ਪੰਜਾਬ ਨੂੰ ਲੱਗੀ ਭ੍ਰਿਸ਼ਟਾਚਾਰ ਰੂਪੀ ਸਿਊਂਕ: ਬੀਰਦਵਿੰਦਰ ਸਿੰਘ

ਪੰਜਾਬ ਸਰਕਾਰ ਨੇ ਆਪਣੇ ਤੇ ਵਿਰੋਧੀਆਂ ਲਈ ਬਣਾਏ ਵੱਖਰੇ ਕਾਨੂੰਨ

ਡਰੱਗ ਮਾਮਲਾ: ਸੁਖਪਾਲ ਖਹਿਰਾ ਤੋਂ ਅਸਤੀਫ਼ਾ ਮੰਗਣ ਤੋਂ ਪਹਿਲਾਂ ਕਾਂਗਰਸੀ ਤੇ ਬਾਦਲ ਪਰਿਵਾਰ ਆਪਣੀ ਪੀੜੀ ਹੇਠ ਸੋਟਾਂ ਫੇਰਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਨਵੰਬਰ:
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਗੁਰੂਆਂ ਪੀਰਾਂ ਦੀ ਚਰਨ ਛੋਹ ਪ੍ਰਾਪਤ ਅਤੇ ਪੰਜ ਦਰਿਆਵਾਂ ਨਾਲ ਜਾਣੇ ਜਾਂਦੇ ਪੰਜਾਬ ਨੂੰ ਅੱਜ ਭ੍ਰਿਸ਼ਟਾਚਾਰ ਰੂਪੀ ਸਿਊਂਕ ਲੱਗੀ ਹੋਈ ਹੈ। ਗੁਰੂਆਂ ਦੀ ਧਰਤੀ ਨੂੰ ਭ੍ਰਿਸ਼ਟਾਚਾਰ ਦੇ ਪ੍ਰਦੂਸ਼ਣ ਤੋਂ ਬਚਾਉਣ ਲਈ ਸੂਬੇ ਦੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਨਿਆਂ ਪਾਲਿਕਾਵਾਂ ਨੂੰ ਮੌਜੂਦਾ ਸਮੇਂ ਵਿੱਚ ਵਾਪਰ ਰਹੀਆਂ ਘਟਨਾਵਾਂ ਅਤੇ ਸਿਆਸਤਦਾਨਾਂ ਦੇ ਕਾਰਿਆਂ ਅਤੇ ਭ੍ਰਿਸ਼ਟਾਚਾਰ ਕੇਸਾਂ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ।
ਮੁਹਾਲੀ ਅਦਾਲਤ ਦੇ ਬਾਹਰ ਚੋਣਵੇਂ ਮੀਡੀਆ ਨਾਲ ਗੱਲਬਾਤ ਦੌਰਾਨ ਬੀਰਦਵਿੰਦਰ ਸਿੰਘ ਨੇ ਪੰਜਾਬ ਸਰਕਾਰ ਨੇ ਆਪਣੇ ਅਤੇ ਵਿਰੋਧੀਆਂ ਲਈ ਵੱਖੋ ਵੱਖਰੇ ਕਾਨੂੰਨ ਬਣਾਏ ਹੋਏ ਹਨ। ਜਿਸ ਕਾਰਨ ਪੰਜਾਬ ਤਬਾਹੀ ਵੱਲ ਜਾ ਰਿਹਾ ਹੈ। ਉਨ੍ਹਾਂ ‘ਆਪ’ ਵਿਧਾਇਕ ਸੁਖਪਾਲ ਖਹਿਰਾ ਦੀ ਪਿੱਠ ਥਾਪੜਦਿਆਂ ਕਿਹਾ ਕਿ ਡਰੱਗ ਮਾਮਲੇ ਵਿੱਚ ਸ੍ਰੀ ਖਹਿਰਾ ਤੋਂ ਅਸਤੀਫ਼ਾ ਮੰਗਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਾਂਗਰਸੀ ਆਗੂਆਂ ਅਤੇ ਬਾਦਲ ਪਰਿਵਾਰ ਸਣੇ ਅਕਾਲੀ ਆਗੂਆਂ ਨੂੰ ਆਪਣੀ ਪੀੜੀ ਹੇਠ ਸੋਟਾਂ ਫੇਰ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਮੁੱਖ ਮੰਤਰੀ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫਸੇ ਹੋਏ ਅਤੇ ਇਹ ਕੇਸ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ। ਮੁਲਜ਼ਮਾਂ ਦੇ ਖ਼ਿਲਾਫ਼ ਚਲਾਨ ਵੀ ਪੇਸ਼ ਹੋ ਚੁੱਕੇ ਹਨ। ਇਸ ਦੇ ਬਾਵਜੂਦ ਉਹ ਮੁੱਖ ਮੰਤਰੀ ਦੇ ਅਹੁਦੇ ’ਤੇ ਕਾਇਮ ਹਨ। ਇਸੇ ਤਰ੍ਹਾਂ ਪਿਛਲੇ ਸਮੇਂ ਵਿੱਚ ਬਾਦਲ ਪਿਊ ਪੁੱਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਜਾ ਚੁੱਕਾ ਹੈ। ਲੇਕਿਨ ਮੁੱਖ ਮੰਤਰੀ ਸਣੇ ਬਾਦਲਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਕਿਉਂ ਨਹੀਂ ਦਿੱਤੇ। ਸਗੋਂ ਵਾਰੋ ਵਾਰੀ ਸੱਤਾ ਦਾ ਨਿੱਘ ਮਾਣਿਆ ਹੈ। ਲਿਹਾਜ਼ਾ ਇਨ੍ਹਾਂ ਲੋਕਾਂ ਨੂੰ ਸ੍ਰੀ ਖਹਿਰਾ ਤੋਂ ਅਸਤੀਫ਼ਾ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ।
