾ ਨਹੀਂ ਕਰ ਸਕਦਾ ਹੈ। ਇਸ ਵਿੱਚ ਹੋਰ ਵੀ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਮੁੱਢਲੀ ਵਿੱਚ ਪਤਾ ਲੱਗਾ ਹੈ ਕਿ ਈਓ ਨੇ ਆਪਣੇ ਨਾਂ ਤੋਂ ਇਲਾਵਾ ਆਪਣੀ ਪਤਨੀ ਅਤੇ ਬੇਟੇ ਦੇ ਨਾਂ ’ਤੇ ਸੰਪਤੀ ਬਣਾਈ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਬੇਟੇ ਦੇ ਨਾਂ ’ਤੇ ਦੋ ਪ੍ਰਾਪਰਟੀ ਡਿਵੈਲਪਰ ਫਰਮਾਂ ਵਿੱਚ 1 ਕਰੋੜ 32 ਲੱਖ ਰੁਪਏ ਦਾ ਨਿਵੇਸ਼ ਵੀ ਕੀਤਾ ਹੋਇਆ ਹੈ। ਵਿਜੀਲੈਂਸ ਉਨ੍ਹਾਂ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਵਿੱਚ ਜੁੱਟ ਗਿਆ ਹੈ, ਜਿਨ੍ਹਾਂ ਨੇ ਗਿਰੀਸ਼ ਵਰਮਾ ਦੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ ਵੱਡੀਆਂ ਰਕਮਾਂ ਟਰਾਂਸਫਰ ਕੀਤੀਆਂ ਸਨ।
ਏਆਈਜੀ ਨੇ ਦੱਸਿਆ ਕਿ ਪੁਲੀਸ ਰਿਮਾਂਡ ਦੌਰਾਨ ਈਓ ਤੋਂ ਪੁੱਛਗਿੱਛ ਕਰਕੇ ਪਤਾ ਲਗਾਇਆ ਜਾਵੇਗਾ ਕਿ ਐਨਾ ਪੈਸਾ ਉਸ ਕੋਲ ਕਿੱਥੋਂ ਆਇਆ। ਕਿਉਂਕਿ ਤਨਖ਼ਾਹ ਨਾਲ ਇਹ ਸਭ ਸੰਭਵ ਨਹੀਂ ਹੈ। ਜਿਸ ਕਾਰਨ ਅਧਿਕਾਰੀ ਵੱਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਕਥਿਤ ਭ੍ਰਿਸ਼ਟਾਚਾਰ ਤਰੀਕਿਆਂ ਨਾਲ ਇਕੱਠਾ ਕੀਤਾ ਗਿਆ ਜਾਪਦਾ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।