Nabaz-e-punjab.com

ਕੂੜੇ ਤੋਂ ਜੈਵਿਕ ਖਾਦ ਤਿਆਰ ਕਰਕੇ ਪੈਸਾ ਕਮਾਉਣ ਵਾਲੀ ਪਹਿਲੀ ਕੌਂਸਲ ਬਣੀ ਨਗਰ ਕੌਂਸਲ ਖਰੜ

11 ਨਵੰਬਰ ਤੋਂ ਸ਼ੁਰੂ ਹੋਏ ਪਲਾਂਟ ਵਿੱਚ ਕਰੀਬ ਇੱਕ ਟਨ ਜੈਵਿਕ ਖਾਦ ਤਿਆਰ ਕੀਤੀ ਗਈ: ਡੀਸੀ

ਅਗਲੇ ਵਰ੍ਹੇ ਜਨਵਰੀ ਮਹੀਨੇ ਤੱਕ ਕੰਮ ਸ਼ੁਰੂ ਕਰ ਦੇਣਗੇ ਕੁੱਲ 7 ਵੇਸਟ ਮੈਨੇਜਮੈਂਟ ਪਲਾਂਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਨਵੰਬਰ:
ਅਤਿ-ਆਧੁਨਿਕ ਮਸ਼ੀਨ ਰਾਹੀਂ ਬਾਇਉਡੀਗ੍ਰੇਡੇਬਲ ਕੂੜੇ ਤੋਂ ਰੋਜ਼ਾਨਾ ਜੈਵਿਕ ਖਾਦ ਤਿਆਰ ਕਰਨ ਅਤੇ ਕੂੜੇ ਤੋਂ ਆਮਦਨੀ ਦਾ ਜ਼ਰੀਆ ਪੈਦਾ ਕਰਨ ਵਾਲੀ ਖਰੜ ਨਗਰ ਕੌਂਸਲ ਪੰਜਾਬ ਵਿੱਚ ਸਭ ਤੋਂ ਪਹਿਲੀ ਕੌਂਸਲ ਬਣ ਗਈ ਹੈ। ਸ਼ਹਿਰ ਵਿੱਚੋਂ ਪ੍ਰਾਪਤ ਸਬਜ਼ੀਆਂ-ਫਲਾਂ ਆਦਿ ਦੀ ਰਹਿੰਦ-ਖੂੰਹਦ ਤੋਂ ਮਕੈਨੀਕਲ ਮਸ਼ੀਨ ਰਾਹੀਂ ਤਿਆਰ ਖਾਦ ਦਾ ਭੰਡਾਰ ਬਾਗ਼ਾਂ, ਨਰਸਰੀਆਂ ਅਤੇ ਪਾਰਕਾਂ ਲਈ ਵਿੱਚ ਵਰਤੋਂ ਲਈ ਤਿਆਰ-ਬਰ-ਤਿਆਰ ਹੈ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਖਰੜ ਨਗਰ ਕੌਂਸਲ ਨੇ ਸੋਲਿਡ ਵੇਸਟ ਮਨੈਜਮੈਂਟ ਤਹਿਤ ਅਤਿ-ਆਧੁਨਿਕ ਢੰਗ ਨਾਲ ਸ਼ਹਿਰ ਵਿੱਚ ਡਿਸੈਂਟਰਲਾਈਜ਼ ਢੰਗ ਨਾਲ ਸਿਵਲ ਹਸਪਤਾਲ ਰੋਡ, ਖਰੜ ਨੇੜੇ ਪਾਇਲਟ ਪ੍ਰਾਜੈਕਟ ਅਧੀਨ ਪ੍ਰੋਸੈਸਿੰਗ ਪਲਾਂਟ ਸਥਾਪਤ ਕੀਤਾ ਹੈ, ਜਿਥੇ ਬਾਇਉਡੀਗ੍ਰੇਡੇਬਲ ਕੂੜੇ ਤਂ ਰੋਜ਼ਾਨਾ ਜੈਵਿਕ ਖਾਦ ਤਿਆਰ ਕੀਤੀ ਜਾ ਰਹੀ ਹੈ ਅਤੇ 11 ਨਵੰਬਰ ਤੋਂ ਸ਼ੁਰੂ ਹੋਏ ਇਸ ਪਲਾਂਟ ਵਿੱਚ ਹੁਣ ਤੱਕ ਕਰੀਬ ਇੱਕ ਟਨ ਜੈਵਿਕ ਖਾਦ ਤਿਆਰ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਖਾਦ ਕੌਂਸਲ ਲਈ ਆਮਦਨ ਦਾ ਬਹੁਤ ਵਧੀਆ ਜ਼ਰੀਆ ਸਾਬਤ ਹੋਵੇਗੀ ਕਿਉਂ ਜੋ ਇਸ ਖਾਦ ਨਰਸਰੀਆਂ, ਘਰੇਲੂ ਬਾਗ਼ਾਂ ਅਤੇ ਵੱਡੇ ਖ਼ਰੀਦਦਾਰਾਂ ਨੂੰ ਵੇਚੀ ਜਾਵੇਗੀ ਅਤੇ ਕਈ ਵਿਅਕਤੀਆਂ ਨੇ ਇਹ ਜੈਵਿਕ ਖਾਦ ਖ਼ਰੀਦਣ ਵਿੱਚ ਦਿਲਚਸਪੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ।
