ਕੌਂਸਲਰਾਂ ਨੇ ਵਿੱਤ ਤੇ ਠੇਕਾ ਕਮੇਟੀ ਦੀ ਚੋਣ ਕਰਨ ਦੇ ਸਾਰੇ ਅਧਿਕਾਰ ਮੇਅਰ ਜੀਤੀ ਸਿੱਧੂ ਨੂੰ ਦਿੱਤੇ

ਮੁਹਾਲੀ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਨੂੰ 1 ਕਰੋੜ ਦੇ ਕੰਮ ਪਾਸ ਕਰਨ ਦੀ ਮਨਜ਼ੂਰੀ ਦਿੱਤੀ

ਨਗਰ ਨਿਗਮ ਦੀ ਮੀਟਿੰਗ: ਕੌਂਸਲਰਾਂ ਨੂੰ ਆਪਣੇ ਵਾਰਡ ਦੇ ਵਿਕਾਸ ਲਈ 10 ਲੱਖ ਰੁਪਏ ਖ਼ਰਚਣ ਦਾ ਮਿਲਿਆ ਅਧਿਕਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਅੱਜ ਇੱਥੇ ਨਗਰ ਨਿਗਮ ਦੀ ਪਲੇਠੀ ਮੀਟਿੰਗ ਹੋਈ। ਜਿਸ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ ਹਨ। ਮੀਟਿੰਗ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਸ਼ਾਮਲ ਹੋਏ। ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਨੂੰ ਇਕ ਵਿਕਾਸ ਕੰਮ ’ਤੇ ਇੱਕ ਕਰੋੜ ਖ਼ਰਚਣ ਦਾ ਮਤਾ ਪਾਸ ਕਰਨ ਅਧਿਕਾਰ ਦਿੱਤੇ ਗਏ। ਜਦੋਂਕਿ ਇਸ ਤੋਂ ਪਹਿਲਾਂ ਸਿਰਫ਼ 25 ਲੱਖ ਰੁਪਏ ਸੀ। ਮੀਟਿੰਗ ਵਿੱਚ ਹਾਈ ਪਾਵਰ ਵਿੱਤ ਤੇ ਠੇਕਾ ਕਮੇਟੀ ਦੇ ਮੈਂਬਰਾਂ ਦੀ ਚੋਣ ਕਰਨ ਦੇ ਸਾਰੇ ਅਧਿਕਾਰ ਨਵੇਂ ਮੇਅਰ ਜੀਤੀ ਸਿੱਧੂ ਨੂੰ ਸੌਂਪੇ ਗਏ।
ਮੀਟਿੰਗ ਵਿੱਚ ਇੱਕ ਹੋਰ ਅਹਿਮ ਫੈਸਲਾ ਲੈਂਦਿਆਂ ਹਾਊਸ ਨੇ ਕੌਂਸਲਰਾਂ ਨੂੰ ਆਪਣੇ ਵਾਰਡ ਵਿੱਚ ਆਪਣੀ ਮਨਮਰਜ਼ੀ ਮੁਤਾਬਕ 10 ਲੱਖ ਰੁਪਏ ਸਾਲਾਨਾ ਖਰਚੇ ਦੇ ਅਧਿਕਾਰ ਦਿੱਤੇ ਗਏ ਅਤੇ ਨਾਲ ਹੀ ਕਮਿਸ਼ਨਰ ਡਾ. ਕਮਲ ਗਰਗ ਨੂੰ ਐਮਰਜੈਂਸੀ ਖ਼ਰਚਿਆਂ ਲਈ 25 ਹਜ਼ਾਰ ਦੀ ਹੱਦ ਨੂੰ ਵਧਾ ਕੇ ਦੋ ਲੱਖ ਰੁਪਏ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿੱਚ ਹੀ ਕਾਬਜ਼ ਧਿਰ ਦੇ ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਵਿੱਤ ਅਤੇ ਠੇਕਾ ਕਮੇਟੀ ਦੇ ਮੈਂਬਰਾਂ ਦੀ ਚੋਣ ਦੇ ਅਧਿਕਾਰ ਮੇਅਰ ਨੂੰ ਦਿੱਤੇ ਗਏ। ਇਸ ਮੌਕੇ ਆਜ਼ਾਦ ਗਰੁੱਪ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਵਿੱਤ ਤੇ ਠੇਕਾ ਕਮੇਟੀ ਵਿੱਚ ਵਿਰੋਧੀ ਧਿਰ ਦੇ ਕੌਂਸਲਰ ਨੂੰ ਵੀ ਸ਼ਾਮਲ ਕੀਤਾ ਜਾਵੇ ਪ੍ਰੰਤੂ ਹਾਊਸ ਨੇ ਉਨ੍ਹਾਂ ਦੀ ਗੱਲ ਨੂੰ ਅਣਗੌਲਿਆ ਕਰਕੇ ਇਹ ਮਤਾ ਬਹੁਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਮੀਟਿੰਗ ਦੌਰਾਨ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਨਿਗਮ ਕਮਿਸ਼ਨਰ ਕੋਲ ਐਮਰਜੈਂਸੀ ਦੌਰਾਨ 25 ਹਜ਼ਾਰ ਰੁਪਏ ਖ਼ਰਚ ਕਰਨ ਦੇ ਅਧਿਕਾਰ ਨੂੰ ਵਧਾ ਕੇ ਦੋ ਲੱਖ ਰੁਪਏ ਕਰਨ ਦੀ ਤਜਵੀਜ ਪੇਸ਼ ਕੀਤੀ ਗਈ। ਜਿਸ ਨੂੰ ਸਾਰੇ ਕੌਂਸਲਰਾਂ ਨੇ ਹੱਥ ਖੜ੍ਹੇ ਕਰਕੇ ਪਾਸ ਕਰ ਦਿੱਤਾ। ਬਲਜੀਤ ਕੌਰ ਨੇ ਮੰਗ ਕੀਤੀ ਕਿ ਸਾਰੇ ਕੌਂਸਲਰਾਂ ਨੂੰ ਆਪੋ ਆਪਣੇ ਵਾਰਡ ਵਿੱਚ ਆਪਣੇ ਹਿਸਾਬ ਨਾਲ 10 ਲੱਖ ਰੁਪਏ ਖ਼ਰਚ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਹਾਊਸ ਨੇ ਮਹਿਲਾ ਕੌਂਸਲਰ ਦੀ ਇਸ ਜਾਇਜ਼ ਮੰਗ ਨੂੰ ਮੰਨਦਿਆਂ ਪ੍ਰਵਾਨ ਕਰ ਲਿਆ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਇਸੇ ਹਫ਼ਤੇ ਵਿੱਤ ਤੇ ਠੇਕਾ ਕਮੇਟੀ ਦਾ ਗਠਨ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਬਿਨਾਂ ਪੱਖਪਾਤ ਤੋਂ ਵਿਕਾਸ ਨੂੰ ਤਰਜੀਹ ਦਿੱਤੀ ਜਾਵੇਗੀ। ਬਰਸਾਤੀ ਪਾਣੀ ਕਾਰਨ ਹੁੰਦੇ ਨੁਕਸਾਨ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਠੋਸ ਕਦਮ ਚੁੱਕੇ ਜਾਣਗੇ। ਫੇਜ਼-5 ਦੇ ਵਸਨੀਕਾਂ ਨੂੰ ਬਰਸਾਤੀ ਪਾਣੀ ਦੀ ਮਾਰ ਤੋਂ ਬਚਾਉਣ ਲਈ ਖੁੱਲ੍ਹਾ ਨਿਕਾਸੀ ਨਾਲਾ ਬਣਾਇਆ ਜਾਵੇਗਾ ਅਤੇ ਇਸ ਪਾਣੀ ਨੂੰ ਬਲੌਂਗੀ ਦੇ ਗੰਦੇ ਨਾਲੇ ਵਿੱਚ ਸੁੱਟਿਆ ਜਾਵੇਗਾ।
