nabaz-e-punjab.com

ਘਰ-ਘਰ ਰੋਜ਼ਗਾਰ: ਮਾਰਚ ਵਿੱਚ 311 ਉਮੀਦਵਾਰਾਂ ਦੀ ਵਿਦੇਸ਼ ਵਿੱਚ ਪੜ੍ਹਾਈ ਤੇ ਨੌਕਰੀ ਲਈ ਕੀਤੀ ਕੌਂਸਲਿੰਗ

ਡਿਜੀਟਲ ਪਲੇਟਫਾਰਮ ਉੱਤੇ 31 ਮਾਰਚ ਤੱਕ 11,85,774 ਨੌਕਰੀ ਦੇ ਚਾਹਵਾਨ ਅਤੇ 9730 ਨੌਕਰੀ ਪ੍ਰਦਾਨਕਰਤਾ ਹੋਏ ਰਜਿਸਟਰ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਮਈ:
ਪੰਜਾਬ ਸਰਕਾਰ ਦੇ ਬੇਹੱਦ ਮਹੱਤਵਪੂਰਨ ਉਪਰਾਲੇ ‘ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਤਹਿਤ ਕੁੱਲ 311 ਉਮੀਦਵਾਰਾਂ ਦੀ ਕੌਂਸਲਿੰਗ ਕੀਤੀ ਗਈ ਜਿਹਨਾਂ ਵਿੱਚੋਂ 187 ਉਮੀਦਵਾਰਾਂ ਨੂੰ ਕੈਨੇਡਾ, ਆਸਟਰੇਲੀਆ ਅਤੇ ਯੂ.ਕੇ ਵਿੱਚ ਪੜ੍ਹਾਈ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ ਜਦੋਂ ਕਿ 124 ਉਮੀਦਵਾਰਾਂ ਨੂੰ ਵੱਖੋਂ-ਵੱਖ ਦੇਸ਼ਾਂ ਵਿੱਚ ਨੌਕਰੀਆਂ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਹ 311 ਉਮੀਦਵਾਰ ਸੂਬੇ ਦੇ 21 ਜ਼ਿਲ੍ਹਿਆਂ ਵਿੱਚੋਂ ਚੁਣੇ ਗਏ ਸਨ।
ਇਹ ਜਾਣਕਾਰੀ ਰੋਜ਼ਗਾਰ ਉੱਤਪਤੀ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਰਾਹੁਲ ਤਿਵਾੜੀ ਨੇ ਦਿੰਦੇ ਹੋਏ ਦੱਸਿਆ ਕਿ 1 ਤੋਂ 31 ਮਾਰਚ, 2021 ਤੱਕ ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੇ ਮੋਹਾਲੀ ਸਥਿਤ ਦਫ਼ਤਰ ਵਿਖੇ ਵਿਦੇਸ਼ਾਂ ‘ਚ ਪੜ੍ਹਾਈ ਅਤੇ ਨੌਕਰੀ ਦੀ ਕੌਂਸਲਿੰਗ ਸਬੰਧੀ ਪਹਿਲਾ ਦੌਰ ਚੱਲਿਆ ਜਿਸ ਵਿੱਚ ਸੂਬੇ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਅਤੇ ਉੱਥੇ ਨੌਕਰੀ ਕਰਨ ਦੇ ਮੌਕਿਆਂ ਸਬੰਧੀ ਆਪਣੇ ਸੁਪਨੇ ਪੂਰੇ ਕਰਨ ਲਈ ਵਿਸਥਾਰਤ ਜਾਣਕਾਰੀ ਦਿੱਤੀ ਗਈ। ਉਹਨਾਂ ਅੱਗੇ ਦੱਸਿਆ ਕਿ ਕੌਂਸਲਿੰਗ ਦੀ ਪ੍ਰਕਿਰਿਆ ਸਮੂਹਿਕ ਅਤੇ ਨਿੱਜੀ ਦੋਵਾਂ ਪ੍ਰਕਾਰ ਨਾਲ ਨੇਪਰੇ ਚਾੜੀ ਗਈ ਅਤੇ ਉਮੀਦਵਾਰਾਂ ਦੇ ਨਾਲ ਉਹਨਾਂ ਦੇ ਸਬੰਧਤ ਜ਼ਿਲ੍ਹਿਆਂ ਦੇ ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮਤਾ ਬਿਊਰੋ ਦੇ ਅਧਿਕਾਰੀ ਵੀ ਮੌਜੂਦ ਸਨ।
