Share on Facebook Share on Twitter Share on Google+ Share on Pinterest Share on Linkedin ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਦੂਸ਼ਣਬਾਜ਼ੀ: ਚੰਦੂਮਾਜਰਾ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਸਬੰਧੀ ਸਿੱਧੂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਸਿੱਧੂ ਪਰਿਵਾਰ ਨੇ ਭ੍ਰਿਸ਼ਟਾਚਾਰ ਕਰ ਕੇ ਚਾਰਾ ਘੁਟਾਲੇ ਨੂੰ ਵੀ ਮਾਤ ਪਾਈ: ਚੰਦੂਮਾਜਰਾ ਪਿਛਲੇ ਸਮੇਂ ’ਚ ਚੰਦੂਮਾਜਰਾ ਨੇ ਨੌਕਰੀਆਂ ਦੇ ਨਾਂ ’ਤੇ ਭ੍ਰਿਸ਼ਟਾਚਾਰ ਫੈਲਾਇਆ, ਮੇਰਾ ਸ਼ਰਾਬ ਦੇ ਵਪਾਰ ਨਾਲ ਸਬੰਧ ਨਹੀਂ: ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ: ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਅਕਾਲੀ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਇਕ ਦੂਜੇ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਮੁੱਦੇ ’ਤੇ ਦੂਸ਼ਣਬਾਜ਼ੀ ਕਰਦਿਆਂ ਖੁੱਲ੍ਹ ਕੇ ਆਹਮੋ ਸਾਹਮਣੇ ਆ ਗਏ ਹਨ। ਪਸ਼ੂ ਪਾਲਣ, ਡੇਅਰੀ ਵਿਕਾਸ ਵਿਭਾਗ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਬੀਤੇ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ’ਤੇ ਲਗਾਏ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਸ੍ਰੀ ਚੰਦੂਮਾਜਰਾ ਨੇ ਪਲਟਵਾਰ ਕਰਦਿਆਂ ਕਿਹਾ ਕਿ ਮੰਤਰੀ ਬਣਨ ਤੋਂ ਬਾਅਦ ਸ੍ਰੀ ਸਿੱਧੂ ਅਤੇ ਉਨ੍ਹਾਂ ਦੇ ਪਰਿਵਾਰ ਨੇ ਵਿਭਾਗ ਅੰਦਰ ਤੇ ਬਾਹਰ ਵੱਡੇ ਪੱਧਰ ’ਤੇ ਜੋ ਲੁੱਟ ਖਸੁੱਟ ਮਚਾਈ ਹੈ, ਉਹ ਲਾਲੂ ਯਾਦਵ ਦੇ ਚਾਰਾ ਘੁਟਾਲੇ ਨੂੰ ਵੀ ਮਾਤ ਪਾ ਦੇਵੇਗੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸ੍ਰੀ ਸਿੱਧੂ ਨੇ ਚੋਣ ਪ੍ਰਚਾਰ ਦੌਰਾਨ ਚੰਦੂਮਾਜਰਾ ਦੇ ਪਿਛੋਕੜ ’ਤੇ ਸਵਾਲ ਚੁੱਕਦਿਆਂ ਨੌਕਰੀਆਂ ਦੇ ਨਾਂ ’ਤੇ ਭ੍ਰਿਸ਼ਟਾਚਾਰ ਫੈਲਾਉਣ ਦੇ ਦੋਸ਼ ਲਾਏ ਸਨ। ਕਾਂਗਰਸੀ ਮੰਤਰੀ ਵੱਲੋਂ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਸਰਕਾਰੀ ਪਸ਼ੂ ਹਸਪਤਾਲਾਂ ਅਤੇ ਡਿਸਪੈਂਸਰੀਆਂ ਲਈ ਸਾਲ ਵਿੱਚ ਦੋ ਵਾਰ ਹੋਣ ਵਾਲੀ ਕਰੋੜਾਂ ਰੁਪਏ ਦੀਆਂ ਦਵਾਈਆਂ ਦੀ ਸਪਲਾਈ ਸਿੱਧੂ ਦੇ ਮੰਤਰੀ ਬਣਨ ਤੋਂ ਬਾਅਦ ਬਿਲਕੁਲ ਬੰਦ ਹੋ ਗਈ ਹੈ। ਸਿੱਧੂ ਨੇ ਸਿਰਫ਼ ਦਵਾਈਆਂ ਦਾ ਪੈਸਾ ਹੀ ਨਹੀਂ ਹੜੱਪਿਆ ਸਗੋਂ ਲੋਕਾਂ ਨੂੰ ਦਿੱਤੀ ਜਾਣ ਵਾਲੀ ਹਰ ਸਹੂਲਤ ਦੀ ਫੀਸ ਵਿੱਚ ਭਾਰੀ ਵਾਧਾ ਕਰਕੇ ਲੋਕਾਂ ਦੀਆਂ ਜੇਬਾਂ ਨੂੰ ਵੀ ਕਰੋੜਾਂ ਦਾ ਚੂਨਾ ਲਾਇਆ ਜਾ ਰਿਹਾ ਹੈ। ਪਰਚੀ ਫੀਸ ਪੰਜ ਤੋਂ ਵਧਾ ਕੇ 10 ਰੁਪਏ, ਗਰਭ ਧਾਰਨ ਲਈ ਲੋਕਲ ਸੀਮਨ ਅਤੇ ਵਿਦੇਸ਼ੀ ਸੀਮਨ ਦੇ ਭਾਅ ਵਿੱਚ ਵਾਧਾ ਕੀਤਾ ਗਿਆ ਹੈ। ਪਸ਼ੂ ਦੇ ਗੱਭਣ ਹੋਣ ਦੀ ਫੀਸ 5 ਤੋਂ 25 ਰੁਪਏ, ਨਸਬੰਦੀ ਦੇ 10 ਤੋਂ 50, ਕੁੱਤੇ ਨੂੰ ਚੈੱਕ ਕਰਨ ਦੀ ਫੀਸ 10 ਤੋਂ ਵਧਾ ਕੇ 50 ਰੁਪਏ ਅਤੇ ਪੋਸਟ ਮਾਰਟਮ ਤੇ ਹੈਲਥ ਚੈੱਕ ਫੀਸ 50 ਤੋਂ 100 ਰੁਪਏ ਕਰ ਦਿੱਤੀ ਹੈ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਸੂਬੇ ਵਿੱਚ ਜ਼ਿਆਦਾਤਰ ਪਸ਼ੂ ਹਸਪਤਾਲਾਂ ਵਿੱਚ ਦਵਾਈਆਂ ਨਹੀਂ ਹਨ ਅਤੇ ਪਸ਼ੂ ਪਾਲਣ ਵਿਭਾਗ ਵਿੱਚ 40 ਫੀਸਦੀ ਤੋਂ ਵੱਧ ਅਸਾਮੀਆਂ ਖਾਲੀ ਹਨ। ਘਰ ਘਰ ਨੌਕਰੀ ਦੇਣ ਦੇ ਵਾਅਦੇ ਦਾ ਝੂਠ ਪਸ਼ੂ ਪਾਲਣ ਵਿਭਾਗ ਨੰਗਾ ਕਰ ਰਿਹਾ ਹੈ, ਜਿੱਥੇ ਕੋਈ ਭਰਤੀ ਨਹੀਂ ਕੀਤੀ ਗਈ ਅਤੇ ਇਕ ਮੁਲਾਜ਼ਮ ਨੂੰ ਤਿੰਨ ਤਿੰਨ ਡਿਸਪੈਂਸਰੀਆਂ ਦਾ ਵਾਧੂ ਚਾਰਜ ਦਿੱਤਾ ਹੋਇਆ ਹੈ। ਮੁਲਾਜ਼ਮ ਲੋਕਾਂ ਤੋਂ ਫੀਸਾਂ ਵਸੂਲ ਰਹੇ ਹਨ ਅਤੇ ਪਸ਼ੂ ਪਾਲਕ ਪ੍ਰਾਈਵੇਟ ਦੁਕਾਨਾਂ ਤੋਂ ਮਹਿੰਗੀਆਂ ਦਵਾਈਆਂ ਖਰੀਦਣ ਅਤੇ ਪ੍ਰਾਈਵੇਟ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਿੱਧੂ ਐਂਡ ਕੰਪਨੀ ਵੱਲੋਂ ਕਥਿਤ ਤੌਰ ’ਤੇ ਦੋ ਨੰਬਰ ਵਿੱਚ ਸ਼ਰਾਬ ਦਾ ਵਪਾਰ ਕਰਕੇ ਕਰੋੜਾਂ ਰੁਪਏ ਦੀ ਟੈਕਸ ਚੋਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਪਰਿਵਾਰ ਵੱਲੋਂ ਮੁਹਾਲੀ ਵਿੱਚ ਰੇਤੇ ਦੇ ਵਪਾਰ ਵਿੱਚ ਮਾਫੀਆ ਕਾਇਮ ਕੀਤਾ ਹੋਇਆ ਹੈ ਅਤੇ ਪਹਿਲਾਂ ਚਾਓ ਮਾਜਰਾ ਅਤੇ ਖਿਜਰਾਬਾਦ ਅਤੇ ਹੁਣ ਸ਼ਤਾਬਗੜ੍ਹ ਤੋਂ ਰੇਤੇ ਦੀ ਕਰੋੜਾਂ ਰੁਪਏ ਦੀ ਨਾਜਾਇਜ਼ ਖੁਦਾਈ ਧੜੱਲੇ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਸ੍ਰੀ ਸਿੱਧੂ ਨੂੰ ਉਕਤ ਦੋਸ਼ਾਂ ਬਾਰੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਸਿੱਧੂ ਵੱਲੋਂ ਲਾਏ ਝੂਠੇ ਦੋਸ਼ਾਂ ਸਬੰਧੀ ਉਹ ਮੰਤਰੀ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਲਈ ਛੇਤੀ ਹੀ ਕਾਨੂੰਨੀ ਨੋਟਿਸ ਭੇਜ ਰਹੇ ਹਨ। (ਬਾਕਸ ਆਈਟਮ) ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚੰਦੂਮਾਜਰਾ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਜੇਕਰ ਉਸ ਦੇ ਪਰਿਵਾਰ ਨੇ ਭ੍ਰਿਸ਼ਟਾਚਾਰ ਫੈਲਾਇਆ ਹੁੰਦਾ ਤਾਂ ਇਲਾਕੇ ਦੇ ਲੋਕ ਲਗਾਤਾਰ ਤਿੰਨ ਵਾਰ ਚੋਣ ਜਿਤਾ ਕੇ ਉਨ੍ਹਾਂ ਨੂੰ ਵਿਧਾਇਕ ਨਾ ਬਣਾਉਂਦੇ। ਹਰੇਕ ਵਾਰ ਕਾਂਗਰਸ ਦਾ ਵੋਟ ਬੈਂਕ ਮਜ਼ਬੂਤ ਹੋਇਆ ਹੈ ਜਦੋਂਕਿ ਅਕਾਲੀ ਉਮੀਦਵਾਰਾਂ ਨੂੰ ਹਮੇਸ਼ਾ ਹਾਰ ਦਾ ਮੂੰਹ ਦੇਖਣਾ ਪਿਆ ਹੈ। ਉਨ੍ਹਾਂ ਕਿਹਾ ਕਿ ਚੰਦੂਮਾਜਰਾ ਨੂੰ ਆਪਣੀ ਹਾਰ ਦਿਖਾਈ ਦੇ ਰਹੀ ਹੈ, ਜਿਸ ਕਾਰਨ ਉਹ ਬੁਖਲਾ ਗਏ ਹਨ। ਸ੍ਰੀ ਸਿੱਧੂ ਨੇ ਸਪੱਸ਼ਟ ਕੀਤਾ ਸ਼ਰਾਬ ਦੇ ਕਾਰੋਬਾਰ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਦੱਸਿਆ ਕਿ ਚੰਦੂਮਾਜਰਾ 1990 ਦੇ ਦਹਾਕੇ ਵਿੱਚ ਕੁਰਾਲੀ ਅਤੇ ਰੂਪਨਗਰ ਵਿੱਚ ਖ਼ੁਦ ਸ਼ਰਾਬ ਦਾ ਕਾਰੋਬਾਰ ਕਰਦੇ ਰਹੇ ਹਨ। ਸ੍ਰੀ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੇ ਮੱਤੇਵਾਲ ਵਿੱਚ ਪਸ਼ੂ ਪਾਲਣ ਵਿਭਾਗ ਦੀ 45 ਏਕੜ ਜ਼ਮੀਨ ਅਕਾਲੀਆਂ ਦੇ ਨਾਜਾਇਜ਼ ਕਬਜ਼ੇ ’ਚੋਂ ਛੁਡਾਈ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਅਕਾਲੀ ਸਰਕਾਰ ਨੇ ਪਸ਼ੂ ਪਾਲਣ ਵਿਭਾਗ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਜਦੋਂ ਮੌਜੂਦਾ ਸਮੇਂ ਵਿੱਚ 297 ਵੈਟਰਨਰੀ ਇੰਸਪੈਕਟਰਾਂ, 117 ਵੈਟਰਨਰੀ ਡਾਕਟਰਾਂ, 116 ਹੋਰ ਅਸਾਮੀਆਂ ਅਤੇ 700 ਦਰਜਾ ਚਾਰ ਮੁਲਾਜ਼ਮਾਂ ਦੀ ਨਵੀਂ ਭਰਤੀ ਦੀ ਪ੍ਰਕਿਰਿਆ ਜਾਰੀ ਹੈ ਅਤੇ ਚੋਣਾਂ ਤੋਂ ਬਾਅਦ ਪਹਿਲ ਦੇ ਆਧਾਰ ’ਤੇ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਪਸ਼ੂਆਂ ਦੀ ਫੀਡ ਅਤੇ ਸੀਮਨ ਬਾਰੇ ਸਖ਼ਤ ਕਾਨੂੰਨ ਬਣਾਏ ਗਏ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