nabaz-e-punjab.com

ਭ੍ਰਿਸ਼ਟਾਚਾਰ ਦਾ ਮਾਮਲਾ: ਵਿਜੀਲੈਂਸ ਦੀ ਟੀਮ ਨੇ ਜਥੇਦਾਰ ਕੋਲਿਆਂਵਾਲੀ ਦੀ ਮਹਿਲਨੁਮਾ ਕੋਠੀ ਦੀ ਕੀਤੀ ਪੈਮਾਇਸ਼

ਪਿੰਡ ਕੋਲਿਆਂਵਾਲੀ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਤੇ ਬਲਕਾਰ ਸਿੰਘ ਅੌਲਖ ਨੇ ਵਿਜੀਲੈਂਸ ਕੋਲ ਦਰਜ ਕਰਵਾਏ ਬਿਆਨ

ਤਿੰਨ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਵਿਜੀਲੈਂਸ ਵੀਰਵਾਰ ਨੂੰ ਜਥੇਦਾਰ ਨੂੰ ਮੁੜ ਮੁਹਾਲੀ ਅਦਾਲਤ ’ਚ ਕਰੇਗੀ ਪੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਦਸੰਬਰ:
ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਾਦਲ ਪਰਿਵਾਰ ਦੇ ਅਤਿ ਨਜ਼ਦੀਕੀ, ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਸਾਬਕਾ ਮੈਂਬਰ ਅਤੇ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਚੇਅਰਮੈਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਦੀ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਸਥਿਤ ਮਹਿਲਨੁਮਾ ਆਲੀਸ਼ਾਨ ਕੋਠੀ ਦੀ ਬੁੱਧਵਾਰ ਨੂੰ ਵਿਜੀਲੈਂਸ ਦੀ ਟੀਮ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਗਈ। ਵਿਜੀਲੈਂਸ ਦੇ ਐਸਐਸਪੀ ਅਸ਼ੋਕ ਬਾਠ ਨੇ ਦੱਸਿਆ ਕਿ ਜਥੇਦਾਰ ਦੀ ਕਰੀਬ 6 ਏਕੜ ਰਕਬੇ ਵਿੱਚ ਆਲੀਸ਼ਾਨ ਕੋਠੀ ਬਣੀ ਹੋਈ ਹੈ। ਬੀਤੇ ਦਿਨੀਂ ਅਦਾਲਤ ਤੋਂ ਸਰਚ ਵਰੰਟ ਲੈ ਕੇ ਅੱਜ ਜਥੇਦਾਰ ਦੀ ਉਕਤ ਦੀ ਕੋਠੀ ਦੀ ਪੈਮਾਇਸ਼ ਕੀਤੀ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਦੀ ਤਕਨੀਕੀ ਟੀਮ ਤੋਂ ਇਲਾਵਾ ਸਿਵਲ ਪ੍ਰਸ਼ਾਸਨ, ਰੈਵੇਨਿਊ ਅਤੇ ਨਾਪਤੋਲ ਵਿਭਾਗ ਸਮੇਤ ਹੋਰ ਸਬੰਧਤ ਅਦਾਰਿਆਂ ਵੱਲੋਂ ਕੋਠੀ ਦੇ ਨਿਰਮਾਣ ’ਤੇ ਆਏ ਖ਼ਰਚੇ, ਰਕਬੇ ਸਬੰਧੀ ਖੇਤਰਫਲ ਅਤੇ ਮਟੀਰੀਅਲ ਬਾਰੇ ਵਿਜੀਲੈਂਸ ਨੂੰ ਰਿਪੋਰਟ ਸੌਂਪੀ ਜਾਵੇਗੀ ਅਤੇ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਐਸਐਸਪੀ ਬਾਠ ਨੇ ਦੱਸਿਆ ਕਿ ਜਥੇਦਾਰ ਕੋਲਿਆਂਵਾਲੀ ਨੂੰ ਤਿੰਨ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਭਲਕੇ ਵੀਰਵਾਰ ਨੂੰ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਲਈ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਜਥੇਦਾਰ ਤੋਂ ਉਕਤ ਮਾਮਲੇ ਦੇ ਵੱਖ ਵੱਖ ਪਹਿਲੂਆਂ ਸਬੰਧੀ ਹੋਰ ਪੁੱਛਗਿੱਛ ਅਤੇ ਪੜਤਾਲ ਕੀਤੀ ਜਾਣੀ ਹੈ।