ਲਾਵਾਰਿਸ ਪਸ਼ੂਆਂ ਦੀ ਸਮੱਸਿਆ ਬਾਰੇ ਮੇਅਰ ਨੇ ਕਿਹਾ ਕਿ ਬਲੌਂਗੀ ਵਿੱਚ ਗਊਸ਼ਾਲਾ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿੱਥੇ 5 ਹਜ਼ਾਰ ਪਸ਼ੂਆਂ ਨੂੰ ਫੜ ਕੇ ਰੱਖਿਆ ਜਾਵੇਗਾ। ਇੰਜ ਹੀ ਬਾਵਾ ਵਾਈਟ ਹਾਊਸ ਤੋਂ ਬਲੌਂਗੀ ਤੱਕ ਸੜਕ ਦੀ ਮੁੜ ਉਸਾਰੀ ਲਈ ਟੈਂਡਰ ਹੋ ਗਏ ਹਨ ਡੇਢ ਮਹੀਨੇ ਤੱਕ ਸੜਕ ਬਣਾ ਦਿੱਤੀ ਜਾਵੇਗੀ।
(ਬਾਕਸ ਆਈਟਮ)
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੈਕਟਰ-78 ਦੇ ਖੇਡ ਸਟੇਡੀਅਮ ਨੇੜੇ ਖਾਲੀ ਜ਼ਮੀਨ ਵਿੱਚ ਮੁਹਾਲੀ ਵਾਸੀਆਂ ਦੀ ਆਵਾਜਾਈ ਸਹੂਲਤ ਲਈ ਨਵਾਂ ਬੱਸ ਅੱਡਾ ਬਣਾਇਆ ਜਾਵੇਗਾ। ਇਸ ਸਬੰਧੀ ਪ੍ਰਾਜੈਕਟ ਰਿਪੋਰਟ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਪ੍ਰਵਾਨਗੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦਾ ਏਸੀ ਬੱਸ ਅੱਡਾ ਸ਼ਹਿਰੀ ਆਬਾਦੀ ਤੋਂ ਕਾਫੀ ਦੂਰ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਦਿੱਕਤਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
(ਬਾਕਸ ਆਈਟਮ)
ਆਜ਼ਾਦ ਕੌਂਸਲਰ ਗੁਰਪ੍ਰੀਤ ਕੌਰ ਬੈਦਵਾਨ ਨੇ ਅੌਰਤਾਂ ਦੇ ਹੱਕਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਜਦੋਂ ਸਰਕਾਰ ਵੱਲੋਂ ਅੌਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦਾ ਲਾਭ ਦਿੱਤਾ ਗਿਆ ਹੈ ਅਤੇ ਹਾਊਸ ਵਿੱਚ ਪੁਰਸ਼ਾਂ ਨਾਲੋਂ ਅੌਰਤਾਂ ਦੀ ਗਿਣਤੀ ਵੱਧ ਹੈ ਤਾਂ ਫਿਰ ਮੇਅਰ, ਸੀਨੀਅਰ ਡਿਪਟੀ ਮੇਅਰ ਜਾਂ ਡਿਪਟੀ ਮੇਅਰ ਦੀ ਚੋਣ ਸਮੇਂ ਅੌਰਤਾਂ ਨੂੰ ਕਿਉਂ ਅਣਗੌਲਿਆ ਕੀਤਾ ਗਿਆ। ਕਿਸੇ ਮਹਿਲਾ ਕੌਂਸਲਰ ਇਨ੍ਹਾਂ ਤਿੰਨਾਂ ’ਚੋਂ ਕੋਈ ਇਕ ਅਹੁਦਾ ਦਿੱਤਾ ਜਾਣਾ ਚਾਹੀਦਾ ਸੀ ਪਰ ਕਾਬਜ਼ ਧਿਰ ਨੇ ਉਨ੍ਹਾਂ ਦੀ ਇਸ ਗੱਲ ਅਣਦੇਖਿਆ ਕਰ ਦਿੱਤਾ।

Load More Related Articles

Check Also

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ ਨਬਜ਼-ਏ-ਪੰਜਾਬ, ਮੁਹਾਲ…