
ਕੌਂਸਲਰ ਬਲਜੀਤ ਕੌਰ ਨੇ ਸਕੂਲ, ਮੰਦਰ ਅਤੇ ਗੁਰਦੁਆਰਾ ਸਾਹਿਬ ਨੂੰ ਕੀਤਾ ਸੈਨੇਟਾਈਜ਼
ਸਿਹਤ ਮੰਤਰੀ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੇਅਰ ਜੀਤੀ ਸਿੱਧੂ ਦੀ ਅਗਵਾਈ ਹੇਠ ਚੱਲ ਰਹੀ ਸੈਨੇਟਾਈਜੇਸ਼ਨ: ਬਲਜੀਤ ਕੌਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਈ:
ਦੇਸ਼ ਵਿਆਪੀ ਮਹਾਂਮਾਰੀ ਕੋਵਿਡ-19 ਦੇ ਮੁਹਾਲੀ ਵਿੱਚ ਵਧ ਰਹੇ ਫੈਲਾਅ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ ਨਗਰ ਨਿਗਮ ਵੱਲੋਂ ਕਰੋਨਾ ਪ੍ਰਭਾਵਿਤ ਖੇਤਰਾਂ ਨੂੰ ਸੈਨੇਟਾਈਜ ਕਰਨ ਲਈ ਚਲਾਈ ਗਈ ਸੈਨੇਟਾਈਜੇਸ਼ਨ ਮੁਹਿੰਮ ਤਹਿਤ ਅੱਜ ਵਾਰਡ ਨੰਬਰ-7 (ਫੇਜ਼-5) ਤੋਂ ਕਾਂਗਰਸੀ ਕੌਂਸਲਰ ਬੀਬੀ ਬਲਜੀਤ ਕੌਰ ਦੇ ਖੇਤਰ ਵਿੱਚ ਸੈਨੇਟਾਈਜੇਸ਼ਨ ਕਰਵਾਈ ਗਈ। ਕੌਂਸਲਰ ਬਲਜੀਤ ਕੌਰ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਸਦਕਾ ਅਤੇ ਨਗਰ ਨਿਗਮ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਯੋਗ ਅਗਵਾਈ ਹੇਠ ਸ਼ਹਿਰ ਵਿੱਚ ਸੈਨੇਟਾਈਜੇਸ਼ਨ ਕਰਵਾਈ ਜਾ ਰਹੀ ਹੈ। ਇਸੇ ਦੇ ਚਲਦਿਆਂ ਅੱਜ ਉਨ੍ਹਾਂ ਦੇ ਵਾਰਡ ਨੰਬਰ-7 (ਫੇਜ਼-5) ਸਥਿਤ ਸਰਕਾਰੀ ਹਾਈ ਸਕੂਲ, ਗੁਰਦੁਆਰਾ ਸਾਹਿਬਵਾੜਾ ਸਾਹਿਬ ਅਤੇ ਸ੍ਰੀ ਹਰੀ ਮੰਦਰ ਵਿਖੇ ਸੈਨੇਟਾਈਜੇਸਸ਼ਨ ਕਰਵਾਈ ਗਈ। ਉਨ੍ਹਾਂ ਨੇ ਨਗਰ ਨਿਗਮ ਵੱਲੋਂ ਭੇਜੀ ਗਈ ਟੀਮ ਦੇ ਖ਼ੁਦ ਨਾਲ ਹੋ ਕੇ ਇਨ੍ਹਾਂ ਥਾਵਾਂ ਨੂੰ ਸੈਨੇਟਾਈਜ਼ ਕਰਵਾਇਆ। ਇਸ ਦੇ ਨਾਲ ਹੀ ਫੇਜ਼ 5 ਵਿੱਚ ਕਰੋਨਾ ਪੀੜਤ ਮਰੀਜ਼ਾਂ ਦੇ ਘਰਾਂ ਦੇ ਅੰਦਰ-ਬਾਹਰ ਵੀ ਸੈਨੇਟਾਈਜੇਸ਼ਨ ਕਰਵਾਈ ਗਈ ਤਾਂ ਜੋ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਰੋਨਾ ਪੀੜਤ ਮਰੀਜ਼ਾਂ ਨੂੰ ਸਿਹਤ ਵਿਭਾਗ ਵੱਲੋਂ ਭੇਜੀਆਂ ਗਈਆਂ ‘ਕਰੋਨਾ ਫਤਿਹ ਕਿੱਟਾਂ’ ਵੀ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਖ਼ੁਦ ਆਪਣੇ ਅਤੇ ਆਸ-ਪਾਸ ਦੇ ਵਸਨੀਕਾਂ ਦੇ ਬਚਾਅ ਰੱਖਣ ਲਈ ਵੀ ਕਿਹਾ ਗਿਆ।
ਕੌਂਸਲਰ ਬਲਜੀਤ ਕੌਰ ਨੇ ਮੀਡੀਆ ਰਾਹੀਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਨਿਗਮ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ ਜਿਨ੍ਹਾਂ ਦੀ ਯੋਗ ਅਗਵਾਈ ਹੇਠ ਲੋਕਾਂ ਨੂੰ ਮਹਾਮਾਰੀ ਤੋਂ ਬਚਾਉਣ ਦੇ ਉਪਰਾਲੇ ਲਗਾਤਾਰ ਜਾਰੀ ਹਨ। ਉਨ੍ਹਾਂ ਨੇ ਆਪਣੇ ਵਾਰਡ ਦੇ ਵਸਨੀਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਸਾਰੇ ਕਰੋਨਾ ਮਹਾਮਾਰੀ ਤੋਂ ਬਚਾਅ ਦੇ ਲਈ ਮਾਸਕ ਪਹਿਨਣ, ਸਰੀਰਕ ਦੂਰੀ ਬਣਾ ਕੇ ਰੱਖਣ, ਵਾਰ-ਵਾਰ ਹੱਥ ਧੋਂਦੇ ਰਹਿਣ ਅਤੇ ਬਿਨਾਂ ਕਿਸੇ ਜ਼ਰੂਰੀ ਕੰਮ ਕਾਜ ਤੋਂ ਬਾਹਰ ਨਾ ਨਿਕਲਣ ਸਬੰਧੀ ਸਰਕਾਰੀ ਨਿਯਮਾਂ ਦੀ ਪਾਲਣਾ ਵੀ ਜ਼ਰੂਰ ਕਰਨ।