ਡੀਸੀ ਨੇ ਦੱਸਿਆ ਕਿ ਨਗਰ ਕੌਂਸਲ ਖਰੜ ਵੱਲੋਂ ਸ਼ਹਿਰ ਵਿੱਚ ਕੂੜੇ ਦੀ ਡਪਿੰਗ ਨੂੰ ਖ਼ਤਮ ਕਰਨ ਲਈ ਭਾਰਤ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ, ਐਨਜੀਟੀ ਦੇ ਹੁਕਮਾਂ ਅਤੇ ਸੋਲਿਡ ਵੇਸਟ ਮੈਨੇੇਜਮੈਂਟ ਨਿਯਮ-2016 ਮੁਤਾਬਕ ਅਤੇ ਸ਼ਹਿਰ ਵਾਸੀਆਂ ਦੇ ਪੂਰੇ ਸਹਿਯੋਗ ਨਾਲ ਸ਼ਹਿਰ ਨੂੰ ਸਾਫ਼ ਅਤੇ ਸਵੱਛ ਬਣਾਉਣ ਲਈ ਅਜਿਹੇ 6 ਹੋਰ ਪਲਾਂਟ ਸਥਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕੁੱਲ 7 ਪਲਾਂਟ ਅਗਲੇ ਵਰ੍ਹੇ ਜਨਵਰੀ ਮਹੀਨੇ ਤੱਕ ਕੰਮ ਅਰੰਭ ਦੇਣਗੇ, ਜਿਨ੍ਹਾਂ ਵਿੱਚੋਂ ਇੱਕ ਪਲਾਂਟ ਵਿੱਚ ਕੰਮ ਸ਼ੁਰੂ ਹੋ ਚੁੱਕਾ ਹੈ। ਪ੍ਰਾਜੈਕਟ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੌਂਸਲ ਦੇ ਕਾਰਜਸਾਧਕ ਅਫ਼ਸਰ ਕੁਲਬੀਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਪਲਾਂਟ ਵਿੱਚ ਤਿਆਰ ਕੀਤੀ ਜੈਵਿਕ ਖਾਦ ਦੀ ਉੱਚ ਅਧਿਕਾਰੀਆਂ, ਨੁਮਾਇੰਦਿਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਨਰਸਰੀਆਂ, ਕਿਸਾਨਾਂ ਅਤੇੇ ਆਮ ਲੋਕਾਂ ਨੇ ਵੀ ਆਪਣੀਆਂ ਜ਼ਮੀਨਾਂ ਵਿੱਚ ਇਸ ਖਾਦ ਦੀ ਵਰਤੋਂ ਦੀ ਦਿਲਚਸਪੀ ਵਿਖਾਈ ਹੈ।
ਉਨ੍ਹਾਂ ਦੱਸਿਆ ਕਿ ਇਸ ਪਲਾਂਟ ਵਿਚਲੀ ਮਸ਼ੀਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਤੋਂ ਰੋਜ਼ਾਨਾ ਚਲਾਇਆ ਜਾ ਰਿਹਾ ਹੈ ਅਤੇ ਮਸ਼ੀਨ ਸ਼ਹਿਰ ਦੇ ਗਿੱਲੇ ਕੂੜੇ ਤੋਂ ਖਾਦ ਤਿਆਰ ਕਰਨ ਦਾ ਕਾਰਗਰ ਢੰਗ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਮਕੈਨੀਕਲ ਮਸ਼ੀਨ ਰਾਹੀਂ ਰੋਜ਼ਾਨਾ ਤਿੰਨ ਕੁਇੰਟਲ ਸਬਜ਼ੀਆਂ ਤੇ ਫਲਾਂ ਆਦਿ ਦੀ ਰਹਿੰਦ-ਖੂੰਹਦ ਨੂੰ ਪ੍ਰੋਸੈਸ ਕੀਤਾ ਜਾ ਸਕਦਾ ਹੈ ਜਿਸ ਵਿੱਚੋਂ ਕਰੀਬ 2 ਕੁਇੰਟਲ ਜੈਵਿਕ ਖਾਦ ਬਣਦੀ ਹੈ। ਸ੍ਰੀ ਬਰਾੜ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਅੱਗੇ ਤੋਰਦਿਆਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਤਰ੍ਹਾਂ ਦੀਆਂ ਮਸ਼ੀਨਾਂ ਸਥਾਪਤ ਕਰਕੇ ਸ਼ਹਿਰ ਵਾਸੀਆਂ ਨੂੰ ਕੂੜੇ ਤੋਂ ਨਿਜਾਤ ਦਿਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੇ ਪਾਰਕਾਂ ਜਾਂ ਜ਼ਮੀਨ ਵਿੱਚ ਉਪਯੋਗ ਲਈ ਕੌਂਸਲ ਵੱਲੋਂ ਤਿਆਰ ਕੀਤੀ ਜੈਵਿਕ ਖਾਦ ਕੌਂਸਲ ਦੇ ਮਿਊਂਸੀਪਲ ਪਾਰਕ ਸਾਹਮਣੇ ਬਣੇ ਸ਼ੈੱਡ ਤੋਂ ਪ੍ਰਾਪਤ ਕਰ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …