Share on Facebook Share on Twitter Share on Google+ Share on Pinterest Share on Linkedin ਏਸੀ ਬੱਸ ਅੱਡੇ ’ਤੇ ਹਨੇਰਾ ਛਾਇਆ, ਕੌਂਸਲਰ ਕੁਲਜੀਤ ਬੇਦੀ ਨੇ ਮੋਮਬੱਤੀਆਂ ਬਾਲ ਕੇ ਕੀਤੀ ਰੋਸ਼ਨੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਕਤੂਬਰ: ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਡਰੀਮ ਪ੍ਰਾਜੈਕਟ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਏਸੀ ਬੱਸ ਅੱਡਾ ਫੇਜ਼-6 ਵਿੱਚ ਦੀਵਾਲੀ ਦੀ ਰਾਤ ਹਨ੍ਹੇਰਾ ਛਾਇਆ ਰਿਹਾ। ਉੱਥੋਂ ਲੰਘ ਰਹੇ ਨਗਰ ਨਿਗਮ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਦੇਖਿਆ ਕਿ ਬੱਸ ਅੱਡਾ ’ਤੇ ਹਨ੍ਹੇਰਾ ਛਾਇਆ ਹੋਇਆ ਹੈ। ਉਹ ਦੁਬਾਰਾ ਦੀਵੇ ਅਤੇ ਮੋਮਬੱਤੀਆਂ ਲੈ ਕੇ ਉੱਥੇ ਆਏ ਅਤੇ ਏਸੀ ਬੱਸ ਅੱਡੇ ਦੇ ਬਾਹਰ ਮੁੱਖ ਗੇਟ ’ਤੇ ਸਥਾਪਿਤ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਘੋੜੇ ’ਤੇ ਸਵਾਰ ਆਲੀਸ਼ਾਨ ਬੁੱਤ ਵਾਲੀ ਥਾਂ ਉੱਤੇ ਦੀਵੇ ਅਤੇ ਮੋਮਬੱਤੀਆਂ ਬਾਲ ਕੇ ਰੋਸ਼ਨੀ ਕੀਤੀ ਗਈ। ਅੱਜ ਦੂਜੇ ਦਿਨ ਸ੍ਰੀ ਬੇਦੀ ਨੇ ਜਿੱਥੇ ਬੁੱਤ ਦੇ ਆਲੇ ਦੁਆਲੇ ਦੀਵੇ ਅਤੇ ਮੋਮਬੱਤੀਆਂ ਜਗਾਈਆਂ ਸਨ, ਉਸ ਥਾਂ ਦੀ ਸਾਫ਼ ਸਫ਼ਾਈ ਕੀਤੀ ਗਈ। ਸ੍ਰੀ ਬੇਦੀ ਨੇ ਲਿਖਤੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਾਲੀ ਪ੍ਰਸ਼ਾਸਨ ਅਤੇ ਸਬੰਧਤ ਵਿਭਾਗ ਦੀ ਕਥਿਤ ਅਣਗਹਿਲੀ ਕਾਰਨ ਹਾਲੇ ਤੱਕ ਏਸੀ ਬੱਸ ਅੱਡੇ ਦੀ ਬਿਜਲੀ ਚਾਲੂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਦੀਵਾਲੀ ਸਿੱਖਾਂ ਦਾ ਮਹੱਤਵ ਪੂਰਨ ਤਿਉਹਾਰ ਹੈ। ਉਂਜ ਵੀ ਇਹ ਬੱਸ ਅੱਡਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਂ ’ਤੇ ਬਣਾਇਆ ਗਿਆ ਹੈ। ਇੱਥੇ ਮੁਹਾਲੀ ਪ੍ਰਸ਼ਾਸਨ ਜਾਂ ਟਰਾਂਸਪੋਰਟ ਵਿਭਾਗ ਨੂੰ ਵਿਸ਼ੇਸ਼ ਰੋਸ਼ਨੀ ਦਾ ਪ੍ਰਬੰਧ ਕਰਨਾ ਚਾਹੀਦਾ ਸੀ। ਕਿਉਂਕਿ ਬੀਤੇ ਕੱਲ੍ਹ ਦੀਵਾਲੀ ਦੇ ਨਾਲ ਨਾਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਦਿਨ ਵੀ ਸੀ। ਉਨ੍ਹਾਂ ਦੱਸਿਆ ਕਿ 27 ਅਕਤੂਬਰ 1670 ਨੂੰ ਬਾਬਾ ਜੀ ਦਾ ਜਨਮ ਦਿਨ ਰਾਜੌਰੀ, ਪੁਣਛ (ਹੁਣ ਜੰਮੂ ਕਸ਼ਮੀਰ ਵਿੱਚ) ਹੋਇਆ ਸੀ।ਮੁਹਾਲੀ ਵਿੱਚ ਬਾਬਾ ਜੀ ਦੀਆਂ ਦੋ ਵਿਲੱਖਣ ਕਿਸਮ ਦੀਆਂ ਯਾਦਗਾਰਾਂ ਹਨ। ਏਸੀ ਬੱਸ ਅੱਡਾ ਅਤੇ ਚੱਪੜਚਿੜੀ ਵਿੱਚ ਜੰਗੀ ਯਾਦਗਾਰ ਬਣਾਈ ਗਈ ਹੈ। ਚੱਪੜਚਿੜੀ ਵਿੱਚ ਬਾਬਾ ਜੀ ਨੇ ਸੂਬਾ ਸਰਹਿੰਦ ਨੂੰ ਮੌਤ ਦੇ ਘਾਟ ਉਤਾਰ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁੱਜ਼ਰ ਕੌਰ ਦੀ ਸ਼ਹਾਦਤ ਦਾ ਬਦਲਾ ਲੈ ਕੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ ਸੀ। ਇੱਥੇ ਇਹ ਦੱਸਣਯੋਗ ਹੈ ਕਿ ਪਿਛਲੀ ਅਕਾਲੀ ਸਰਕਾਰ ਨੇ ਇੱਥੋਂ ਦੇ ਫੇਜ਼-6 ਵਿੱਚ ਵਿਸ਼ਵ ਦਾ ਪਹਿਲਾ ਏਸੀ ਬੱਸ ਅੱਡਾ ਬਣਾਇਆ ਗਿਆ ਸੀ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਇਸ ਸੁਪਨਮਈ ਪ੍ਰਾਜੈਕਟ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਰੱਖਿਆ ਗਿਆ ਸੀ। ਇੰਝ ਹੀ ਨੇੜਲੇ ਪਿੰਡ ਚੱਪੜਚਿੜੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿੱਚ ਚੱਪੜਚਿੜੀ ਜੰਗੀ ਯਾਦਗਾਰ ਅਤੇ 328 ਫੁੱਟ ਉੱਚੀ ਫਤਹਿ ਮੀਨਾਰ ਬਣਾਈ ਗਈ ਸੀ ਪਰ ਕਈ ਸਾਲ ਬੀਤ ਜਾਣ ਦੇ ਬਾਵਜੂਦ ਫਤਹਿ ਮੀਨਾਰ ਨੂੰ ਲਿਫ਼ਟ ਨਹੀਂ ਜੁੜ ਸਕੀ। ਇਨਡੋਰ ਅਤੇ ਓਪਨ ਥੀਏਟਰ ਵਿੱਚ ਵੀ ਕੋਈ ਪ੍ਰੋਗਰਾਮ ਨਹੀਂ ਹੁੰਦਾ ਹੈ। ਇੱਥੇ ਸਾਲ ਵਿੱਚ ਸਿਰਫ਼ ਇਕ ਵਾਰ ਸਰਹਿੰਦ ਫਤਹਿ ਮਾਰਚ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ। ਇੰਝ ਹੀ ਏਸੀ ਬੱਸ ਅੱਡੇ ਹਾਲੇ ਤੱਕ ਪੁਰੀ ਤਰ੍ਹਾਂ ਚਾਲੂ ਨਹੀਂ ਹੋ ਸਕਿਆ ਹੈ। ਜਿਸ ਕਾਰਨ ਇਹ ਆਲੀਸ਼ਾਨ ਇਮਾਰਤ ਸਫ਼ੈਦ ਹਾਥੀ ਨਜ਼ਰ ਆਉਂਦੀ ਹੈ। ਜਦੋਂਕਿ ਇੱਥੋਂ ਦੇ ਫੇਜ਼-8 ਵਿੱਚ ਸਥਿਤ ਪੁਰਾਣਾ ਅੰਤਰਰਾਜ਼ੀ ਬੱਸ ਅੱਡਾ ਗਮਾਡਾ ਨੇ ਬੰਦ ਕਰਵਾ ਦਿੱਤਾ ਹੈ। ਗਮਾਡਾ ਇਸ ਜ਼ਮੀਨ ਨੂੰ ਕਿਸੇ ਹੋਰ ਮੰਤਵ ਲਈ ਵਰਤੋਂ ਵਿੱਚ ਲਿਆਉਣਾ ਚਾਹੁੰਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