Share on Facebook Share on Twitter Share on Google+ Share on Pinterest Share on Linkedin ਭ੍ਰਿਸ਼ਟਾਚਾਰ ਦਾ ਮਾਮਲਾ: ਜਥੇਦਾਰ ਕੋਲਿਆਂਵਾਲੀ ਮੁਹਾਲੀ ਅਦਾਲਤ ਵਿੱਚ ਪੇਸ਼ ਮੁਹਾਲੀ ਅਦਾਲਤ ਵਿੱਚ ਅੱਗੇ ਤੋਂ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ ਜਥੇਦਾਰ ਕੋਲਿਆਂਵਾਲੀ ਕੇਸ ਦੀ ਸੁਣਵਾਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ: ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਾਦਲ ਪਰਿਵਾਰ ਦੇ ਅਤਿ ਨਜ਼ਦੀਕੀ, ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਸਾਬਕਾ ਮੈਂਬਰ ਅਤੇ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਲਿਮਟਿਡ ਦੇ ਸਾਬਕਾ ਚੇਅਰਮੈਨ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੂੰ ਪਹਿਲਾਂ ਦਿੱਤਾ ਜੁਡੀਸ਼ਲ ਰਿਮਾਂਡ ਖ਼ਤਮ ਹੋਣ ’ਤੇ ਬੁੱਧਵਾਰ ਨੂੰ ਦੁਬਾਰਾ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਅਕਾਲੀ ਜਥੇਦਾਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ 16 ਜਨਵਰੀ ਤੱਕ ਮੁੜ ਨਾਭਾ ਜੇਲ੍ਹ ਭੇਜ ਦਿੱਤਾ। ਅਦਾਲਤ ਨੇ ਭਵਿੱਖ ਵਿੱਚ ਜਥੇਦਾਰ ਕੋਲਿਆਂਵਾਲੀ ਕੇਸ ਦੀ ਸੁਣਵਾਈ ਵੀਡੀਓ ਕਾਨਫਰੰਸ ਰਾਹੀਂ ਕਰਨ ਦੇ ਹੁਕਮ ਵੀ ਜਾਰੀ ਕੀਤੇ ਹਨ। ਇਸ ਤਰ੍ਹਾਂ ਹੁਣ ਜਥੇਦਾਰ ਨੂੰ ਕੇਸ ਦੀ ਸੁਣਵਾਈ ਲਈ ਵਾਰ ਵਾਰ ਮੁਹਾਲੀ ਅਦਾਲਤ ਵਿੱਚ ਨਹੀਂ ਆਉਣਾ ਪਵੇਗਾ। ਉਧਰ, ਪੰਜਾਬ ਪੁਲੀਸ ਅੱਜ ਜਥੇਦਾਰ ਕੋਲਿਆਂਵਾਲੀ ’ਤੇ ਮੇਹਰਬਾਨ ਨਜ਼ਰ ਆਈ। ਮੁਲਜ਼ਮ ਜਥੇਦਾਰ ਨੂੰ ਹੋਰਨਾਂ ਕੈਦੀਆਂ ਵਾਂਗ ਜੇਲ੍ਹ ਵਾਹਨ ਵਿੱਚ ਲਿਆਉਣ ਦੀ ਬਜਾਏ ਮੁਹਾਲੀ ਪੁਲੀਸ ਦੇ ਵਿਸ਼ੇਸ਼ ਵਾਹਨ ਵਿੱਚ ਬਿਠਾ ਕੇ ਅਦਾਲਤ ਤੱਕ ਲਿਆਂਦਾ ਗਿਆ। ਪੁਲੀਸ ਨੂੰ ਇਹ ਵਾਹਨ ਦਿਹਾਤੀ ਖੇਤਰ ਵਿੱਚ ਪੈਟਰੋਲਿੰਗ ਕਰਨ ਲਈ ਮੁਹੱਈਆ ਕਰਵਾਏ ਗਏ ਹਨ ਪ੍ਰੰਤੂ ਅੱਜ ਇਸ ਵਾਹਨ ਨੂੰ ਮੁਲਜ਼ਮ ਨੂੰ ਪੇਸ਼ੀ ’ਤੇ ਲਿਆਉਣ ਲਈ ਵਰਤਿਆ ਗਿਆ। ਪੇਸ਼ੀ ਤੋਂ ਬਾਅਦ ਅਦਾਲਤ ’ਚੋਂ ਬਾਹਰ ਆਉਂਦੇ ਹੋਏ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸਿਰਫ਼ ਏਨਾ ਹੀ ਆਖਿਆ ਕਿ ਉਨ੍ਹਾਂ ਨੂੰ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੱਚਾਈ ਸਭ ਦੇ ਸਾਹਮਣੇ ਆ ਜਾਵੇਗੀ। ਉਨ੍ਹਾਂ ਦੇ ਵਕੀਲ ਨੇ ਅਦਾਲਤੀ ਕਾਰਵਾਈ ਬਾਰੇ ਦੱਸਦਿਆਂ ਕਿਹਾ ਕਿ ਜਥੇਦਾਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਜਥੇਦਾਰ ਕੋਲਿਆਂਵਾਲੀ ਦੇ ਖ਼ਿਲਾਫ਼ ਪਿਛਲੇ ਸਾਲ 1 ਜੁਲਾਈ ਨੂੰ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਵਿਜੀਲੈਂਸ ਅਨੁਸਾਰ ਸਾਲ 2009 ਤੋਂ ਸਾਲ 2014 ਦੇ ਸਮੇਂ ਦੌਰਾਨ ਉਕਤ ਮੁਲਜ਼ਮ ਵੱਲੋਂ ਉਕਤ ਵੱਖ ਵੱਖ ਪ੍ਰਮੁੱਖ ਅਹੁਦਿਆਂ ’ਤੇ ਰਹਿੰਦਿਆਂ ਜਾਇਦਾਦ ਬਣਾਉਣ ਸਬੰਧੀ ਪੜਤਾਲ ਕੀਤੀ ਗਈ ਅਤੇ ਉਸ ਵੱਲੋਂ ਆਪਣੇ ਜਾਣੂ ਵਸੀਲਿਆਂ ਤੋਂ ਪ੍ਰਾਪਤ ਕੁੱਲ ਆਮਦਨ ਨਾਲੋਂ 1.71 ਕਰੋੜ ਰੁਪਏ ਦਾ ਵੱਧ ਖਰਚਾ ਕੀਤਾ ਗਿਆ ਜੋ ਕਿ ਅਸਲ ਆਮਦਨ ਨਾਲੋਂ ਤਕਰੀਬਨ 71 ਫੀਸਦੀ ਵੱਧ ਬਣਦਾ ਹੈ। ਜਥੇਦਾਰ ਦੀ ਪਿੰਡ ਕੋਲਿਆਂਵਾਲੀ ਵਿੱਚ ਕਰੀਬ 6 ਏਕੜ ਰਕਬੇ ਵਿੱਚ ਆਲੀਸ਼ਾਨ ਕੋਠੀ ਬਣੀ ਹੋਈ ਹੈ। ਪਿਛਲੇ ਦਿਨੀਂ ਵਿਜੀਲੈਂਸ ਦੀ ਤਕਨੀਕੀ ਟੀਮ ਤੋਂ ਇਲਾਵਾ ਸਿਵਲ ਪ੍ਰਸ਼ਾਸਨ, ਰੈਵੀਨਿਊ ਅਤੇ ਨਾਪਤੋਲ ਵਿਭਾਗ ਸਮੇਤ ਹੋਰ ਸਬੰਧਤ ਅਦਾਰਿਆਂ ਵੱਲੋਂ ਉਕਤ ਕੋਠੀ ਦੇ ਨਿਰਮਾਣ ’ਤੇ ਆਏ ਖ਼ਰਚੇ, ਖੇਤਰਫਲ ਅਤੇ ਮਟੀਰੀਅਲ ਬਾਰੇ ਜਾਂਚ ਕੀਤੀ ਗਈ ਹੈ। ਇਸ ਸਬੰਧੀ ਮੁਕੰਮਲ ਜਾਂਚ ਰਿਪੋਰਟ ਆਉਣੀ ਅਜੇ ਬਾਕੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