ਕੌਂਸਲਰ ਬਲਜੀਤ ਕੌਰ ਦੇ ਵਾਰਡ ਵਿੱਚ ਮੇਅਰ ਜੀਤੀ ਸਿੱਧੂ ਨੇ ਰੱਖਿਆ ਦੋ ਜਿੰਮਾਂ ਦਾ ਨੀਂਹ ਪੱਥਰ

ਬਲਬੀਰ ਸਿੱਧੂ ਅਤੇ ਜੀਤੀ ਸਿੱਧੂ ਦੀ ਦੂਰਅੰਦੇਸ਼ੀ ਸੋਚ ਸਦਕਾ ਸ਼ਹਿਰ ਵਿਕਾਸ ਦੇ ਰਾਹ ’ਤੇ: ਬਲਜੀਤ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਦੂਰਅੰਦੇਸ਼ੀ ਸੋਚ ਸਦਕਾ ਮੁਹਾਲੀ ਸ਼ਹਿਰ ਹਰ ਪੱਖੋਂ ਵਿਕਾਸ ਦੀ ਰਾਹ ’ਤੇ ਚੱਲ ਰਿਹਾ ਹੈ ਅਤੇ ਉਹ ਖ਼ੁਦ ਨਿਜੀ ਦਿਲਚਸਪੀ ਲੈ ਕੇ ਸ਼ਹਿਰ ਦੇ ਹਰੇਕ ਵਾਰਡ ਦਾ ਧਿਆਨ ਰੱਖ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੋਂ ਦੇ ਵਾਰਡ ਨੰਬਰ-7 ਤੋਂ ਕਾਂਗਰਸੀ ਕੌਂਸਲਰ ਬੀਬੀ ਬਲਜੀਤ ਕੌਰ ਨੇ ਆਪਣੇ ਵਾਰਡ ਵਿੱਚ ਮੇਅਰ ਜੀਤੀ ਸਿੱਧੂ ਵੱਲੋਂ ਦੋ ਓਪਨ ਏਅਰ ਜਿੰਮ ਲਗਾਉਣ ਦਾ ਕੰਮ ਸ਼ੁਰੂ ਕਰਵਾਏ ਜਾਣ ਮੌਕੇ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਬਲਜੀਤ ਕੌਰ ਨੇ ਦੱਸਿਆ ਕਿ ਇੱਕ ਜਿੰਮ ਸਾਢੇ 7 ਮਰਲਾ ਕੋਠੀਆਂ ਵਾਲੇ ਪਾਰਕ ਵਿੱਚ ਜਦਕਿ ਦੂਜਾ ਜਿੰਮ ਦਸ ਮਰਲਾ ਕੋਠੀਆਂ ਵਾਲੇ ਪਾਰਕ ਵਿੱਚ ਲਗਾਇਆ ਜਾਣਾ ਹੈ ਅਤੇ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਇੱਥੇ ਓਪਨ ਏਅਰ ਜਿੰਮ ਸਥਾਪਿਤ ਕਰਕੇ ਚਾਲੂ ਕਰਵਾ ਦਿੱਤੇ ਜਾਣਗੇ।
ਇਨ੍ਹਾਂ ਜਿੰਮਾਂ ਦੇ ਸ਼ੁਰੂ ਹੋਣ ਨਾਲ ਖੁੱਲ੍ਹੇ ਅਸਮਾਨ ਹੇਠ ਸਾਫ਼ ਸੁਥਰੇ ਵਾਤਾਵਰਨ ਵਿੱਚ ਕੋਈ ਵੀ ਵਿਅਕਤੀ ਆ ਕੇ ਕਸਰਤ ਆਦਿ ਕਰ ਸਕਦਾ ਹੈ ਅਤੇ ਖ਼ੁਦ ਨੂੰ ਫਿੱਟ ਰੱਖ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਜਿੰਮ ਲੱਗਣ ਨਾਲ ਵਾਰਡ ਵਾਸੀਆਂ ਦੀ ਕਾਫ਼ੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋਈ ਹੈ। ਕੌਂਸਲਰ ਬਲਜੀਤ ਕੌਰ ਵੱਲੋਂ ਜਿੰਮਾਂ ਦਾ ਉਦਘਾਟਨ ਕਰਨ ਲਈ ਪਹੁੰਚਣ ਵਾਲੇ ਮੇਅਰ ਜੀਤੀ ਸਿੱਧੂ ਦੀ ਆਮਦ ਨੂੰ ਲੈ ਕੇ ਪਾਰਕ ਵਿੱਚ ਪੂਰੀ ਤਰ੍ਹਾਂ ਸਜਾਵਟ ਕੀਤੀ ਗਈ ਸੀ ਅਤੇ ਵਧੀਆ ਸਜਾਵਟੀ ਮਾਹੌਲ ਵਿੱਚ ਮੇਅਰ ਵੱਲੋਂ ਕਹੀ ਦਾ ਟੱਕ ਲਗਾ ਕੇ ਕੰਮ ਦੀ ਸ਼ੁਰੂਆਤ ਕਰਵਾਉਣ ਦਾ ਮੁੱਢ ਰੱਖਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਮੌਜੂਦ ਸਨ।
ਬੀਬੀ ਬਲਜੀਤ ਕੌਰ ਨੇ ਕਿਹਾ ਕਿ ਸ਼ਹਿਰ ਦੇ ਹਰ ਪੱਖੋਂ ਚੱਲ ਰਹੇ ਵਿਕਾਸ ਕਾਰਜਾਂ ਅਤੇ ਸਿਹਤ ਸਹੂਲਤਾਂ ਪੱਖੋਂ ਸ਼ਹਿਰ ਦੇ ਲੋਕ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਤਹਿ ਦਿਲੋਂ ਧੰਨਵਾਦੀ ਹਨ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…