ਉਧਰ, ਅਕਾਲੀ ਜਥੇਦਾਰ ਵਿਰੁੱਧ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਮੁਹਾਲੀ ਵਿਜੀਲੈਸ ਦਫ਼ਤਰ ਵਿੱਚ ਪਿੰਡ ਕੋਲਿਆਂਵਾਲੀ ਦੇ ਸਾਬਕਾ ਸਰਪੰਚ ਸੁਰਜੀਤ ਸਿੰਘ ਅਤੇ ਬਲਕਾਰ ਸਿੰਘ ਅੌਲਖ ਨੇ ਆਪਣੇ ਬਿਆਨ ਦਰਜ ਕਰਵਾਏ ਗਏ। ਇਸ ਸਬੰਧੀ ਬਲਕਾਰ ਸਿੰਘ ਅੌਲਖ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਨ੍ਹਾਂ ਸਮੇਤ ਕਈ ਹੋਰਨਾਂ ਖ਼ਿਲਾਫ਼ ਜਥੇਦਾਰ ਕੋਲਿਆਂਵਾਲੀ ਨੇ ਕਤਲ ਦਾ ਮੁਕੱਦਮਾ ਦਰਜ ਕਰਵਾਇਆ ਸੀ ਅਤੇ ਇਸ ਮਾਮਲੇ ਤੋਂ ਬਾਅਦ ਦਬਾਅ ਕਾਰਨ ਉਨ੍ਹਾਂ ਨੂੰ ਕਰੀਬ 3 ਏਕੜ ਜ਼ਮੀਨ ਕੋਲਿਆਂਵਾਲੀ ਦੇ ਇੱਕ ਚਹੇਤੇ ਵਿਅਕਤੀ ਦੇ ਨਾਂ ਕਰਵਾਉਣੀ ਪਈ ਸੀ। ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਵਿਰੁੱਧ ਦਰਜ ਕਤਲ ਦੇ ਝੂਠੇ ਕੇਸ ਦੀ ਸ਼ਿਕਾਇਤ ਜਸਟਿਸ ਮਹਿਤਾਬ ਸਿੰਘ ਨੂੰ ਦਿੱਤੀ ਅਸੀ ਤੇ ਜਾਂਚ ਕਮਿਸ਼ਨ ਵੱਲੋਂ ਮੁੱਢਲੀ ਪੜਤਾਲ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਦਰਜ ਕਤਲ ਦੇ ਕੇਸ ਨੂੰ ਝੂਠਾ ਦੱਸਿਆ ਸੀ। ਉਨ੍ਹਾਂ ਵਿਜੀਲੈਂਸ ਨੂੰ ਦੱਸਿਆ ਕਿ ਅਕਾਲੀ ਆਗੂ ਦੀਆਂ ਵਧੀਕੀਆਂ ਤੋਂ ਅੱਕੇ ਹੋਏ ਪਿੰਡ ਕੋਲਿਆਂਵਾਲੀ ਸਮੇਤ ਹੋਰਨਾਂ ਪਿੰਡਾਂ ਦੇ ਲੋਕ ਵੀ ਜਾਂਚ ਵਿੱਚ ਸਹਿਯੋਗ ਦੇਣ ਲਈ ਸਾਹਮਣੇ ਆਉਣ ਨੂੰ ਤਿਆਰ ਬੈਠੇ ਹਨ।
ਜ਼ਿਕਰਯੋਗ ਹੈ ਕਿ ਅਕਾਲੀ ਜਥੇਦਾਰ ਵਿਰੁੱਧ ਬੀਤੀ 1 ਜੁਲਾਈ ਨੂੰ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਅਨੁਸਾਰ ਸਾਲ 2009 ਤੋਂ ਸਾਲ 2014 ਦੇ ਸਮੇਂ ਦੌਰਾਨ ਉਕਤ ਮੁਲਜ਼ਮ ਵੱਲੋਂ ਉਕਤ ਵੱਖ ਵੱਖ ਪ੍ਰਮੁੱਖ ਅਹੁਦਿਆਂ ’ਤੇ ਰਹਿੰਦਿਆਂ ਜਾਇਦਾਦ ਬਣਾਉਣ ਸਬੰਧੀ ਪੜਤਾਲ ਕੀਤੀ ਗਈ ਅਤੇ ਉਸ ਵੱਲੋਂ ਆਪਣੇ ਜਾਣੂ ਵਸੀਲਿਆਂ ਤੋਂ ਪ੍ਰਾਪਤ ਕੁੱਲ ਆਮਦਨ ਨਾਲੋਂ 1.71 ਕਰੋੜ ਰੁਪਏ ਦਾ ਵੱਧ ਖਰਚਾ ਕੀਤਾ ਗਿਆ ਜੋ ਕਿ ਅਸਲ ਆਮਦਨ ਨਾਲੋਂ ਤਕਰੀਬਨ 71 ਫੀਸਦੀ ਵੱਧ ਬਣਦਾ ਹੈ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…