
ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਵੱਲੋਂ 3 ਰੋਜ਼ਾ ਪੈਨ ਡਾਊਨ, ਟੂਲ ਡਾਊਨ ਹੜਤਾਲ ਸ਼ੁਰੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਗਸਤ:
ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਪੰਜਾਬ ਦੇ ਸੱਦੇ ’ਤੇ ਕੌਂਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਮੁਹਾਲੀ ਦੇ ਵੱਖ-ਵੱਖ ਵਿਭਾਗਾਂ, ਬੋਰਡ, ਕਾਰਪੋਰੇਸ਼ਨਾਂ ਅਤੇ ਹੋਰਨਾਂ ਸਰਕਾਰੀ ਅਦਾਰਿਆਂ ਵਿੱਚ ਸੇਵਾਵਾਂ ਨਿਭਾ ਰਹੇ ਇੰਜੀਨੀਅਰ ਅੱਜ ਤਿੰਨ ਦਿਨਾਂ ਪੈਨ ਡਾਊਨ-ਟੂਲ ਡਾਊਨ ਹੜਤਾਲ ’ਤੇ ਚਲੇ ਗਏ ਹਨ। ਇੰਜੀਨੀਅਰਾਂ ਨੇ ਸਰਕਾਰ ਖ਼ਿਲਾਫ਼ ਧਰਨਾ ਵੀ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੇ ਪ੍ਰਧਾਨ ਇੰਜੀਨੀਅਰ ਦੀਪਾਸ ਗੁਪਤਾ ਨੇ ਦੱਸਿਆ ਕਿ ਇਹ ਹੜਤਾਲ ਛੇਵੇਂ ਤਨਖ਼ਾਹ-ਕਮਿਸ਼ਨ ਦੀ ਰਿਪੋਰਟ ਦੀਆਂ ਤਰੁੱਟੀਆਂ ਨੂੰ ਦੂਰ ਕਰਵਾਉਣ, ਇੰਜੀਨੀਅਰ ਕਾਡਰ ਨੂੰ ਫੀਲਡ ਵਿੱਚ ਕੰਮ ਕਰਨ ਲਈ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ (30 ਲੀਟਰ ਪੈਟਰੋਲ) ਵਿੱਚ ਕੀਤੀ ਕਟੌਤੀ ਨੂੰ ਵਾਪਸ ਲੈਂਦੇ ਹੋਏ ਤੇਲ ਦਾ ਕੋਟਾ 30 ਲੀਟਰ ਤੋਂ ਵਧਾ ਕੇ 80 ਲੀਟਰ ਕਰਵਾਉਣਾ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਪੰਜਾਬ ਵਿੱਚ ਚੰਡੀਗੜ੍ਹ ਦੀ ਤਰਜ਼ ’ਤੇ ਜੇਈ, ਏਈ ਤੋਂ ਉਪ ਮੰਡਲ ਇੰਜੀਨੀਅਰ ਦੀ ਤਰੱਕੀ ਲਈ ਕੋਟਾ 50 ਫੀਸਦੀ ਤੋਂ ਵਧਾ ਕੇ 75 ਫੀਸਦੀ ਕਰਨ ਅਤੇ ਵੱਖ-ਵੱਖ ਵਿਭਾਗਾਂ, ਬੋਰਡਾਂ, ਕਾਰਪੋਰੇਸ਼ਨਾਂ ਵਿੱਚ ਇੰਜੀਨੀਅਰਾਂ ਦੀ ਆਊਟਸੋਰਸ ਰਾਹੀਂ ਭਾਰਤੀ ਅਤੇ ਸੇਵਾਮੁਕਤ ਅਧਿਕਾਰੀਆਂ ਦੀ ਰੀਇੰਪਲਾਇਮੈਂਟ ਨੂੰ ਰੱਦ ਕਰਵਾਉਣ ਲਈ ਕੀਤੀ ਗਈ ਹੈ।
ਧਰਨੇ ਵਿੱਚ ਪਦ ਉੱਨਤ ਹੋਏ ਉਪ ਮੰਡਲ ਇੰਜੀਨੀਅਰ, ਅੰਮ੍ਰਿਤਪਾਲ ਸਿੰਘ, ਲਾਲ ਚੰਦ, ਮਨਜੀਤ ਸਿੰਘ, ਚੇਤਨਪਾਲ, ਸਮੁੰਦਰ ਗੁਪਤਾ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਚੰਡੀਗੜ੍ਹ ਜ਼ੋਨ ਤੋਂ ਅੰਮ੍ਰਿਤਬੀਰ ਸਿੰਘ, ਯਾਦਵਿੰਦਰ ਸਿੰਘ, ਜਤਿਨ ਢੀਂਗਰਾ, ਜਸਪ੍ਰੀਤ ਸਿੰਘ, ਪੁਨੀਤ ਸ਼ਰਮਾ, ਆਦਰਸ਼ਪਾਲ, ਜਸਵਿੰਦਰ ਸਿੰਘ ਵੀ ਹਾਜ਼ਰ ਸਨ। ਸਮੂਹ ਮੈਂਬਰਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਜਥੇਬੰਦੀ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।