ਬੀਰਦਵਿੰਦਰ ਸਿੰਘ ਨੇ ਖਹਿਰਾ ਦੇ ਬਚਾਅ ਵਿੱਚ ਅੱਗੇ ਆਉਂਦਿਆਂ ਕਿਹਾ ਕਿ ਸੁਖਪਾਲ ਖਹਿਰਾ ਸਿਰਫ਼ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ ਜਦੋਂ ਕਿ ਮੁੱਖ ਮੰਤਰੀ ਅਤੇ ਬਾਦਲ ਪਰਿਵਾਰ ਦੇ ਖ਼ਿਲਾਫ਼ ਵਿਜੀਲੈਂਸ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤੇ ਪਹਿਲੇ ਚਲਾਨਾਂ ਵਿੱਚ ਉਦੋਂ ਮੁਲਜ਼ਮਾਂ ਦੇ ਖ਼ਿਲਾਫ਼ ਠੋਸ ਸਬੂਤ ਹੋਣ ਦੀ ਗੱਲ ਆਖੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਹੁਕਮਰਾਨਾਂ ਨੇ ਹਮੇਸ਼ਾ ਹੀ ਵਿਜੀਲੈਂਸ ਨੂੰ ਨਿੱਜੀ ਹਥਿਆਰ ਵਜੋਂ ਵਰਤਿਆਂ ਹੈ। ਉਨ੍ਹਾਂ ਕਿਹਾ ਕਿ ਜਦੋਂ ਬਾਦਲਾਂ ਨੂੰ ਬਰੀ ਕੀਤਾ ਤਾਂ ਵਿਜੀਲੈਂਸ ਸਮੇਤ ਕੈਪਟਨ ਨੇ ਚੁੱਪ ਧਾਰ ਲਈ ਸੀ। ਇਸੇ ਤਰ੍ਹਾਂ ਕੈਪਟਨ ਮਾਮਲੇ ਵਿੱਚ ਵੀ ਵਿਜੀਲੈਂਸ ਹੁਣ ਖ਼ੁਦ ਹੀ ਕੇਸ ਖ਼ਤਮ ਕਰਨ ਦੀ ਦੁਹਾਈ ਦੇ ਰਹੀ ਹੈ ਅਤੇ ਵਿਰੋਧੀ ਧਿਰ ਬਾਦਲ ਦਲੀਆਂ ਨੇ ਮੂੰਹ ’ਤੇ ਪੱਟੀ ਬੰਨੀ ਹੋਈ ਹੈ।
(ਬਾਕਸ ਆਈਟਮ)
ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਮੰਗ ਕੀਤੀ ਕਿ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਬਹੁ-ਚਰਚਿਤ 32 ਏਕੜ ਜ਼ਮੀਨ ਘੁਟਾਲੇ ਦੇ ਮਾਮਲੇ ਪੰਜਾਬ ਤੋਂ ਬਾਹਰ ਕਿਸੇ ਅਜਿਹੀ ਏਜੰਸੀ ਤੋਂ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਜਿਹੜੀ ਏਜੰਸੀ ਮੁੱਖ ਮੰਤਰੀ ਨੂੰ ਜਵਾਬਦੇਹ ਨਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿਜੀਲੈਂਸ ਬਿਊਰੋ ਸਿੱਧੇ ਤੌਰ ’ਤੇ ਮੁੱਖ ਮੰਤਰੀ ਅਧੀਨ ਕੰਮ ਕਰਦੀ ਹੈ। ਕਿਉਂਕਿ ਮੁੱਖ ਮੰਤਰੀ ਨੇ ਗ੍ਰਹਿ ਵਿਭਾਗ ਵੀ ਆਪਣੇ ਕੋਲ ਹੀ ਰੱਖਿਆ ਹੈ। ਇਸ ਤਰ੍ਹਾਂ ਵਿਜੀਲੈਂਸ ਚਾਹੁੰਦੇ ਹੋਵੇ ਵੀ ਨਿਰਪੱਖ ਜਾਂਚ ਨਹੀਂ ਕਰ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇ ਤਾਂ ਜੋ ਸੱਚਾਈ ਸਭ ਦੇ ਸਾਹਮਣੇ ਲਿਆਂਦੀ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…