ਡਿਜੀਟਲ ਪਹੁੰਚ ਅਪਣਾਏ ਜਾਣ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਰਾਹੁਲ ਤਿਵਾੜੀ ਨੇ ਦੱਸਿਆ ਕਿ ਇਹ ਡਿਜੀਟਲ ਪ੍ਰਕਿਰਿਆ ਜਨਵਰੀ, 2020 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ 31 ਮਾਰਚ, 2021 ਤੱਕ 11,85,774 ਨੌਕਰੀ ਦੇ ਚਾਹਵਾਨ ਅਤੇ 9730 ਨੌਕਰੀ ਪ੍ਰਦਾਨਕਰਤਾ ਡਿਜੀਟਲ ਪਲੇਟਫਾਰਮ ਉੱਤੇ ਰਜਿਸਟਰ ਹੋ ਚੁੱਕੇ ਹਨ। ਉਹਨਾਂ ਅੱਗੇ ਦੱਸਿਆ ਕਿ www.pgrkam.com ਪੋਰਟਲ ਉੱਤੇ ਸਿਰਫ਼ ਮਾਰਚ, 2021 ਵਿੱਚ ਹੀ 30,238 ਨੌਕਰੀ ਦੇ ਚਾਹਵਾਨ ਅਤੇ 459 ਨੌਕਰੀ ਪ੍ਰਦਾਨਕਰਤਾ ਰਜਿਸਟਰ ਹੋਏ। ਇਸ ਤੋਂ ਇਲਾਵਾ ਸਵੈ-ਰੋਜ਼ਗਾਰ, ਕੌਂਸਲਿੰਗ, ਵਿਦੇਸ਼ਾਂ ਵਿੱਚ ਨੌਕਰੀ ਤੇ ਪੜ੍ਹਾਈ ਅਤੇ ਸਥਾਨਕ ਸਰਵਿਸ ਪ੍ਰੋਵਾਈਡਰ (ਪਲੰਬਰ, ਡਰਾਇਵਰ, ਮਾਲੀ, ਇਲੈਕਟ੍ਰੀਸ਼ਨ ਅਤੇ ਮੇਡ (ਘਰ ਕੰਮ ਕਰਨ ਵਾਲੀਆਂ)) ਆਦਿ ਮੌਡਿਊਲੀ ਵੀ ਵਿਕਸਿਤ ਕੀਤੇ ਜਾ ਰਹੇ ਹਨ।
ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਰੋਜ਼ਗਾਰ ਦੇ ਮੌਕਿਆਂ ਪ੍ਰਤੀ ਵੱਧ ਤੋਂ ਵੱਧ ਚੇਨਤਾ ਫੈਲਾਉਣ ਲਈ ਸ਼ੋਸ਼ਲ ਮੀਡੀਆ ਦਾ ਵੀ ਭਰਪੂਰ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਯੂਟਿਊਬ, ਫੇਸ ਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਉੱਤੇ 143 ਵੀਡੀਓ ਤੇ ਤਸ਼ਵੀਰਾਂ ਸ਼ੇਅਰ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮਤਾ ਬਿਊਰੋ ਰਾਹੀਂ ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਸ਼ੋਸ਼ਲ ਮੀਡੀਆ ਉੱਤੇ ਆਪਣੀ ਮੌਜੂਦਗੀ ਭਰਵੇਂ ਢੰਗ ਨਾਲ ਦਰਜ ਕਰਵਾ ਰਿਹਾ ਹੈ।
ਉਹਨਾਂ ਹੋਰ ਜਾਣਕਾਰੀ ਦਿੱਤੀ ਕਿ ਰੋਜ਼ਗਾਰ ਲਈ ਨੌਜਵਾਨਾਂ ਨੂੰ ਕੋਚਿੰਗ/ਸਿਖਲਾਈ ਦੇਣ ਹਿੱਤ 9 ਏਜੰਸੀਆਂ ਨੂੰ ਸੂਚੀਬੱਧ ਕੀਤਾ ਗਿਆ ਸੀ ਜਿਹਨਾਂ ਵਿੱਚੋਂ 7 ਏਜੰਸੀਆਂ ਨਿੱਜੀ ਖੇਤਰ ਅਤੇ 2 ਏਜੰਸੀਆਂ ਸਰਕਾਰੀ ਖੇਤਰ ਦੀਆਂ ਨੌਕਰੀਆਂ ਵਾਸਤੇ ਸੂਚੀਬੱਧ ਕੀਤੀਆਂ ਗਈਆਂ ਸਨ। ਪਰ, ਕੋਵਿਡ-19 ਕਾਰਨ ਕਲਾਸਾਂ ਮੁਲਤਵੀ ਕਰਨੀਆਂ ਪਈਆਂ ਅਤੇ ਉਮੀਦਵਾਰਾਂ ਦੇ ਭਵਿੱਖ ਨੂੰ ਵੇਖਦੇ ਹੋਏ ਕੇਂਦਰੀ/ਸੂਬਾ ਸਰਕਾਰਾਂ ਦੀਆਂ ਨੌਕਰੀਆਂ ਲਈ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਹਿੱਤ ਆਨਲਾਈਨ ਕੋਚਿੰਗ/ਸਿਖਲਾਈ ਦੇਣ ਵਾਸਤੇ ਟ੍ਰੇਨਿੰਗ ਪਾਰਟਨਰ ਦੀ ਭਾਲ ਜਾਰੀ ਹੈ।

Load More Related Articles
Load More By Nabaz-e-Punjab
Load More In Awareness/Campaigns

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…